ਸੀਸ ਤਲੀ ‘ਤੇ ਧਰ ਕੇ ਲੜਣ ਵਾਲਾ:- ਸ਼ਹੀਦ ਬਾਬਾ ਦੀਪ ਸਿੰਘ

ਰਮੇਸ਼ ਬੱਗਾ ਚੋਹਲਾ

(ਸਮਾਜ ਵੀਕਲੀ)

(9 ਨਵੰਬਰ ਸ਼ਹੀਦੀ ਦਿਨ)

ਸ਼ਹੀਦ ਉਸ ਕੌਮ ਦਾ ਸਰਮਾਇਆ ਅਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਉਹ ਕੌਮਾਂ ਵੀ ਧੰਨਤਾ ਦੇ ਯੋਗ ਹੁੰਦੀਆਂ ਹਨ, ਜਿਹੜੀਆਂ ਆਪਣੇ ਪੁਰਖਿਆਂ ਦੀਆ ਘਾਲਣਾਵਾਂ ਨੂੰ ਅਕਸਰ ਚਿੱਤਵਦੀਆਂ ਰਹਿੰਦੀਆਂ ਹਨ।ਕਿਸੇ ਸ਼ਾਇਰ ਦਾ ਕਥਨ ਹੈ:- ਉਸ ਕੌਮ ਨੂੰ ਸਮਾਂ ਨਹੀਂ ਮੁਆਫ ਕਰਦਾ ,ਜਿਹੜੀ ਮੁੱਲ ਨਾ ਤਾਰੇ ਕੁਰਬਾਨੀਆਂ ਦਾ। . ਸ਼ਹੀਦ ਅਤੇ ਸ਼ਹਾਦਤ ਅਰਬੀ ਜ਼ਬਾਨ ਦੇ ਸ਼ਬਦ ਹਨ। ਸ਼ਹਾਦਤ ਦਾ ਸ਼ਬਦੀ ਅਰਥ ਗਵਾਹੀ ਦੇਣੀ ਜਾਂ ਸਾਖੀ ਭਰਨੀ ਹੁੰਦਾ ਹੈ। ਇਸ ਤਰ੍ਹਾਂ ਸ਼ਹੀਦ ਕਿਸੇ ਕੌਮ ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਦੇ ਸਦੀਵੀ ਅਤੇ ਸੱਚੇ ਗਵਾਹ ਹੁੰਦੇ ਹਨ।

ਦੀਨ ਦੁਖੀਆਂ ਦੀ ਰਖਵਾਲੀ, ਸਤਿ ਧਰਮ ਤੇ ਮਨੁੱਖਤਾ ਦੀ ਖਾਤਰ ਸਮੇਂ-ਸਮੇਂ ਦੇਸ਼ ਕੌਮ ਅਤੇ ਸਮਾਜ ਉਪਰ ਆਏ ਸੰਕਟਾਂ ਦਾ ਖਿੱੜੇ ਮੱਥੇ ਸਵਾਗਤ ਕਰਨਾ,ਇਨ੍ਹਾਂ ਸੰਕਟਾਂ ਦਾ ਡੱਟ ਕੇ ਮੁਕਾਬਲਾ ਕਰਨਾ,ਇਸ ਮੁਕਾਬਲੇ ਨੂੰ ਕਿਸੇ ਨਿਰਣਾਇਕ ਮੌੜ ਤੇ ਲੈ ਜਾਣ ਤੱਕ ਆਪਣੇ ਕਦਮ ਪਿਛਾਂਹ ਨਾ ਪੁੱਟਣੇ ਅਤੇ ਆਪਣੇ ਮਨੋਰਥ ਦੀ ਸਿੱਧੀ ਲਈ ਆਪਾ ਤੱਕ ਵਾਰ ਦੇਣਾ ਹੀ ਸ਼ਹੀਦਾਂ ਦੀ ਪਹਿਚਾਣ ਹੁੰਦੀ ਹੈ ।ਇਹ ਪਹਿਚਾਣ ਮੌਤ ਦੀਆ ਵਾਦੀਆਂ ਵਿੱਚੋ ਲੰਘ ਕੇ ਹੀ ਕਰਵਾਈ ਜਾ ਸਕਦੀ ਹੈ। ਕਿਉਂਕਿ :- ਸੂਰਾ ਸੋ ਪਹਿਚਾਨੀਐ ਜੂ ਲਰੇ ਦੀਨ ਕੇ ਹੇਤ ॥ ਪੁਰਜਾ ਪੁਰਜਾ ਕਟਿ ਮਰੇ ਕਬਹੁ ਨ ਛਾਡੈ ਖੇਤ ॥ ਇਸ ਤਰ੍ਹਾਂ ਸ਼ਹੀਦ ਦੀ ਆਤਮਾ ਨਿਰਮਲ ਅਤੇ ਉਦੇਸ਼ ਸ਼ਪਸ਼ਟ ਹੁੰਦਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ਇਸ ਤਰ੍ਹਾਂ ਤਸਦੀਕ ਕਰਦੇ ਹਨ:- ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ।

