ਚਹੇਤਾ ਲੀਡਰ

(ਸਮਾਜ ਵੀਕਲੀ)
ਦਲੀਪ ਸਿੰਘ ਦੇ ਘਰ ਤੇ ਲਗਿਆ ਪਾਰਟੀ ਦਾ ਝੰਡਾ ਚੀਖ਼ ਚੀਖ਼ ਕੇ ਕਹਿ ਰਿਹਾ ਸੀ ਕਿ ਦਲੀਪ ਸਿੰਘ ਦਾ ਖਾਨਦਾਨੀ ਪਰਿਵਾਰ ਇਸ ਪਾਰਟੀ ਨੂੰ ਪਸੰਦ ਕਰਦਾ ਹੈ। ਅਕਸਰ ਦਲੀਪਾ ਫਰਾਖ ਦਿਲੀ ਨਾਲ ਦਿਲੋਂ ਕਬੂਲਦਾ ਕਿ ਉਨ੍ਹਾਂ ਨੇ ਕਦੇ ਕਿਸੇ ਹੋਰ ਪਾਰਟੀ ਦੇ ਉਮੀਦਵਾਰ ਨੂੰ ਕਦੇ ਵੋਟ ਨਹੀਂ ਪਾਈ ਸੀ। ਪਰ ਅਚਾਨਕ ਬਦਲੇ ਸਮੀਕਰਣ ਨੇ ਜਿਥੇ ਇਲੈਕਸ਼ਨ ਵਿਚ ਖੜ੍ਹੇ ਉਮੀਦਵਾਰਾਂ ਨੂੰ ਨੂੰ ਦੁਚਿੱਤੀ ਵਿਚ ਪਾਇਆ ਹੋਇਆ ਸੀ ਉਥੇ ਪਬਲਿਕ ਦੀ ਚੁੱਪ ਕਿਸੇ ਆਉਣ ਵਾਲੇ ਭਿਆਨਕ ਤੂਫ਼ਾਨ ਵੱਲ ਇਸ਼ਾਰਾ ਕਰ ਰਹੀ ਸੀ। ਸਾਰੀਆਂ ਰਾਜਨੀਤਕ ਪਾਰਟੀਆਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਸੀ। ਉਮੀਦਵਾਰਾਂ ਨਾਲ ਵਰਕਰਾਂ ਦੀਆਂ ਟੀਮਾਂ ਦਿਨ ਰਾਤ ਲੋਕਾਂ ਨਾਲ ਨੁਕੜ ਮੀਟਿੰਗਾਂ ਕਰਨ ਵਿਚ ਜੁਟੀਆਂ ਹੋਈਆਂ ਸਨ। ਪਰ ਉਮੀਦਵਾਰਾਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਸੀ। ਹਰ ਰੋਜ਼ ਹਵਾ ਦਾ ਰੁੱਖ ਨਵੇਂ ਤੋਂ ਨਵੇਂ ਸਮੀਕਰਣ ਪੈਦਾ ਕਰਦਾ ਨਜ਼ਰ ਪੈਂਦਾ। ਡੋਰ ਟੂ ਡੋਰ ਕਰਨ ਵਾਲਿਆਂ  ਵੱਖਰੀਆਂ ਧੂਆਂ ਪੱਟੀਆਂ ਹੋਈਆਂ ਸਨ। ਹਰ ਕੋਈ ਘਟ ਤੋਂ ਘਟ ਸਮੇਂ ਵਿਚ ਵੱਧ ਤੋਂ ਵੱਧ ਵੋਟਾਂ ਲਈ ਅਲੱਗ ਅਲੱਗ ਜੁਗਾੜ ਲਾ ਰਿਹਾ ਸੀ। ਹਰ ਪਾਸੇ ਬੋਰਡ, ਬੈਨਰ, ਝੰਡੀਆਂ ਨਾਲ ਕੀਤੀ ਪੂਰੀ ਸਜਾਵਟ ਰਾਜਨੀਤਕ ਸਰਗਰਮੀਆਂ ਦੀ ਚਹਿਲ ਪਹਿਲ ਕਿਸੇ ਮੇਲੇ ਦਾ ਭੁਲੇਖਾ ਪਾ ਰਹੀ ਸੀ।  ਮੁਦਿਆ ਤੋਂ ਬੇ ਖਬਰ ਕਈ ਪਿਆਕੜ , ਅਤੇ  ਚੂੰਝਾ ਭਰਨ ਵਾਲੇ ਇਸ ਮੇਲੇ ਦਾ ਪੂਰਾ ਲੁਤਫ਼ ਉਠਾ ਰਹੇ ਸਨ। ਦਲੀਪ ਸਿੰਘ ਚਿੰਤਾ ਵਿਚ ਸੀ ਕਿ ਉਨ੍ਹਾਂ ਦਾ ਚਹੇਤਾ ਚਿਹਰਾ ਉਨ੍ਹਾਂ ਦੇ ਘਰ ਅਜੇ ਤੱਕ ਨਹੀਂ ਪੁਜਿਆ ਸੀ। ਅਚਾਨਕ ਉਡੀਕ ਦੀਆਂ ਘੜੀਆਂ ਖਤਮ ਹੋਈਆਂ ਲੀਡਰ ਸਹਿਬਾਨ ਪੂਰੇ ਕਾਫਲੇ ਨਾਲ ਦਲੀਪੇ ਦੇ ਘਰੇ ਆਣ ਗੱਜਿਆ ਸੀ। ਦਲੀਪੇ ਨੇ ਪੁਰੀ ਵਾਹ ਲਾ ਕੇ ਆਂਢ ਗੁਆਂਢ ਸ਼ਰੀਕੇ ਦੇ ਬੰਦੇ ਇਕੱਠੇ ਕੀਤੇ ਟਹਿਲ ਸੇਵਾ ਕੀਤੀ। ਚਹੇਤਾ ਲੀਡਰ ਦਲੀਪੇ ਨੂੰ ਮੁਖ਼ਾਤਿਬ ਹੁੰਦਿਆਂ ਬੋਲਿਆ ਦਲੀਪ ਸਿਆਂ ਸਾਡੀ ਇਜ਼ਤ ਤੇਰੇ ਹੱਥ ਵਿਚ ਹੈ। ਵੋਟਾਂ ਦਾ ਪੂਰਾ ਖਿਆਲ ਰੱਖਿਓ ਕੋਈ ਵੋਟ ਇਧਰ ਉਧਰ ਨਾ ਜਾਵੇ। ਦਲੀਪੇ ਨੇ ਆਪ ਵੀ ਸੋਂਹ ਖਾਦੀ ਅਤੇ ਇਕੱਠੇ ਕੀਤੇ ਲੋਕਾਂ ਨੂੰ ਵੀ ਸੋਂਹ ਖੁਵਾਉਦਿਆ ਆਖਿਆ ਤੁਸੀਂ ਫ਼ਿਕਰ ਨਾ ਕਰੋ ਇਹ ਸਭ ਤੁਹਾਡੀਆਂ ਪਕੀਆਂ ਵੋਟਾਂ ਨੇ ਤੁਸੀਂ ਆ ਗਏ ਹੁਣ ਵੋਟਾਂ ਤੁਹਾਡੇ ਉਮੀਦਵਾਰ ਨੂੰ ਹੀ ਪੈਣਗੀਆਂ। ਅਚਾਨਕ ਪੀ ਏ ਬੋਲਿਆ, ਦਲੀਪ ਸਿਆਂ ਜਦੋਂ ਵੋਟਾਂ ਪਾਉਣ ਗਏ ਤਾਂ ਈ ਵੀ ਐਮ ਮਸ਼ੀਨ ਤੇ ਪਾਰਟੀ ਦਾ ਬਟਨ ਦਬਾ ਕਿ ਫੋਟੋਆ ਖਿਚ ਲਿਓ ਤੇ ਮੇਰੇ ਫੋਨ ਤੇ ਵਟਸਐਪ ਕਰ ਦਿਓ , ਜੇ ਨਾ ਕੀਤੀਆਂ ਤਾਂ ਤੁਹਾਨੂੰ ਸੋਂਹ ਲਗੇ। ਦਲੀਪ ਸਿੰਘ ਨੇ ਕਿਹਾ ਇਹ ਖਾਨਦਾਨੀ ਵੋਟਾਂ ਨੇ ਫ਼ਿਕਰ ਨਾ ਕਰੋ, ਵਟਸਐਪ ਕਰ ਦਿਆਂਗੇ।  ਵੋਟਾਂ ਦਾ ਦਿਨ ਆ ਗਿਆ ਸੀ ਸਭ ਨੇ ਚਾਅ ਉਤਸ਼ਾਹ ਨਾਲ ਵਾਅਦਾ ਨਿਭਾਇਆ ਹਰੇਕ ਨੇ ਵੋਟ ਪਾਉਂਦਿਆਂ ਦੀ ਫੋਟੋ ਖਿਚ ਲਈ ਸੀ ਦਲੀਪ ਸਿੰਘ ਬੋਲਿਆ ਲੈ ਬਈ ਕਾਕਾ ਆਪਣੇ ਲੀਡਰ ਸਾਹਬ ਦੇ ਫੋਨ ਤੇ ਸਾਰੀਆਂ ਫੋਟੋਆਂ ਵਟਸਐਪ ਕਰ ਦੇ , ਮੁਡੇ ਨੇ ਸਾਰੀਆਂ ਫੋਟੋਆਂ ਵਟਸਐਪ ਕਰਕੇ ਫੋਨ ਦਲੀਪ ਸਿੰਘ ਨੂੰ ਫੜਾ ਦਿੱਤਾ ਸੀ । ਦਲੀਪ ਸਿੰਘ ਨੇ ਬੜੇ ਚਾਅ ਨਾਲ ਚਹੇਤੇ ਲੀਡਰ ਨੂੰ ਫੋਨ ਲਗਾਇਆ ਤੇ ਬੋਲਿਆ, ਹਾਂ ਜੀ ਸਰ ਜੀ, ਵਧਾਈ ਹੋਵੇ, ਅਸੀਂ ਆਪਣਾ ਵਾਅਦਾ ਨਿਭਾ ਦਿੱਤਾ ਹੈ, ਦੇਖ ਲਓ ਵੋਟਾਂ ਪਾਉਂਦਿਆਂ ਦੀਆਂ ਸਾਰੀਆਂ ਫੋਟੋਆਂ ਤੁਹਾਡੇ ਨੰਬਰ ਤੇ ਵੀ ਵਟਸਐਪ ਵੀ ਕਰ ਦਿਤੀਆਂ ਹਨ , ਹੁਣ ਕੀ ਕਹੋਗੇ। ਅਗੋਂ ਚਹੇਤੇ ਲੀਡਰ ਦਾ ਜਵਾਬ ਆਇਆ , ਦਲੀਪ ਸਿਆਂ , ਹੁਣ ਕੀ ਫਾਇਦਾ ਤੇਈਆ ਵੋਟਾਂ ਦਾ,  ਮੈਂ ਤਾਂ ਪਾਰਟੀ ਹੀ ਬਦਲ ਲਈ ਆ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ 
ਮਹਿਤਪੁਰ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਕੂਲ ਰਾਮਪੁਰ ਜਗੀਰ ਦੀ ਰਮਨੀਤ ਕੌਰ ‘ਮਾਤਾ ਅਜੀਤ ਕੌਰ ਯਾਦਗਾਰੀ ਐਵਾਰਡ’ ਨਾਲ ਸਨਮਾਨਿਤ
Next articleਬਲਕੌਰ ਸਿੰਘ ਸਿੱਧੂ ਨੇ ਜਲੰਧਰ ਦੇ ਲੋਕਾਂ ਨੂੰ ਚਰਨਜੀਤ ਚੰਨੀ ਨੂੰ ਜਿਤਾਉਣ ਦੀ ਅਪੀਲ ਕੀਤੀ