ਕਸੂਰ

(ਸਮਾਜ ਵੀਕਲੀ)

“ਸੁਣੋ, ਸਾਰੀ ਰਾਤ ਚੈਟ ਕਰਨੀ ਆਂ ਅੱਜ । ਤੁਸੀਂ ਬਸ ਫਰੀ ਹੋ ਕੇ ਮੈਨੂੰ ਮੈਸੇਜ ਕਰੋ ।” “ਪਰ ਯਾਰ ! ਤੈਨੂੰ ਕਿੰਨੀ ਵਾਰ ਦੱਸਿਆ ਕਿ ਰਾਤ ਨੂੰ ਪਤਨੀ ਤੇ ਬੱਚੇ ਕੋਲ ਹੁੰਦੇ, ਕਿੱਦਾਂ ਕਰਾਂਗੇ ਚੈਟਿੰਗ?” “ਮੈਨੂੰ ਨੀਂ ਪਤਾ ,ਜੋ ਮਰਜ਼ੀ ਕਰੋ । ਜੇ ਮੇਰੇ ਨਾਲ ਰਿਸ਼ਤਾ ਬਣਾਇਆ ਤਾਂ ਨਿਭਾਉਣਾ ਵੀ ਪਵੇਗਾ ਤੇ ਤੁਹਾਨੂੰ ਪਤਾ ਜਦ ਅਗਲੇ ਦਿਨ ਛੁੱਟੀ ਹੁੰਦੀ ਆ, ਮੈਂ ਤੁਹਾਡੇ ਨਾਲ ਗੱਲ ਕਰਨੀ ਈ ਹੁੰਦੀ ਐ । ਬਸ ਮੈਨੂੰ ਕੁਝ ਨਹੀਂ ਪਤਾ ਬਾਕੀ ਆਪੇ ਦੇਖੋ।”

ਮੈਸੇਜ ਚੈਟ ਕਰਕੇ ਅਜੇ ਸੁਰਜੀਤ ਨੇ ਮੋਬਾਇਲ ਰੱਖਿਆ ਹੀ ਸੀ ਕਿ ਉਸ ਦੀ ਪਤਨੀ ਮੁਸਕਰਾਉਂਦੀ ਹੋਈ ਉਸ ਲਈ ਰਾਤ ਦੀ ਗਰਮ -ਗਰਮ ਰੋਟੀ ਬਣਾ ਕੇ ਲੈ ਆਈ । ਤੇ ਕੋਲ ਬੈਠ ਕੇ ਗੱਲਾਂ ਕਰਨ ਲੱਗੀ।

ਰੋਟੀ ਖਾਂਦੇ- ਖਾਂਦੇ ਸੁਰਜੀਤ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ‘ਅੱਜ ਮੈਨੂੰ ਦਫ਼ਤਰ ਦਾ ਬਹੁਤ ਕੰਮ ਹੈ ਇਸ ਲਈ ਮੈਂ ਦੂਸਰੇ ਕਮਰੇ ਵਿੱਚ ਸੌਂਵਾਂਗਾ ।’

“ਕੀ ਦਫ਼ਤਰ ਦਾ ਕੰਮ? ਸਵੇਰੇ ਦੇ ਹੁਣ ਘਰ ਵੜੇ ਓ । ਤੇ ਉਹ ਵੀ ਹੁਣ ਅਲੱਗ ਕਮਰੇ ਵਿੱਚ ਸੌਣਾ । ਇਹ ਕੀ ਗੱਲ ਹੋਈ । ਮੈਨੂੰ ਨਹੀਂ ਪਤਾ , ਤੁਸੀਂ ਜਿਥੇ ਸੌਵੋਂਗੇ ਅਸੀਂ ਵੀ ਉੱਥੇ ਹੀ ਸੌਂਵਾਂਗੇ ਬਸ ਕਹਿ ਦਿੱਤਾ ਮੈਂ । ਪੂਰਾ ਦਿਨ ਦਫ਼ਤਰ ਦੇ ਹੀ ਕੰਮ ਕਰਦੇ ਹੋ । ਪੂਰਾ ਦਿਨ ਤੁਹਾਡਾ ਇੰਤਜ਼ਾਰ ਕਰੋ ਤੇ ਤੁਹਾਡੇ ਕੋਲ ਸਾਡੇ ਲਈ ਟਾਈਮ ਹੀ ਨਹੀਂ ।”

“ਫਾਲਤੂ ਨਾ ਬੋਲ। ਮੈਂ ਦੂਜੇ ਕਮਰੇ ‘ਚ ਹੀ ਸੌਣਾ ਬਸ ਕਹਿ ਤਾਂ ਮੈਂ। ਜਦੋਂ ਦੇਖੋ ਤੇਰੀ ਕਿਚ -ਕਿਚ ,ਕਿਚ ਕਿਚ । ਤੇ ਪਤੀ ਨੇ ਗੁੱਸੇ ‘ਚ ਚੀਕਦਿਆਂ ਰੋਟੀ ਵਾਲੀ ਥਾਲੀ ਵਗਾਹ ਕੇ ਮਾਰੀ ਤੇ ਉੱਠ ਕੇ ਦੂਜੇ ਕਮਰੇ ਵਿੱਚ ਚਲਾ ਗਿਆ ਤੇ ਕੁੰਡੀ ਲਗਾ ਕੇ ਮੋਬਾਇਲ ਲੈ ਕੇ ਬੈਠ ਗਿਆ।

ਇਹ ਸਭ ਦੇਖਦੇ -ਸੁਣਦੇ ਬੱਚੇ ਕੋਲ ਬੌਂਦਲੇ ਖਡ਼੍ਹੇ ਸਨ । ਭਰੀਆਂ ਅੱਖਾਂ ਨਾਲ ਜ਼ਮੀਨ ਤੇ ਦੂਰ- ਦੂਰ ਤੱਕ ਬਿਖਰ ਚੁੱਕੀ ਰੋਟੀ -ਸਬਜ਼ੀ ਨੂੰ ਚੁੱਕਦੀ ਹੋਈ ਉਸ ਦੀ ਪਤਨੀ ਆਪਣਾ ਕਸੂਰ ਲੱਭ ਰਹੀ ਸੀ।

ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ

 

Previous articleਲਾਲਸਾ
Next articleਗ਼ਜ਼ਲ