ਸ਼ਹੀਦ ਫੌਲਾਦੀ ਇਰਾਦੇ ਦਾ ਮਾਲਕ ਹੁੰਦਾ ਹੈ,ਜਿਸ ਦੇ ਵਿਚਾਰਾਂ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਦੇ ਇਰਾਦੇ ਅਤੇ ਵਿਚਾਰਾਂ ਦੀ ਮਲਕੀਅਤ ਰੱਖਣ ਵਾਲੇ ਸਨ ਬਾਬਾ ਦੀਪ ਸਿੰਘ ਜੀ ਸ਼ਹੀਦ । . ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ. ਨੂੰ ਅੰਮ੍ਰਿਤਸਰ ਜ਼ਿਲ੍ਹੇ (ਹੁਣ ਤਰਨ ਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿਖੇ ਰਹਿਣ ਵਾਲੇ ਇਕ ਸਧਾਰਨ ਪਰਿਵਾਰ ਭਾਈ ਭਗਤੂ ਅਤੇ ਮਾਤਾ ਜਿਊਣੀ ਦੇ ਘਰ ਹੋਇਆ।ਆਮ ਬਾਲਕਾਂ ਵਾਂਗ ਬਾਬਾ ਜੀ ਦੇ ਬਚਪਨ ਦਾ ਨਾਮ ਵੀ ਦੀਪਾ ਰੱਖਿਆ ਗਿਆ।ਜਦੋਂ ਦੀਪੇ ਦੀ ਉਮਰ 18 ਸਾਲ ਦੀ ਹੋਈ ਤਾਂ ਉਹ ਆਪਣੇ ਮਾਤਾ-ਪਿਤਾ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਿਆ। ਕੁੱਝ ਦਿਨ ਰਹਿ ਕੇ ਦੀਪੇ ਦੇ ਮਾਤਾ-ਪਿਤਾ ਤਾਂ ਵਾਪਸ ਪਿੰਡ ਪਹੂਵਿੰਡ ਆ ਗਏ ਪਰ ਦੀਪਾ ਇੱਥੇ ਹੀ ਰਹਿ ਪਿਆ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਦੀਪੇ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੋੜ ਆ ਗਿਆ ਅਤੇ ਉਹ ਦੀਪੇ ਤੋ ਦੀਪ ਸਿੰਘ ਬਣ ਗਿਆ ।

ਸ੍ਰੀ ਅਨੰਦਪੁਰ ਸਾਹਿਬ ਰਹਿ ਕੇ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕਰ ਲਈ।20-22 ਸਾਲ ਦੀ ਉਮਰ ਤੱਕ ਦੀਪ ਸਿੰਘ ਨੇ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕਰ ਲਿਆ ਉੱਥੇ ਉਹ ਇੱਕ ਨਿਪੁੰਨ ਸਿਪਾਹੀ ਵੀ ਬਣ ਗਿਆ।ਕੁੱਝ ਸਮੇਂ ਬਾਅਦ ਦੀਪ ਸਿੰਘ ਆਪਣੇ ਪਿੰਡ ਪਹੂਵਿੰਡ ਆ ਗਿਆ।ਪਿੰਡ ਆ ਕੇ ਉਸ ਨੇ ਆਸ-ਪਾਸ ਦੇ ਇਲਾਕੇ ਵਿਚ ਧਰਮ ਪ੍ਰਚਾਰ ਦੇ ਕਾਰਜ ਨੂੰ ਬੜੀ ਹੀ ਲਗਨ ਅਤੇ ਸ਼ਰਧਾ-ਭਾਵਨਾ ਨਾਲ ਕਰਨਾ ਆਰੰਭ ਕਰ ਦਿੱਤਾ,ਜਿਸ ਦਾ ਨੌਜਵਾਨ ਤਬਕੇ ‘ਤੇ ਬਹੁਤ ਹੀ ਸਾਰਥਿਕ ਅਤੇ ਸੁਚੱਜਾ ਪ੍ਰਭਾਵ ਪੈਣ ਲੱਗਾ।

ਜਦੋਂ ਦਸਵੇਂ ਪਾਤਸ਼ਾਹ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਉਨ੍ਹਾਂ ਨੇ ਭਾਈ ਮਨੀ ਸਿੰਘ ਜੀ ਦੇ ਨਾਲ-ਨਾਲ ਬਾਬਾ ਦੀਪ ਸਿੰਘ ਦਾ ਵੀ ਭਰਪੂਰ ਸਹਿਯੋਗ ਲਿਆ।ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ।ਬਾਬਾ ਦੀਪ ਸਿੰਘ ਨੇ ਸ੍ਰੀ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕਰਕੇ ਚਾਰੇ ਤਖਤਾਂ ਨੂੰ ਭੇਜੇ।ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਗੋਬਿੰਦ ਜੀ ਨੇ ਸ੍ਰੀ ਦਮਦਮਾ ਸਾਹਿਬ ਦੀ ਸੇਵਾ–ਸੰਭਾਲ ਦੀ ਜ਼ਿੰਮੇਵਾਰੀ ਪੂਰਨ ਰੂਪ ਵਿੱਚ ਬਾਬਾ ਜੀ ਨੂੰ ਸੌਂਪ ਦਿੱਤੀ।ਇਸ ਜ਼ਿੰਮੇਵਾਰੀ ਨੂੰ ਬਾਬਾ ਦੀਪ ਸਿੰਘ ਨੇ ਬੜੀ ਹੀ ਤਨਦੇਹੀ ਅਤੇ ਸਿਦਕਦਿਲੀ ਨਾਲ ਨਿਭਾਇਆ।

1709 ਈ: ਵਿੱਚ ਜਦੋਂ ਬੰਦਾ ਸਿੰਘ ਬਹਾਦਰ ਵੱਲੋਂ ਜ਼ਾਲਮਾਂ ਵੱਲੋਂ ਕੀਤੀਆਂ ਗਈਆਂ ਧੱਕੇਸ਼ਾਹੀਆਂ ਦਾ ਹਿਸਾਬ ਚੁੱਕਤਾ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫੌਜ ਨਾਲ ਲੈ ਕੇ ਉਨ੍ਹਾਂ ਦਾ ਡੱਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ।ਬਾਬਾ ਜੀ ਵੱਲੋਂ ਇਸ ਜੰਗ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਕਾਰਨ ਹੀ ਉਨ੍ਹਾਂ ਨੂੰ ਜਿੰਦਾ ਸ਼ਹੀਦ ਦੇ ਖਿਤਾਬ ਨਾਲ ਨਿਵਾਜ਼ਿਆ ਜਾਂਦਾ ਹੈ।ਬਾਬਾ ਦੀਪ ਸਿੰਘ ਜੀ ਸ਼ਹੀਦੀ ਮਿਸਲ ਦੇ ਜੱਥੇਦਾਰ ਵੀ ਸਨ। . ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ ਤੇ ਕਈ ਹਮਲੇ ਕੀਤੇ।ਇਨ੍ਹਾਂ ਹਮਲਿਆਂ ਦੌਰਾਨ ਉਸ ਦੀਆਂ ਫੌਜਾਂ ਦਾ ਰਾਹ ਰੋਕਣ ਵਾਲੇ ਸਿੱਖਾਂ ਤੋਂ ਉੇਹ ਬਹੁਤ ਪ੍ਰੇਸ਼ਾਨ ਅਤੇ ਦੁਖੀ ਸੀ।

