ਡੈਲਟਾ ਪਲੱਸ ਦਾ ਖ਼ੌਫ: ਪੰਜਾਬ ’ਚ ਕੋਵਿਡ ਰੋਕਾਂ 10 ਜੁਲਾਈ ਤੱਕ ਵਧਾਈਆਂ

ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੈਲਟਾ ਪਲੱਸ ਦੇ ਮੱਦੇਨਜ਼ਰ ਪੰਜਾਬ ’ਚ ਕੋਵਿਡ ਸਬੰਧੀ ਪਾਬੰਦੀਆਂ 10 ਜੁਲਾਈ ਤੱਕ ਵਧਾ ਦਿੱਤੀਆਂ ਹਨ। ਮੁੱਖ ਮੰਤਰੀ ਨੇ ਕੁਝ ਸ਼ਰਤਾਂ ਸਮੇਤ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਹੁਨਰ ਵਿਕਾਸ ਕੇਂਦਰਾਂ ਨੂੰ ਵੀ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਅਦਾਰਿਆਂ ਦੇ ਸਟਾਫ ਅਤੇ ਵਿਦਿਆਰਥੀਆਂ ਲਈ ਕੋਵਿਡ ਵੈਕਸੀਨ ਦੀ ਘੱਟੋ ਘੱਟ ਇੱਕ ਖੁਰਾਕ ਲੱਗੀ ਹੋੋਣ ਦੀ ਸ਼ਰਤ ਲਾਈ ਹੈ। ਇਸੇ ਤਰ੍ਹਾਂ ਪੰਜਾਬ ਵਿਚ ਕੁਝ ਹੋਰ ਢਿੱਲਾਂ ਸਮੇਤ ਬਾਰ, ਪੱਬ ਅਤੇ ਅਹਾਤੇ 50 ਫੀਸਦੀ ਸਮਰੱਥਾ ਨਾਲ ਇਕ ਜੁਲਾਈ ਤੋਂ ਖੋਲ੍ਹਣ ਦੀ ਆਗਿਆ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਅੱਜ ਕੋਵਿਡ ਸਮੀਖਿਆ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸਪੱਸ਼ਟ ਕੀਤਾ ਕਿ ਬਾਰ, ਪੱਬ ਅਤੇ ਅਹਾਤਿਆਂ ਨੂੰ ਸਮਾਜਿਕ ਦੂਰੀ ਦੇ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ ਅਤੇ ਸਮੂਹ ਸਟਾਫ ਨੂੰ ਕੋਵਿਡ ਦੀ ਘੱਟੋ-ਘੱਟ ਇਕ ਖੁਰਾਕ ਲੱਗੀ ਹੋਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਾਜ਼ੇਟਿਵ ਕੇਸਾਂ ਵਿਚ ਕਮੀ ਆਈ ਹੈ ਪਰ ਡੈਲਟਾ ਪਲੱਸ ਚਿੰਤਾ ਦਾ ਵਿਸ਼ਾ ਹੈ।  ਮੁੱਖ ਮੰਤਰੀ ਨੇ ਖੁਲਾਸਾ ਕੀਤਾ ਕਿ ਵਾਇਰਸ ਦਾ 90 ਫੀਸਦੀ ਤੋਂ ਵੱਧ ਬਦਲਵਾਂ ਰੂਪ ਚਿੰਤਾ ਦਾ ਵਿਸ਼ਾ ਹੈ। ਡੈਲਟਾ ਪਲੱਸ ਰੂਪ ਦੇ ਦੋ ਮਾਮਲੇ (ਲੁਧਿਆਣਾ ਅਤੇ ਪਟਿਆਲਾ) ਪਾਏ ਗਏ ਹਨ।

ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਜੀਨੋਮ ਸੈਂਪਲਿੰਗ ਦੇ ਲਗਭਗ 489 ਸੈਂਪਲ (ਅਪਰੈਲ ਵਿਚ 276, ਮਈ ਵਿਚ 100 ਤੇ ਜੂਨ ਵਿਚ 113) ਅਜੇ ਤੱਕ ਕੇਂਦਰੀ ਲੈਬ ਵਿਚ ਪਏ ਹਨ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਡੈਲਟਾ ਪਲੱਸ ਦੇ ਮਾਮਲਿਆਂ ਵਾਲੇ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਉਤੇ ਵੀ ਨੇੜਿਓਂ ਨਜ਼ਰ ਰੱਖਣ ਦਾ ਸੁਝਾਅ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਪ੍ਰਤੀ ਦਿਨ 40,000 ਟੈਸਟਿੰਗ ਤੇ ਕੰਟੈਕਟ ਟ੍ਰੇਸਿੰਗ ਵਧਾਉਣ ਦੇ ਹੁਕਮ ਦਿੱਤੇ।

