(ਸਮਾਜ ਵੀਕਲੀ)
ਕੋਰੋਨਾ ਇੱਕ ਬਿਮਾਰੀ ਹੈ, ਬਿਮਾਰੀਆਂ ਜਿਹੀ ਬਿਮਾਰੀ। ਉਂਝ ਬਿਮਾਰੀ–ਬਿਮਾਰੀ ਵਿੱਚ ਅੰਤਰ ਹੁੰਦਾ ਹੈ। ਕੋਈ ਬਿਮਾਰੀ ਹੋ ਕੇ ਛੇਤੀ ਠੀਕ ਹੋ ਜਾਂਦੀ ਹੈ, ਕੋਈ ਬਿਮਾਰੀ ਠੀਕ ਹੋਣ ਨੂੰ ਰਤਾ ਟਾਈਮ ਲਾਉਂਦੀ ਹੈ। ਕੋਈ ਬਿਮਾਰੀ ਲਾਇਲਾਜ ਵੀ ਹੁੰਦੀ ਹੈ।
ਕੋਰੋਨਾ ਬਿਮਾਰੀ ਨੂੰ ਲਾਗ ਦੀ ਬਿਮਾਰੀ ਕਿਹਾ ਜਾ ਰਿਹਾ ਹੈ। ਹਾਲਾਂਕਿ ਅਜੇ ਤੱਕ ਕੋਈ ਵੀ ਪ੍ਰਮਾਣਿਕ ਖੋਜ ਸਾਹਮਣੇ ਨਹੀਂ ਆਈ ਜਿਸ ਤੋਂ ਕੋਰੋਨਾ ਨੂੰ ਠੀਕ ਤਰ੍ਹਾਂ ਸਮਝਿਆ ਜਾ ਸਕੇ। ਫ਼ਿਲਹਾਲ ਮੋਟਾ–ਜਿਹਾ ਝਾਰਨਾ ਲਾ ਕੇ ਅਹਿਤਿਆਤ ਵਰਤਣ ਲਈ ਕਿਹਾ ਜਾ ਰਿਹਾ ਹੈ : ਮਾਸਕ ਪਾਓ, ਦੋ ਗਜ ਦੀ ਦੂਰੀ ਬਣਾ ਕੇ ਰੱਖੋ, ਵਾਰ ਵਾਰ ਹੱਥ ਧੋਵੋ। (ਪਰ ਕੀ ਅਜਿਹਾ ਕਰਨ ਨਾਲ਼ ਕੋਰੋਨਾ ਬਿਮਾਰੀ ਨਹੀਂ ਚੰਬੜੇਗੀ, ਕੋਈ ਦਾਅਵਾ ਨਹੀਂ ਕਰ ਸਕਦਾ।)
ਕੋਰੋਨਾ ਤੋਂ ਬਚਣ ਲਈ ਕੁਝ ਦੇਸੀ ਨੁਸਖ਼ੇ ਅਪਣਾਉਣ ਦੀ ਵੀ ਤਾਕੀਦ ਕੀਤੀ ਜਾ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਨਾਲ਼ ਇਮਿਊਨਿਟੀ ਵਧੇਗੀ ਪਰ ਕੋਰੋਨਾ ਨਹੀਂ ਚੰਬੇੜਗਾ, ਕੋਈ ਗਰੰਟੀ ਨਹੀਂ।
ਰੈਮੇਡੇਸਿਵਿਰ ਜਿਹੇ ਹੋਰ ਇਲਾਜ, ਜਿਹੜੇ ਕਿ ਹੋਰ ਬਿਮਾਰੀ ਨੂੰ ਕਾਬੂ ਕਰਨ ਹਿੱਤ ਬਣਾਏ/ਵਰਤੇ ਜਾਂਦੇ ਸਨ, ਉਨ੍ਹਾਂ ਨੂੰ ਵੀ ਧੜਾਧੜ ਵਰਤਿਆ ਜਾ ਰਿਹਾ ਹੈ ਪਰ ਬਹੁਤੇ ਖੋਜੀ ਇਹ ਦਾਅਵਾ ਕਰ ਹਟੇ ਹਨ ਕਿ ਇਸ ਨਾਲ਼ ਕੋਰੋਨਾ ਨੂੰ ਕੋਈ ਫ਼ਰਕ ਨਹੀਂ ਪੈਂਦਾ (ਪਿਛਲੇ ਦਿਨੀਂ ਕਿਤੇ ਨਕਲੀ ਰੈਮੇਡੇਸਿਵਿਰ ਦੀ ਖੇਪ ਫੜੀ ਗਈ ਪਰ ਡਾਕਟਰ ਨੇ ਕਿਹਾ ਉਹ 90 ਪ੍ਰਤੀਸ਼ਤ ਤਾਂ ਮਰੀਜ਼ਾਂ ਨੂੰ ਲਾ ਹਟਿਆ ਹੈ, ਖੋਜਬੀਨ ਤੋਂ ਪਤਾ ਲੱਗਾ ਕਿ ਨਕਲੀ ਰੈਮੇਡੇਸਿਵਿਰ ਲਵਾ ਕੇ ਲਗਭਗ ਸਾਰੇ ਹੀ ਕੋਰੋਨਾ ਰੋਗੀ ਠੀਕ ਹੋ ਚੁੱਕੇ ਹਨ। ਭਾਵ ਸਵਾਹ ਦਾ ਚੁਟਕਾ।)
ਜਿਹੜੀਆਂ ਵੀ ਵੈਕਸੀਨ ਕੋਰੋਨਾ ਦੇ ਖ਼ਾਤਮੇ ਲਈ ਪ੍ਰਚਾਰੀਆਂ, ਪ੍ਰਸਾਰੀਆਂ ਜਾ ਰਹੀਆਂ ਹਨ, ਉਨ੍ਹਾਂ ਉੱਤੇ ਵੀ ਕਿੰਤੂ ਪਰੰਤੂ ਜਾਰੀ ਹੈ। ਸਰਕਾਰ ਨੇ ਆਪਣੀ ਮਰਜ਼ੀ ਨਾਲ਼ ਹੀ ਇੱਕੋ ਡੋਜ਼ ਤੋਂ ਦੂਜੀ ਡੋਜ਼ ਦੇ ਵਿਚਕਾਰ ਦਾ ਸਮਾਂ ਬਹੁਤ ਜ਼ਿਆਦਾ ਵਧਾ ਦਿੱਤਾ ਹੈ। (ਇਸ ਉੱਤੇ ਕੋਈ ਕਿੰਤੂ–ਪਰੰਤੂ ਨਹੀਂ ਕੀਤਾ ਜਾ ਰਿਹਾ, ਓਕਣੇ ਜਿਵੇਂ ਲਗਭਗ 400 ਵਾਲ਼ਾ ਸਿਲੰਡਰ, ਸਮੇਤ ਸਬਸਿਡੀ ਹੁਣ 800 ਦਾ ਮਿਲਣ ਲੱਗ ਪਿਆ ਹੈ ਜਿਸ ਉੱਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ।)
ਚਲੋ ਮੈਂ ਮੁੱਦੇ ਦੀ ਗੱਲ ‘ਤੇ ਆਉਂਦਾ ਹਾਂ। ਮੁੱਦੇ ਦੀ ਗੱਲ ਇਹੋ ਹੈ ਕਿ ‘ਕੋਰੋਨਾ ਇੱਕ ਬਿਮਾਰੀ ਹੈ, ਘਾਤਕ ਬਿਮਾਰੀ ਹੈ।’ ਜਿਵੇਂ ਹੋਰ ਘਾਤਕ ਬੀਮਾਰੀਆਂ ਨਾਲ਼ ਲੋਕ ਮਰਦੇ ਹਨ, ਕੋਰੋਨਾ ਨਾਲ਼ ਵੀ ਮਰ ਰਹੇ ਹਨ ਪਰ ਇਸ ਨੂੰ ਲੈ ਕੇ ਲੋਕਾਂ ਦੁਆਰਾ ਬਹੁਤ ਹੋ–ਹੱਲਾ ਮਚਾਇਆ ਜਾ ਰਿਹਾ ਹੈ, ਆਤੰਕ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਨੁਕਤੇ ਦੀ ਗੱਲ ਇਹ ਹੈ ਕਿ ‘ਸਾਨੂੰ ਹੋ–ਹੱਲਾ ਮਚਾਉਣਾ ਚਾਹੀਦਾ ਹੈ ਪਰ ਬਿਮਾਰੀ ਨੂੰ ਲੈ ਕੇ ਨਹੀਂ, ਬੀਮਾਰੀ ਦੀ ਆੜ ਵਿੱਚ ਜੋ ਸਿਆਸਤ ਹੋ ਰਹੀ ਹੈ, ਉਸ ਸਿਆਸਤ ਦੇ ਵਿਰੋਧ ਵਿੱਚ।’ ਕੋਰੋਨਾ ਦੇ ਨਾਮ ਉੱਤੇ ਇੰਨਾ ਡਰ, ਆਤੰਕ, ਦਹਿਸ਼ਤ ਫ਼ੈਲਾਈ ਜਾ ਰਹੀ ਹੈ ਕਿ ਹਰੇਕ ਬੰਦਾ ਬਹੁਤ ਜ਼ਿਆਦਾ ਖ਼ੌਫ਼ਜ਼ਦਾ ਹੈ। ਉਹ ਇੰਨਾ ਖ਼ੌਫ਼ਜ਼ਦਾ ਹੈ ਕਿ ਉਸਨੂੰ ਕੋਰੋਨਾ ਬਿਮਾਰੀ ਤੋਂ ਇਲਾਵਾ ਆਸੇ–ਪਾਸੇ ਕੁਝ ਵੀ ਨਹੀਂ ਦਿਸ ਰਿਹਾ।
ਇਸ ਖ਼ੌਫ਼ ਨੂੰ ਫ਼ੈਲਾ ਕੇ ਸਰਕਾਰਾਂ, ਜਨਤਾ ਨਾਲ਼ ਚੂਹੇ–ਬਿੱਲੀ ਦਾ ਖੇਲ ਖੇਡ ਰਹੀਆਂ ਹਨ। ਖ਼ੌਫ਼ਜ਼ਦਾ ਜਨਤਾ ਦੇ ਦਿਮਾਗ਼ਾਂ ਵਿੱਚ ਬਿਠਾਇਆ ਜਾ ਰਿਹਾ ਹੈ ਕਿ ‘ਜੇ ਤੁਹਾਨੂੰ ਕੋਈ ਅਸੁਵਿਧਾ ਹੋ ਰਹੀ ਹੈ, ਉਸ ਦਾ ਕਾਰਨ ਸਰਕਾਰ ਦੀਆਂ ਨਾਕਾਮੀਆਂ ਨਹੀਂ, ਸਰਕਾਰ ਦੀ ਹਰਾਮਜ਼ਦਗੀ ਨਹੀਂ, ਭ੍ਰਿਸ਼ਟ ਸਰਕਾਰ ਦੀ ਕਾਰਜ–ਪ੍ਰਣਾਲੀ ਨਹੀਂ ਬਲਕਿ ਕੋਰੋਨਾ ਨਾਮਕ ਬੀਮਾਰੀ ਹੈ, ਜਿਸ ਬੀਮਾਰੀ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ। ਕੋਰੋਨਾ ਉੱਤੇ ਕਾਬੂ ਪਾਉਣ ਹਿੱਤ ਹੀ ਜੋ ਪ੍ਰਬੰਧ ਕੀਤੇ ਜਾ ਰਹੇ ਹਨ, ਉਨ੍ਹਾਂ ਕਰਕੇ ਜਨਤਾ ਨੂੰ ਅਸੁਵਿਧਾ ਹੋ ਰਹੀ ਹੈ, ਇਹ ਜਚਾਇਆ ਜਾ ਰਿਹਾ ਹੈ।
ਇਸੇ ਲਈ ਲਾੱਕਡਾਊਨ ਜਾਇਜ਼ ਹੈ, ਕਰਫਿਊ ਜ਼ਾਇਜ਼ ਹੈ, ਵਧ ਰਹੀ ਮਹਿੰਗਾਈ ਜਾਇਜ਼ ਹੈ, ਹਸਪਤਾਲਾਂ ਵੱਲ੍ਹੋਂ ਹੋ ਰਹੀ ਲੁੱਟ ਜਾਇਜ਼ ਹੈ, ਹਸਪਤਾਲਾਂ ਵਿੱਚ ਲੋਕਾਂ ਦਾ ਧੜਾਧੜ ਮਰਨਾ ਜ਼ਾਇਜ਼ ਹੈ, ਇਸ ਦੌਰ ਵਿੱਚ ਹਰ ਢੰਗ ਨਾਲ਼ ਕੀਤੀ ਜਾ ਰਹੀ ਲੁੱਟ ਅਤੇ ਧੱਕਾ ਜਾਇਜ਼ ਹੈ ਕਿਉਂਕਿ ਇਹ ਸਭ ਕੋਰੋਨਾ ਨਾਮਕ ਘਾਤਕ ਬਿਮਾਰੀ ਨੂੰ ਕਾਬੂ ਕਰਨ ਹਿੱਤ ਕੀਤਾ ਜਾ ਰਿਹਾ ਹੈ, ਇਸ ਲਈ ਇਹ ਸਭ ਕੁਝ ਲੋਕ–ਹਿਤ ਲਈ ਹੈ।
ਸਰਕਾਰ ਕੋਲ਼ ਕੋਰੋਨਾ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅੰਕੜਾ ਮੌਜੂਦ ਨਹੀਂ ਹੈ। ਜੋ ਅੰਕੜਾ ਦਿਖਾਇਆ ਜਾ ਰਿਹਾ ਹੈ, ਉਸ ਵਿੱਚ ਝੋਲ਼ ਹੈ। ਸਰਕਾਰੀ ਹਸਪਤਾਲਾਂ ਵਿੱਚ ਭਰਤੀ ਹੋ ਰਿਹਾ ਬੰਦਾ ਜਿਊਂਦਾ ਵਾਪਸ ਨਹੀਂ ਆ ਰਿਹਾ (ਇਹ ਧਾਰਨਾ ਬਹੁ–ਮਨਾਂ ਦੀ ਬਣ ਚੁੱਕੀ ਹੈ), ਪ੍ਰਾਈਵੇਟ ਹਸਪਤਾਲ ਕਾਪੇ ਲਈ ਬੈਠੇ ਹਨ।
ਕੀ ਕੋਰੋਨਾ ਵਾਇਰਸ ਨਾਲ਼ ਪੀੜਿਤ ਕਿਸੇ ਵੀ ਰੋਗੀ ਦਾ ਕੋਈ ਪੋਸਟ–ਮਾਰਟਮ ਹੋਇਆ ਹੈ ?
ਹਸਪਤਾਲ ਵੱਲੋਂ ਪੈਕ ਕਰ ਕੇ ਦਿੱਤੀ ਜਾ ਰਹੀ ਲਾਸ਼ ਦਾ ਕਿਸੇ ਨੇ ਮੁਆਇਨਾ ਕਰਵਾਇਆ ਹੈ ? ਕੀ ਉਹ ਕੋਰੋਨਾ ਨਾਲ਼ ਹੀ ਮਰਿਆ ਹੈ ?
ਕੀ ਹਸਪਤਾਲ ਵੱਲੋਂ ਪੈਕ ਕਰ ਕੇ ਦਿੱਤੀ ਜਾ ਰਹੀ ਦੇਹ ਦੇ ਸਾਰੇ ਅੰਗ ਉਸ ਦੇ ਸ਼ਰੀਰ ਵਿੱਚ ਹੀ ਮੌਜੂਦ ਹਨ ?
ਕੋਰੋਨਾ ਦੇ ਨਾਮ ਉੱਤੇ ਜਿਹੜਾ ਦ੍ਰਿਸ਼ਕਾਰੀ ਵਿਉਂਤੀ ਜਾ ਰਹੀ ਹੈ, ਉਹ ਅਤਿ ਭਿਆਨਕ ਹੈ, ਕਿਸੇ ਹਾੱਰਰ–ਮੂਵੀ ਵਰਗੀ।
ਡ੍ਰੋਨ ਕੈਮਰੇ ਨਾਲ਼ ਬਰਡ–ਆਈ ਵਿਊ ਸ਼ਾੱਟ (ਕਾਫ਼ੀ ਉਚਾਈ ਤੋਂ ਸ਼ਾੱਟ ਲੈਣ ਦੀ ਵਿਧੀ) ਲੈ ਕੇ ਇੱਕੋ ਸਮੇਂ ਸੈਂਕੜੇ ਚਿਤਾਵਾਂ ਜਲ਼ਦੀਆਂ ਦਿਖਾਈ ਜਾ ਰਹੀਆਂ ਨੇ। ਜਾਂ ਦਾਹ–ਸੰਸਕਾਰ ਦੀ ਉਡੀਕ ਕਰ ਰਹੀਆਂ, ਲਾਈਨ ਵਿੱਚ ਲੱਗੀਆਂ ਮ੍ਰਿਤਕ ਦੇਹਾਂ ਦਿਖਾਈਆਂ ਜਾ ਰਹੀਆਂ ਹਨ।
ਇਸ ਵਿਉਂਤੀ ਗਈ ਦ੍ਰਿਸ਼ਕਾਰੀ ਨੂੰ ਵੇਖ ਕੇ ਇੰਝ ਲੱਗਦਾ ਹੈ ਕਿ ਕੋਰੋਨਾ ਨਾਲ਼ ਮਰਨ ਵਾਲ਼ਿਆਂ ਦਾ ਹੜ੍ਹ ਆ ਗਿਆ ਹੋਵੇ। ਕੀ ਸਚਮੁਚ ਸਥਿਤੀ ਇੰਨੀ ਬਦਤਰ ਹੈ, ਜਿੰਨੀ ਕਿ ਵਿਉਂਤੀ ਦ੍ਰਿਸ਼ਕਾਰੀ ਰਾਹੀ ਦਿਖਾਈ ਜਾ ਰਹੀ ਹੈ ?
ਰਤਾ ਕੁ ਸੋਚਣਾ ਇਸ ਬਾਰੇ। ਕੋਰੋਨਾ ਤੋਂ ਪਹਿਲਾਂ ਜਦੋਂ ਬੰਦੇ ਮਰਦੇ ਸਨ, ਬਿਮਾਰੀਆਂ ਨਾਲ਼, ਡੇਂਗੂ, ਮਲੇਰੀਆ, ਟਾਈਫ਼ਾਈਡ, ਟੀ.ਬੀ.ਆਦਿ ਨਾਲ਼ ਤਾਂ ਉਨ੍ਹਾਂ ਲਾਸ਼ਾਂ ਦਾ ਅੰਤਿਮ ਸੰਸਕਾਰ ਕਿੱਥੇ ਕੀਤਾ ਜਾਂਦਾ ਸੀ ? ਕੀ ਉਦੋਂ ਹਸਪਤਾਲ ਵਿੱਚੋਂ ਨਿਕਲੀਆਂ ਸਾਰੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਇੱਕੋ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਂਦਾ ਸੀ ? ਨਹੀਂ, ਉਦੋਂ ਪਰਿਜਨ ਲਾਸ਼ ਲੈ ਕੇ ਆਪਣੇ ਪਿੰਡ, ਸ਼ਹਿਰ ਲੈ ਜਾਂਦੇ ਸਨ ਤੇ ਆਪਣੇ ਪਿੰਡ ਸ਼ਹਿਰ ਦੀਆਂ ਮੜ੍ਹੀਆਂ ਵਿੱਚ ਫੂਕਦੇ ਸਨ। ਹੁਣ ਕੀ ਹੋ ਰਿਹਾ ਹੈ ? ਹੁਣ ਲਾਸ਼ਾਂ ਇੱਕੋ ਸ਼ਮਸ਼ਾਨਘਾਟ ਵਿੱਚ ਪਹੁੰਚ ਰਹੀਆਂ ਹਨ।
ਪਹਿਲੋਂ ਜੇ ਇੱਕ ਹਸਪਤਾਲ ਵਿੱਚੋਂ ਜੇ 100 ਲਾਸ਼ਾਂ ਨਿਕਲਦੀਆਂ ਸਨ ਤਾਂ ਸੌਂ ਥਾਵਾਂ ਉੱਤੇ ਫੂਕੀਆਂ ਜਾਂਦੀਆਂ ਸਨ। ਹੁਣ 100 ਦੀ 100 ਲਾਸ਼ ਇੱਕੋ ਜਗ੍ਹਾ ਫੂਕੀ ਜਾ ਰਹੀ ਹੈ। ਇਸ ਦਾ ਕੀ ਅਰਥ ? ਡ੍ਰੋਨ ਨੂੰ ਇੱਕ ਦ੍ਰਿਸ਼ ਮਿਲ ਜਾਂਦਾ ਹੈ ਜਿਸ ਨੂੰ ਹਾੱਰਰ–ਮੂਵੀ ਦੇ ਕਿਸੇ ਸ਼ਾੱਟ ਵਾਂਗ ਸ਼ੂਟ ਕੀਤਾ ਜਾ ਸਕਦਾ ਹੈ।
ਮੁਕਦੀ ਗੱਲ, ਜਿਸ ਨੂੰ ਕੋਰੋਨਾ ਹੋਇਆ, ਉਹ ਮੋਇਆ ਨਹੀਂ, ਜਿਹੜੇ ਮਰ ਗਏ, ਉਨ੍ਹਾਂ ਦੀ ਰਿਪੋਰਟ ਵਿੱਚੋਂ ਕੋਰੋਨਾ ਨਿਕਲ਼ਿਆ।
ਅਸੀਂ ਜੋ ਵੀ ਬਚ ਰਹੇ ਹਾਂ, ਆਪਣੇ ਸਰੀਰ ਦੀ ਰੋਗ–ਰੋਕੂ ਸਮਰਥਾ ਨਾਲ਼ ਬਚ ਰਹੇ ਆਂ।
ਆਖ਼ਰੀ ਗੱਲ, ਕੋਈ ਬੰਦਾ 100 ਸਾਲ ਤੋਂ ਵੱਧ ਉਮਰ ਭੋਗਦਾ ਹੈ ਤਾਂ ਉਹਦੀ ਇੰਟਰਵਿਊ ਹੁੰਦੀ ਹੈ। ਜਿਸ ਵਿੱਚ ਉਹ ਆਪਣੀ ਦਿਨ–ਚਰਯਾ ਦਸਦਾ ਹੈ, ਖ਼ੁਰਾਕ ਦਸਦਾ ਹੈ, ਹੋਰ ਕਈ ਅੱਲ–ਪਟੱਲ ਵੀ ਦਸਦਾ ਹੈ। ਹੁਣ ਇਹ ਨਾ ਸੋਚਣਾ ਕਿ ਜੇ ਤੁਸੀਂ ਵੀ ਉਹ ਸਭ ਕੁਝ ਅਪਣਾਓਗੇ ਤਾਂ ਤੁਸੀਂ ਵੀ 100 ਸਾਲ ਤੋਂ ਵੱਧ ਜੀਅ ਜਾਓਗੇ। ਅਸਲ ਵਿੱਚ ਉਸ ਵਿਅਕਤੀ ਵਿਸ਼ੇਸ਼ ਦੇ ਸਰੀਰ ਦੀ ਸੰਰਚਨਾ, ਉਨ੍ਹਾਂ ਦੀ ਰੋਗ–ਰੋਕੂ ਸਮਰਥਾ, ਜੈਨੇਟਿਕ ਕੋਡਿੰਗ ਨਿਵੇਕਲੀ ਹੈ, ਆਪਣੇ ਆਪ ਵਿੱਚ ਵਿਸ਼ੇਸ਼। ਉਸ ਤਾਂ ਇੰਨਾ ਸਮਾਂ ਜਿਉਂ ਹੀ ਲੈਣਾ ਸੀ ਪਰ ਉਹਦੇ ਜਿਹਾ ਜੀਵਨ ਬਤੀਤ ਕਰ ਕੇ, ਉਹਦੀ ਨਕਲ ਕਰ ਕੇ, ਉਹਦੀ ਜਿੰਨੀ ਉਮਰ ਭੋਗ ਲੈਣਾ ਯੂਟੋਪੀਆ ਹੀ ਹੈ।
ਕੋਰੋਨਾ ਦਾ ਵੀ ਸੇਮ ਇਹੋ ਹੈ।
ਸ਼ੁਕਰਾਨਾ
ਡਾ. ਸਵਾਮੀ ਸਰਬਜੀਤ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly