ਜਲੰਧਰ, ਫਿਲੌਰ, ਗੋਰਾਇਆ, ਅੱਪਰਾ (ਜੱਸੀ) (ਸਮਾਜ ਵੀਕਲੀ)- ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਆਗੂ ਸੁਖਦੀਪ ਅੱਪਰਾ ਨੇ ਆਖਿਆ ਕਿ ਪਿੱਛਲੇ ਦਿਨੀ ਕਾਂਗਰਸ, ਅਕਾਲੀ, ਬਸਪਾ ਅਤੇ ਭਾਜਪਾ ਆਦਿ ਪਾਰਟੀਆਂ ਦੇ ਨੇਤਾਵਾਂ ਨੂੰ ਇਕੱਠੇ ਕਰਕੇ ਇਹ ਅਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਜੰਗ-ਏ ਅਜ਼ਾਦੀ ਯਾਦਗਾਰ ਬਣਾਉਣ ਵੇਲੇ ਹੋਏ ਕਰੋੜਾ ਅਰਬਾਂ ਰੁਪਏ ਦੇ ਕਥਿਤ ਘੱਪਲੇ ਦੀ ਜਾਂਚ ਵਿੱਚ ਇਕ ਅਦਾਰੇ ਦੇ ਮੁੱਖੀ ਨੂੰ ਵਿਜੀਲੈਂਸ ਵਲੋਂ ਕਿਉਂ ਬੁਲਾਇਆ ਜਾ ਰਿਹਾ ਹੈ ਜਦੋਂ ਕਿ ਅਸਲ ਸਚਾਈ ਇਹ ਹੈ ਕਿ ਜੰਗ-ਏ ਅਜ਼ਾਦੀ ਯਾਦਗਾਰ ਬਣਾਉਣ ਵਿੱਚ ਕਥਿਤ ਤੌਰ ਤੇ ਜੋ ਅਰਬਾਂ ਰੁਪਏ ਦਾ ਘਪਲਾ ਹੋਇਆ ਹੈ ਉਸ ਦੀ ਵਿਜੀਲੈਂਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਵੇਲੇ ਦੇ ਸੰਸਥਾ ਦੇ ਚੇਅਰਮੈਨ ਵਲੋਂ ਪੁੱਛ ਪੜਤਾਲ ਸੁਬਾਵਿਕ ਹੈ | ਅੱਪਰਾ ਨੇ ਆਖਿਆ ਕਿ ਜੇਕਰ ਕੋਈ ਬਿਲਕੁਲ ਇਮਾਨਦਾਰ ਹੈ ਅਤੇ ਉਸ ਨੇ ਭ੍ਰਿਸ਼ਟਾਚਾਰ ਨਹੀਂ ਕੀਤਾ ਤਾਂ ਉਸ ਨੂੰ ਵਿਜੀਲੈਂਸ ਤੋਂ ਡਰਨ ਦੀ ਕੀ ਜਰੂਰਤ ਹੈ ਅਤੇ ਉਸਨੂੰ ਵਿਜੀਲੈਂਸ ਅੱਗੇ ਪੇਸ਼ ਹੋ ਜਾਣਾ ਚਾਹੀਦਾ ਹੈ, ਜਾਂਚ ਉਪਰੰਤ ਆਪੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਹੈ |
ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਵੱਖ ਵੱਖ ਕਾਂਗਰਸੀ, ਅਕਾਲੀ, ਬਸਪਾ ਅਤੇ ਭਾਜਪਾ ਆਦਿ ਨੇਤਾਵਾਂ ਨੂੰ ਇਕੱਠੇ ਕਰਕੇ ਸਰਕਾਰ ਤੇ ਕਥਿਤ ਤੌਰ ਤੇ ਦਬਾਅ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਉੱਥੇ ਇਕੱਠੇ ਹੋਏ ਕਾਂਗਰਸੀ, ਅਕਾਲੀ ਅਤੇ ਭਾਜਪਾਈਆਂ ਨੂੰ ਆਪਣੇ ਕੀਤੇ ਪਾਪ ਡਰਾਉਂਦੇ ਹਨ ਕਿਉਂਕਿ ਇਹਨਾਂ ਪਾਰਟੀਆਂ ਦੇ ਰਾਜ ਵੇਲੇ ਭ੍ਰਿਸ਼ਟਾਚਾਰ ਕਾਰਣ ਪੰਜਾਬ ਲੱਖ ਕਰੋੜ ਰੁਪਏ ਦਾ ਕਰਜਾਈ ਹੋ ਗਿਆ ਸੀ ਅਤੇ ਹੁਣ ਇੱਕ ਇੱਕ ਕਰਕੇ ਕਈ ਨੇਤਾਵਾਂ ਦੁਆਰਾ ਕੀਤੇ ਕਥਿਤ ਘਪਲੇ ਸਾਹਮਣੇ ਆਂ ਰਹੇ ਹਨ ਅਤੇ ਬਾਕੀ ਰਹਿੰਦੇ ਨੇਤਾਵਾਂ ਨੂੰ ਵੀ ਡਰ ਹੈ ਕਿ ਕੱਲ ਨੂੰ ਉਨ੍ਹਾਂ ਦੁਆਰਾ ਕੀਤੇ ਕਥਿਤ ਘਪਲੇ ਵੀ ਅੱਗੇ ਆ ਸਕਦੇ ਹਨ | ਉਨ੍ਹਾਂ ਨੂੰ ਵਿਜੀਲੈਂਸ ਦਾ ਡਰ ਸਤਾ ਰਿਹਾ ਹੈ ਇਸੇ ਕਰਕੇ ਉਹ ਸਰਕਾਰ ਤੇ ਦਬਾਅ ਬਣਾ ਕੇ ਵਿਜੀਲੈਂਸ ਦਾ ਮੂੰਹ ਭ੍ਰਿਸ਼ਟਾਚਾਰ ਲੋਕਾਂ ਵਲੋਂ ਹਟਾ ਕੇ ਹੋਰ ਪਾਸੇ ਮੋੜਨਾ ਚਾਹੁੰਦੇ ਹਨ ਜਿਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ |
ਅੱਪਰਾ ਨੇ ਕਿਹਾ ਕਿ ਇਹ ਗੱਲ ਤਾਂ ਸਿਰਫ਼ ਜੰਗ ਏ ਅਜ਼ਾਦੀ ਯਾਦਗਾਰ ਬਣਾਉਣ ਵੇਲੇ ਹੋਏ ਕਥਿਤ ਘਪਲੇ ਦੀ ਹੈ ਪ੍ਰੰਤੂ ਇਸ ਨੂੰ ਮੀਡਿਆ ਨਾਲ ਜੋੜ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਵਿੱਚ ਜਿੱਥੇ ਕਿਤੇ ਵੀ ਕੋਈ ਘਪਲਾ ਹੋਇਆ ਹੈ ਅਤੇ ਇਸਦੀ ਸ਼ਿਕਾਇਤ ਪੁਲਿਸ ਨੂੰ ਗਈ ਹੈ ਉਸ ਦੀ ਜਾਂਚ ਕਰਨ ਵੇਲੇ ਵਿਜੀਲੈਂਸ ਅੱਗੇ ਵਿਧਾਇਕ, ਸਾਂਸਦ ਅਤੇ ਮੰਤਰੀ ਆਦਿ ਪੇਸ਼ ਹੁੰਦੇ ਰਹੇ ਹਨ ਤਾਂ ਹੁਣ ਈ ਚੇਅਰਮੈਨ ਨੂੰ ਵਿਜੀਲੈਂਸ ਅੱਗੇ ਪੇਸ਼ ਹੋਣ ਚ ਕੀ ਦਿੱਕਤ ਹੈ | ਅੱਪਰਾ ਨੇ ਕਿਹਾ ਕਿ ਇਕੱਠ ਜਿੰਨਾ ਮਰਜੀ ਹੋ ਜਾਵੇ ਪ੍ਰੰਤੂ ਘਪਲਿਆਂ ਦੀ ਜਾਂਚ ਹੋਣ ਤੋਂ ਰੋਕਿਆ ਨਹੀਂ ਜਾਣਾ ਚਾਹੀਦਾ | ਨਹੀਂ ਤਾਂ ਕੱਲ ਨੂੰ ਰਾਜਸੀ ਨੇਤਾ ਪਹਿਲਾਂ ਰੱਜ ਕੇ ਘਪਲੇ ਕਰਿਆ ਕਰਨਗੇ ਅਤੇ ਬਾਅਦ ਵਿੱਚ ਇਕੱਠ ਕਰਕੇ ਜਾਂਚ ਨੂੰ ਰੋਕ ਲਿਆ ਕਰਨਗੇ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly