HOME ਨੌਜਵਾਨੀ ਨੂੰ ਫੌਜਾ ਸਿੰਘ ਦੇ ਸਿਰੜ ਤੇ ਮਿਹਨਤ ਤੋਂ ਸਬਕ ਲੈਣ ਦੀ...

ਨੌਜਵਾਨੀ ਨੂੰ ਫੌਜਾ ਸਿੰਘ ਦੇ ਸਿਰੜ ਤੇ ਮਿਹਨਤ ਤੋਂ ਸਬਕ ਲੈਣ ਦੀ ਲੋੜ

3
ਸ ਫੌਜਾ ਸਿੰਘ
(29 ਅਗਸਤ ਰਾਸ਼ਟਰੀ ਖੇਡ ਦਿਵਸ ਤੇ ਵਿਸ਼ੇਸ਼)
ਬਲਵੀਰ ਸਿੰਘ ਬਾਸੀਆਂ

   (ਸਮਾਜ ਵੀਕਲੀ)    ਹਰ ਸਾਲ ਅਸੀਂ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਮਨਾਉਂਦੇ ਹਾਂ। ਇਸ  ਤਰ੍ਹਾਂ ਦੇ ਵਿਸ਼ੇਸ਼ ਦਿਨ ਅਸੀਂ ਉਹਨਾਂ ਮਹਾਨ ਖਿਡਾਰੀਆਂ ਜਾਂ ਮਹਾਨ ਸਖਸ਼ੀਅਤਾਂ ਦੇ ਮਨਾਉਂਦੇ ਹਾਂ, ਜਿਹਨਾਂ ਨੇ ਆਮ-ਸਧਾਰਨ ਜਿੰਦਗੀ  ਜਿਉਣ ਦੇ ਰਾਹ ਤੋਂ ਹਟ ਕੇ ਕੁਝ ਅਜਿਹੀਆਂ ਲੀਕਾਂ ਖਿੱਚੀਆਂ ਜੋ ਸਦਾ ਲਈ ਮੀਲ ਪੱਥਰ ਸਾਬਤ ਹੋਈਆਂ। ਅੱਜ ਧਿਆਨ ