(ਸਮਾਜ ਵੀਕਲੀ)
ਪਿਆਸ ਬੁੱਝ ਗਈ ਕਰਕੇ ਤੇਰਾ ਦੀਦਾਰ ਮਹਿਰਮਾਂ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ ਤਿਉਹਾਰ ਮਹਿਰਮਾਂ ਵੇ।
ਤੇਰੇ ਨਾਲ ਦੀਵਾਲੀ , ਲੋਹੜੀ , ਈਦ ਹੁੰਦੀ ਏ ਮੇਰੀ।
ਸਾਈ ਘੜੀ ਸੁਲੱਖਣੀ ਯਾਰਾ ਦੀਦ ਹੁੰਦੀ ਜਦ ਤੇਰੀ।
ਮੈ ਪਲ ਪਲ ਜਾਵਾਂ ਤੇਰੇ ਤੋ ਬਲਿਹਾਰ ਮਹਿਰਮਾ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ——————
ਨਿੱਤ ਹੀ ਕਰਵਾ ਚੌਥ ਮਨਾਵਾ ਮੰਗਾਂ ਰੋਜ਼ ਦੁਆਵਾਂ।
ਨਜ਼ਰ ਮਿਹਰ ਦੀ ਮੌਲਾ ਰੱਖੇ ਹੋਵਣ ਦੂਰ ਬਲਾਵਾਂ।
ਵਸਦਾ ਏ ਤੇਰੇ ਨਾਲ ਮੇਰਾ ਸੰਸਾਰ ਮਹਿਰਮਾ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ—————–
ਹੋਲੀ ਵਾਲੇ ਰੰਗ ਭਰ ਦਿੱਤੇ ਤੂੰ ਜਿੰਦਗ਼ੀ ਵਿੱਚ ਮੇਰੇ।
ਲਾਲ ਗੁਲਾਬੀ ਪੀਲੇ ਨੀਲੇ ਪਰਪਲ ਹਰੇ ਸੁਨਹਿਰੇ।
ਕੀਤੀ ਰੰਗ ਮੁੱਹਬਤ ਵਾਲੀ ਖੂਬ ਬੌਛਾਰ ਮਹਿਰਮਾ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ——————-
ਤੂੰ ਆਇਆ ਪ੍ਰਦੇਸੋ ਵੇ ਮੇਰਾ ਧਰਤੀ ਪੈਰ ਨਾ ਲੱਗੇ।
ਵਾਂਗ ਭੰਬੀਰੀ ਫਿਰਾਂ ਮੈ ਘੁੰਮਦੀ ਤੇਰੇ ਪਿੱਛੇ ਅੱਗੇ।
ਦੇਸੀ ਘਿਓ ਦੇ ਦੀਪ ਜਲਾਵਾਂ ਦੁਆਰ ਮਹਿਰਮਾ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ——————
ਸੁੱਖਾਂ ਸੁੱਖਦੀ ਨੂੰ ਸੱਜਣਾ ਹੈ ਘੜੀ ਮਿਲਣ ਦੀ ਆਈ।
ਆਂਢ ਗੁਆਂਢੋਂ ਸਖੀਆਂ ਮੈਨੂੰ ਆ ਕੇ ਦੇਣ ਵਧਾਈ।
ਸੁੱਕੇ ਬਾਗਾਂ ਵਿੱਚ ਛਾ ਗਈ ਬਹਾਰ ਮਹਿਰਮਾ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ——————
ਹੁਣ ਨਾ ਕਿਧਰੇ ਜਾਵੀ ਯਾਰਾ ਛੱਡਕੇ ਮੈਨੂੰ ਕੱਲੀ।
ਪੀੜ ਵਿਛੋੜੇ ਵਾਲੀ ਮੈਥੋਂ ਹੋਰ ਨਾ ਜਾਣੀ ਝੱਲੀ।
“ਸੁੱਖ” ਨੂੰ ਦੇਵੀਂ ਰੂਹਾਂ ਵਾਲਾ ਪਿਆਰ ਮਹਿਰਮਾ ਵੇ।
ਹੁਣ ਨਿੱਤ ਮਨਾਊਂ ਖੁਸ਼ੀਆਂ ਦੇ ਤਿਉਹਾਰ ਮਹਿਰਮਾ ਵੇ।
ਸੁਖਚੈਨ ਸਿੰਘ ਚੰਦ ਨਵਾਂ
9914973876
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly