ਮਾਨਸਾ (ਸਮਾਜ ਵੀਕਲੀ): ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਮਾਲਵਾ ਖੇਤਰ ਵਿੱਚ ਐਤਕੀਂ 6 ਲੱਖ ਮੀਟਰਕ ਟਨ ਤੋਂ ਵੱਧ ਕਣਕ ਸਿੱਧੀ ਰੇਲ ਦੇ ਰੈਕ ਰਾਹੀਂ ਭੇਜਣ ਦੀਆਂ ਹਦਾਇਤਾਂ ਕੀਤੀਆਂ ਹਨ। ਐੱਫਸੀਆਈ ਦੇ ਸੱਜਰੇ ਹੁਕਮ ਖਰੀਦ ਸੀਜ਼ਨ ਦੌਰਾਨ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਬਣ ਸਕਦੇ ਹਨ। ਐੱਫਸੀਆਈ ਨੇ ਕਣਕ ਖਰੀਦ ਦਾ ਸੀਜ਼ਨ ਆਰੰਭ ਹੋਣ ਸਾਰ ਜਾਰੀ ਕੀਤੇ ਪੱਤਰ ਵਿੱਚ ਕਿਹਾ ਹੈ ਕਿ ਖਰੀਦੀ ਕਣਕ ਨੂੰ ਸਿੱਧਾ ਰੇਲ ਗੱਡੀਆਂ ਰਾਹੀਂ ਤੁਰੰਤ ਕੇਂਦਰ ਨੂੰ ਭੇਜਿਆ ਜਾਵੇ। ਕਾਰਪੋਰੇਸ਼ਨ ਵੱਲੋਂ ਇਹ ਪੱਤਰ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰ ਅਤੇ ਡੀਐੱਮ ਪਨਗਰੇਨ, ਮਾਰਕਫੈੱਡ, ਪਨਸਪ, ਪੰਜਾਬ ਸਟੇਟ ਵੇਅਰ ਕਾਰਪੋਰੇਸ਼ਨ ਨੂੰ ਭੇਜ ਕੇ ਇਸ ਤੋਂ ਜਾਣੂ ਕਰਵਾਇਆ ਗਿਆ ਹੈ।
ਇਸ ਪੱਤਰ ਦੇ ਜਾਰੀ ਹੋਣ ਮਗਰੋਂ ਮਾਲਵਾ ਖੇਤਰ ਦੀਆਂ ਕਿਸਾਨ ਜਥੇਬੰਦੀਆਂ, ਪੱਲੇਦਾਰ ਯੂਨੀਅਨਾਂ ਅਤੇ ਢੋਆ-ਢੁਆਈ ਦੇ ਕਾਰਜ ਵਿੱਚ ਲੱਗੀਆਂ ਟਰੱਕ ਅਤੇ ਟਰੈਕਟਰ-ਟਰਾਲੀ ਯੂਨੀਅਨ ਸਮੇਤ ਹੋਰ ਧਿਰਾਂ ਦੇ ਤੇਵਰ ਤਿੱਖੇ ਹੋ ਗਏ ਹਨ। ਉਨ੍ਹਾਂ ਨੇ ਕੇਂਦਰੀ ਏਜੰਸੀ ਦੇ ਇਸ ਫੈਸਲੇ ਨੂੰ ਮੁੱਢੋਂ ਨਕਾਰਦਿਆਂ ਇਸ ਪੱਤਰ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਐੱਫਸੀਆਈ ਵੱਲੋਂ ਕਣਕ ਲਿਫਟਿੰਗ ਕਰਕੇ ਗੁਦਾਮਾਂ ਵਿੱਚ ਨਾ ਆਉਣ ਦੇ ਇਸ ਫ਼ੁਰਮਾਨ ਦੇ ਜਾਰੀ ਹੋਣ ਨਾਲ ਕਿਸਾਨਾਂ, ਪੱਲੇਦਾਰਾਂ, ਟਰਾਂਸਪੋਰਟਰਾਂ ਅਤੇ ਆੜ੍ਹਤੀਆਂ ਵਿੱਚ ਵੱਡੀ ਚਿੰਤਾ ਪਾਈ ਜਾ ਰਹੀ ਹੈ। ਮੰਡੀਆਂ ਵਿੱਚ ਕਣਕ ਦੇ ਭਰੇ ਗੱਟੇ ਸਟਾਕ ਕਰਨ ਨਾਲ ਮੰਡੀਆਂ ਵਿੱਚ ਥਾਂ ਰੁਕ ਜਾਵੇਗੀ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਜਿਣਸ ਸੁੱਟਣ ਲਈ ਪਿਛਲੇ ਸਾਲ ਦੇ ਮੁਕਾਬਲੇ ਹੋਰ ਤਕਲੀਫ਼ ਹੋਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly