ਫ਼ਿਰੋਜ਼ਪੁਰ (ਸਮਾਜ ਵੀਕਲੀ) : ਇਥੋਂ ਦੇ ਨਜ਼ਦੀਕੀ ਪਿੰਡ ਕੋਟ ਕਰੋੜ ਕਲਾਂ ਵਿਚ ਰਾਸ਼ਟਰੀ ਰਾਜ ਮਾਰਗ ’ਤੇ ਸੜਕ ਹਾਦਸੇ ਵਿਚ ਫੌਜੀ ਜਵਾਨ ਦੀ ਪੰਜ ਸਾਲਾ ਧੀ ਉਸ ਦੀਆਂ ਅੱਖਾਂ ਸਾਹਮਣੇ ਕਾਰ ਵਿਚ ਝੁਲਸ ਕੇ ਦਮ ਤੋੜ ਗਈ। ਐਤਵਾਰ ਸ਼ਾਮ ਸੱਤ ਵਜੇ ਦੇ ਕਰੀਬ ਵਾਪਰੀ ਇਸ ਘਟਨਾ ਵੇਲੇ ਉਸ ਦੀ ਪਤਨੀ ਤੇ ਤਿੰਨ ਬੱਚੇ ਵੀ ਮੌਕੇ ’ਤੇ ਮੌਜੂਦ ਸਨ। ਵੇਰਵਿਆਂ ਮੁਤਾਬਕ ਫ਼ਰੀਦਕੋਟ ਦੇ ਪਿੰਡ ਕਲੇਰ ਨਿਵਾਸੀ ਗੁਰਜੀਤ ਸਿੰਘ, ਜੋ ਫੌਜ ਵਿਚ ਨੌਕਰੀ ਕਰਦਾ ਹੈ, ਹੁਣ ਛੁੱਟੀ ’ਤੇ ਆਇਆ ਹੋਇਆ ਹੈ, ਐਤਵਾਰ ਨੂੰ ਆਪਣੀ ਪਤਨੀ, ਤਿੰਨ ਬੇਟੀਆਂ ਤੇ ਬੇਟੇ ਨਾਲ ਸ਼ਾਮ ਦੇ ਵਕਤ ਧਰਮਕੋਟ ਤੋਂ ਵਾਪਸ ਆਪਣੇ ਪਿੰਡ ਜਾ ਰਿਹਾ ਸੀ। ਇਹ ਸਾਰੇ ਸਵਿਫ਼ਟ ਕਾਰ ਪੀਬੀ19ਏ-6969 ਵਿਚ ਸਵਾਰ ਸਨ।
ਪਿੰਡ ਕੋਟ ਕਰੋੜ ਕਲਾਂ ਦੇ ਨਜ਼ਦੀਕ ਜਦੋਂ ਕਾਰ ਪਹੁੰਚੀ ਤਾਂ ਅਚਾਨਕ ਉਸ ਵਿਚ ਕੋਈ ਨੁਕਸ ਪੈ ਗਿਆ। ਗੁਰਜੀਤ ਕਾਰ ਨੂੰ ਸੜਕ ਕਿਨਾਰੇ ਖੜ੍ਹੀ ਕਰਕੇ ਉਸ ਦਾ ਇੰਜਣ ਜਾਂਚ ਰਿਹਾ ਸੀ ਤਾਂ ਅਚਾਨਕ ਕਾਰ ਨੂੰ ਅੱਗ ਲੱਗ ਗਈ। ਪਿਛਲੀ ਸੀਟ ’ਤੇ ਬੈਠੀ ਗੁਰਜੀਤ ਦੀ ਪਤਨੀ ਨੇ ਆਪਣੀਆਂ ਦੋ ਧੀਆਂ ਤੇ ਪੁੱਤਰ ਨੂੰ ਤਾਂ ਕਾਰ ਵਿਚੋਂ ਬਾਹਰ ਕੱਢ ਲਿਆ ਪਰ ਇਸ ਦੌਰਾਨ ਕਾਰ ਦੀਆਂ ਸਾਰੀਆਂ ਬਾਰੀਆਂ ਲੌਕ ਹੋਣ ਕਾਰਨ ਕਾਰ ਦੀ ਅਗਲੀ ਸੀਟ ’ਤੇ ਬੈਠੀ ਉਸ ਦੀ ਪੰਜ ਸਾਲਾ ਧੀ ਤਨਵੀਰ ਉਰਫ਼ ਤਨੂੰ ਅੱਗ ਦੀ ਲਪੇਟ ਵਿਚ ਆ ਗਈ। ਲੰਘ ਰਹੇ ਲੋਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਥਾਣਾ ਤਲਵੰਡੀ ਭਾਈ ਦੀ ਪੁਲੀਸ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ ਹੈ।