ਰੰਗਾਂ ਦੀ ਮਹਿਫ਼ਲ

ਸਤਨਾਮ ਕੌਰ ਤੁਗਲਵਾਲਾ

(ਸਮਾਜ ਵੀਕਲੀ)

ਰੰਗਾਂ ਦੀ ਏ ਮਹਿਫਲ ਸੱਜੀ,
ਆਲਮ ਕੁੱਝ ਰਮਣੀਕ ਜਿਹਾ ਏ।
ਢਲਦੀ ਸ਼ਾਮ, ਤਸਵੁੱਰ ਤੇਰਾ,
ਮੌਸਮ ਵੀ ਰੰਗੀਨ ਜਿਹਾ ਏ।
ਮਿੱਠਾ ਜਿਹਾ ਕੋਈ ਲੋਰ ਏ ਚੜਿਆ,
ਜੋਗੀਆਂ ਵਾਲੀ ਬੀਨ ਜਿਹਾ ਏ।
ਦਿਲ ਦੇ ਵਿੱਚ ਸ਼ਰਾਰੇ ਦੱਬੇ,
ਅੱਖੀ ਕੁੱਝ ਨਮਕੀਨ ਜਿਹਾ ਏ।
ਅੱਲੜ ਚਾਵਾਂ ਕਿੱਕਲੀ ਪਾਈ,
ਖਾਬ ਕੋਈ ਹੁਸੀਨ ਜਿਹਾ ਏ।
ਹਾਸਾ ਤੇਰਾ ਨਿਰਾ ਪਤਾਸਾ,
ਰੋਸਾ ਜਹਿਰ ਕੁਨੀਨ ਜਿਹਾ ਏ।
ਤੇਰੀਆਂ ਈ ਪੈੜਾਂ ਨੱਪਦਾ ਰਹਿੰਦਾ,
ਬਾਵਰਾ ਦਿਲ ਸ਼ੁਕੀਨ ਜਿਹਾ ਏ।
ਕੋਹਰੇ ਵਾਂਗ ਏ ਵਲਗਣ ਪਾਈ,
ਹਿਜ਼ਰ ਸਾਥੀ ਹਾਜ਼ਰੀਨ ਜਿਹਾ ਏ।
ਰਾਤਾਂ ਦਾ ਚੈਨ ਖੋਹ ਕੇ ਲੈ ਗਿਆ,
ਮਸਲਾ ਕੁੱਝ ਸੰਗੀਨ ਜਿਹਾ ਏ।
ਅੱਧ ਉਨੀਂਦਾ, ਜਾ ਏ ਜਾਗੋ ਮੀਟੀ ,
ਅੰਦਰ ਕੀ ਗਮਗੀਨ ਜਿਹਾ ਏ।
ਉੱਡਦੇ ਪੰਛੀ,ਵਹਿੰਦਾ ਪਾਣੀ,
ਦਿਲ ਵਿੱਚ ਕੁੱਝ ਤਸਕੀਨ ਜਿਹਾ ਏ।

ਸਤਨਾਮ ਕੌਰ ਤੁਗਲਵਾਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦ ਮੈਨੂੰ ਨਵੀਂ ਨਵੇਲੀ ਨੂੰ
Next articleਨਿਰਮੋਹੇ