ਮੁੱਖ ਮੰਤਰੀ ਨੇ ਵਿਭਾਗ ਨੂੰ ਡਾ. ਕੇ.ਕੇ. ਤਲਵਾੜ ਕਮੇਟੀ ਵੱਲੋਂ ਹਾਲ ਹੀ ਵਿਚ ਚੁਣੇ ਗਏ 128 ਮਾਹਿਰ ਡਾਕਟਰਾਂ ਦੀ ਛੇਤੀ ਤੋਂ ਛੇਤੀ ਨਿਯੁਕਤੀ ਤੇ ਤਾਇਨਾਤੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਸਾਰੇ ਪੱਧਰਾਂ ਉਤੇ ਰੈਗੂਲਰ ਭਰਤੀ ਵੀ ਜਾਰੀ ਰਹਿਣੀ ਚਾਹੀਦੀ ਹੈ। ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਸੂਬੇ ਦੇ ਸਰਕਾਰੀ ਮੈਡੀਕਲ ਕਾਲਜਾਂ ’ਚ ਤੀਜੀ ਲਹਿਰ ਨਾਲ ਨਜਿੱਠਣ ਲਈ 80 ਫੀਸਦੀ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹੁਣ ਤੱਕ ਤਕਰੀਬਨ 79 ਹਜ਼ਾਰ ਪੰਜਾਬ ਪੁਲੀਸ ਕਰਮਚਾਰੀਆਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ।

ਕੋਵੀਸ਼ੀਲਡ ਦੇ ਭੰਡਾਰ ਖਤਮ

ਮੁੱਖ ਮੰਤਰੀ ਨੇ ਦੱਸਿਆ ਕਿ ਸਰਕਾਰ 62 ਲੱਖ ਤੋਂ ਵੱਧ ਯੋਗ ਵਿਅਕਤੀਆਂ ਨੂੰ ਟੀਕੇ ਲਗਾ ਚੁੱਕੀ ਹੈ। ਮੌਜੂਦਾ ਸਮੇਂ ਸੂਬੇ ਵਿੱਚ ਕੋਵੀਸ਼ੀਲਡ ਦਾ ਭੰਡਾਰ ਖਤਮ ਹੋ ਚੁੱਕਾ ਹੈ ਅਤੇ ਕੋਵੈਕਸੀਨ ਦਾ ਵੀ ਬਹੁਤ ਘੱਟ ਭੰਡਾਰ ਉਪਲੱਬਧ ਹੈ। ਪੰਜਾਬ ਹੁਣ ਹੌਲੀ-ਹੌਲੀ ਘੱਟੋ ਘੱਟ ਇਕ ਖੁਰਾਕ ਲੈਣ ਦੀ ਸ਼ਰਤ ’ਤੇ ਕੰਮ ਕਰਨ ਨੂੰ ਢਿੱਲ ਦੇ ਰਿਹਾ ਹੈ। ਉਹ ਇਸ ਮੁੱਦੇ ਨੂੰ ਤੁਰੰਤ ਕੇਂਦਰੀ ਸਿਹਤ ਮੰਤਰੀ ਅਤੇ ਜ਼ਰੂਰਤ ਪੈਣ ’ਤੇ ਪ੍ਰਧਾਨ ਮੰਤਰੀ ਕੋਲ ਵੀ ਉਠਾਉਣਗੇ।

ਡਾਕਟਰ ਦਿਵਸ ’ਤੇ ਮੈਡੀਕਲ ਕਾਮਿਆਂ ਦੀ ਸ਼ਲਾਘਾ

ਮੁੱਖ ਮੰਤਰੀ ਨੇ ਪਹਿਲੀ ਜੁਲਾਈ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਡਾਕਟਰ ਦਿਵਸ ਦੇ ਸੰਦਰਭ ਵਿੱਚ ਆਪਣੇ ਸੰਖੇਪ ਸੰਦੇਸ਼ ਵਿੱਚ ਸਾਰੇ ਡਾਕਟਰਾਂ ਅਤੇ ਹੋਰ ਮੈਡੀਕਲ ਪੇਸ਼ੇਵਰਾਂ ਦਾ ਕੋਵਿਡ ਮਹਾਮਾਰੀ ਨਾਲ ਨਜਿੱਠਣ ਵਿੱਚ ਸੂਬੇ ਦੀ ਮਦਦ ਕਰਦਿਆਂ ਨਿਭਾਈਆਂ ਬੇਮਿਸਾਲ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਡੀਕਲ ਪੇਸ਼ੇਵਰਾਂ ਵੱਲੋਂ ਆਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਨਿਰਸਵਾਰਥ ਕੰਮ ਕਰਨਾ ਸਾਰਿਆਂ ਲਈ ਪ੍ਰੇਰਨਾ ਹੈ। ਹਰੇਕ ਪੰਜਾਬੀ ਡਾਕਟਰਾਂ, ਮੈਡੀਕਲ ਸਟਾਫ ਅਤੇ ਸਾਰੇ ਹੈਲਥ ਵਰਕਰਾਂ ਦਾ ਰਿਣੀ ਹੈ ਜਿਨ੍ਹਾਂ ਔਖੇ ਸਮੇਂ ਵਿੱਚ ਨਿਰੰਤਰ ਸਾਥ ਦਿੱਤਾ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਰੋਨ ਹਮਲਾ: ਮੋਦੀ ਵੱਲੋਂ ਸੁਰੱਖਿਆ ਸਥਿਤੀ ਦਾ ਜਾਇਜ਼ਾ
Next articleਹਰਿਆਣਾ: ਕਿਸਾਨਾਂ ਲਈ ਜਾਤ-ਧਰਮ ਤੋਂ ਉੱਪਰ ਉੱਠੀਆਂ ਖਾਪਾਂ