ਆਪਣੀ ਪ੍ਰੇਸ਼ਾਨੀ ਅਤੇ ਦੁੱਖ ਨੂੰ ਘੱਟ ਕਰਨ ਭਾਵ ਸਿੱਖੀ ਦਾ ਖੁਰਾ ਖੋਜ ਮਿਟਾੳੇਣ ਲਈ ੳੇੁਸ ਨੇ ਆਪਣੇ ਪੁੱਤਰ ਤੈਮੁਰ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ ਅਤੇ ੳੇੁਸ ਦੇ ਸਹਿਯੋਗ ਲਈ ਇੱਕ ਜਾਲਮ ਸੁਭਾਅ ਤੇ ਸੈਨਾਪਤੀ ਜਹਾਨ ਖਾਂ ਦੀ ਨਿਯੁਕਤੀ ਕਰ ਦਿੱਤੀ। . ਜਹਾਨ ਖਾਂ ਨੂੰ ਕਿਸੇ ਨੇ ਦੱਸਿਆ ਕਿ ਜਦ ਤੱਕ ਅੰਮ੍ਰਿਤਸਰ ਵਿੱਚ ਪਵਿੱਤਰ ਸਰੋਵਰ ਅਤੇ ਸ੍ਰੀ ਦਰਬਾਰ ਸਾਹਿਬ ਦੀ ਹੋਂਦ ਕਾਇਮ ਹੈ,ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕਿੳਂੁਕਿ ਇਨ੍ਹਾਂ ਦੋਹਾਂ ਸੋਮਿਆ ਤੋਂ ਉਨ੍ਹਾਂ ਨੂੰ ਨਵਾਂ ਜੀਵਨ ਅਤੇ ਉਤਸ਼ਾਹ ਮਿਲਦਾ ਹੈ।1760 ਈ. ਵਿੱਚ ਜਹਾਨ ਖਾਂ ਨੇ ਅੰਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਲਿਆ। ਇਸ ਮੁਕਾਮ ਦੌਰਾਨ ਉਸ ਨੇ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਪਵਿੱਤਰ ਸਰੋਵਰ ਨੂੰ ਪੂਰ ਦਿੱਤਾ। . ਜਦੋਂ ਜਹਾਨ ਖਾਂ ਦੀ ਇਸ ਵਧੀਕੀ ਦੀ ਖ਼ਬਰ ਜਥੇਦਾਰ ਭਾਗ ਸਿੰਘ ਨੇ ਤਲਵੰਡੀ ਸਾਬੋ ਵਿਖੇ ਆ ਕਾ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਦਾ ਖ਼ੂਨ ਉਬਾਲੇ ਖਾਣ ਲੱਗਾ। ਅਰਦਾਸਾ ਸੋਧ ਕੇ ਬਾਬਾ ਜੀ ਨੇ 18 ਸੇਰ ਦਾ ਖੰਡਾ ਉਠਾ ਲਿਆ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ।

ਦਮਦਮਾ ਸਾਹਿਬ ਤੋਂ ਚੱਲਣ ਸਮੇਂ ਉਨ੍ਹਾਂ ਨਾਲ ਕੁਝ ਗਿਣਤੀ ਦੇ ਹੀ ਸਿੰਘ ਸਨ ਪਰ ਰਸਤੇ ਵਿੱਚ ਜੱਥੇਦਾਰ ਗੁਰਬਖਸ਼ ਸਿੰਘ ਆਨੰਦਪੁਰੀ ਵੀ ਆ ਰਲਿਆ।ਚੱਲਦਿਆਂ-ਚਲਦਿਆਂ ਕਾਫ਼ਲਾ ਵੱਧਦਾ ਗਿਆ।ਬਾਬਾ ਜੀ ਨੇ ਇਸ ਢੰਗ ਨਾਲ ਵੰਗਾਰਿਆ ਕਿ ਤਰਨਤਾਰਨ ਤੱਕ ਪਹੁੰਚ ਕੇ ਲਾੜੀ ਮੌਤ ਨੂੰ ਵਰਨ ਜਾ ਰਹੇ ਸਿੰਘਾਂ ਦੀ ਗਿਣਤੀ ਸੈਕੜਿਆਂ ਤੋਂ ਹਜਾਰਾਂ ਤੱਕ ਪਹੁੰਚ ਗਈ।ਇੱਥੇ ਆ ਕੇ ਬਾਬਾ ਜੀ ਨੇ ਆਪਣੇ ਖੰਡੇ ਨਾਲ ਇੱਕ ਲਕੀਰ ਵਾਹ iੱਦਤੀ ਤੇ ਕਿਹਾ ਕਿ “ਜਿਸ ਨੂੰ ਪੇ੍ਰਮ ਦੀ ਖੇਡ ਖੇਡਣ ਦਾ ਚਾਅ ਹੈ ਉਹ ਟੱਪ ਜਾਵੇ ਅਤੇ ਜਿਸ ਨੂੰ ਮੌਤ ਤੋਂ ਡਰ ਲੱਗਦਾ ਹੈ ਉਹ ਪਿਛਾਂਹ ਹੱਟ ਜਾਵੇ”।ਪਰ ਜਿਹੜਾ ਵੀ ਕਾਫ਼ਲਾ ਹੁਣ ਤੱਕ ਬਾਬਾ ਜੀ ਨਾਲ ਜੁੜ ਚੁੱਕਿਆ ਸੀ ਉਹ ਸਾਰਾ ਹੀ ਸ਼ਹੀਦੀਆਂ ਦਾ ਚਾਅ ਲੈ ਕੇ ਆਇਆ ਸੀ। ਇਸ ਕਰਕੇ ਸਾਰਾ ਕਾਫ਼ਲਾ ਹੀ ਲਕੀਰ ਪਾਰ ਕਰ ਗਿਆ ਅਤੇ ਬਾਬਾ ਜੀ ਨੇ ਖ਼ੁਸ਼ੀ ਵਿੱਚ ਜੈਕਾਰਾ ਛੱਡ ਦਿੱਤਾ।

ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੇ ਕਾਫ਼ਲੇ ਦੀ ਅੰਮ੍ਰਿਤਸਰ ਵੱਲ ਆਉਣ ਦੀ ਖ਼ਬਰ ਮਿਲੀ ਤਾਂ ਉਸ ਨੇ ਆਪਣੇ ਇੱਕ ਜਰਨੈਲ ਅਤਈ ਖਾਂ ਦੀ ਅਗਵਾਈ ਵਿੱਚ ਇੱਕ ਵੱਡੀ ਫ਼ੌਜ ਸਿੰਘਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ।ਗੋਹਲਵੜ ਨੇ ਸਥਾਨ ‘ਤੇ ਲਹੂ ਡੋਲਵੀਂ ਲੜਾਈ ਹੋਈ।ਸਿੰਘਾਂ ਦੇ ਜੈਕਾਰਿਆਂ ਅਤੇ ਲਲਕਾਰਿਆਂ ਨਾਲ ਅਫ਼ਗਾਨੀ ਫ਼ੌਜਾਂ ਦੇ ਹੌਂਸਲੇ ਪਸਤ ਹੋਣ ਲੱਗੇ ਅਤੇ ਉਹ ਪਿਛਲਖ਼ੁਰੀ ਹੋਣ ਲੱਗੀਆਂ । ਇਸ ਸਮੇਂ ਦੌਰਾਨ ਯਕੂਬ ਖਾਂ ਅਤੇ ਸਾਬਕ ਅਲੀ ਖਾਂ ਵੀ ਬਾਬਾ ਦੀਪ ਸਿੰਘ ਜੀ ਨਾਲ ਮੁਕਾਬਲੇ ‘ਤੇ ਆ ਗਏ।ਯਕੂਬ ਖਾਂ ਅਤੇ ਬਾਬਾ ਜੀ ਵਿਚਲੇ ਫਸਵੀਂ ਟੱਕਰ ਹੋਈ ਪਰ ਯਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਝੱਲ ਸਕਿਆ।ਯਕੂਬ ਖਾਂ ਨੂੰ ਢੇਰੀ ਹੁੰਦਿਆਂ ਦੇਖ ਕੇ ਇੱਕ ਹੋਰ ਅਫ਼ਗਾਨੀ ਜਵਾਨ ਅਸਮਾਨ ਖਾਂ ਵੀ ਮੈਦਾਨ-ਏ-ਜੰਗ ਵਿਚ ਆ ਨਿੱਤਰਿਆ।

ਦੋਹਾਂ ਦੇ ਸਾਂਝੇ ਵਾਰ ਨਾਲ ਬਾਬਾ ਜੀ ਦਾ ਸੀਸ ਧੜ ਨਾਲੋਂ ਵੱਖ ਹੋ ਗਿਆ।ਨਾਲ ਦੇ ਇੱਕ ਸਿੰਘ ਨੇ ਜਦੋਂ ਬਾਬਾ ਦੀਪ ਸਿੰਘ ਨੂੰ ਅਰਦਾਸ ਸਮੇਂ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਉਹ ਕੱਟੇ ਹੋਏ ਸੀਸ ਨੂੰ ਆਪਣੇ ਖੱਬੇ ਹੱਥ ਦਾ ਆਸਰਾ ਦੇ ਕੇ ਸੱਜੇ ਹੱਥ ਵਿਚ ਫੜੇ ਹੋਏ ਖੰਡੇ ਨਾਲ ਦੁਸ਼ਮਣਾਂ ਦੇ ਆਹੂ ਲਾਹੁਣ ਲੱਗ ਪਏ।ਆਪਣੇ ਕੀਤੇ ਹੋਏ ਪ੍ਰਣ ਨੂੰ ਨਿਭਾਅ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਭੇਟ ਕਰ ਦਿੱਤਾ ਅਤੇ 11 ਨਵੰਬਰ 1760 ਈ. ਨੂੰ ਸ਼ਹਾਦਤ ਦਾ ਜਾਮ ਪੀ ਗਏ।

ਰਮੇਸ਼ ਬੱਗਾ ਚੋਹਲਾ 

#1348/17/1 ਗਲੀ ਨੰ.8 ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)

ਮੋਬ:09463132719

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੈਸਟ
Next articlePriyanka to embark on padyatra in Lucknow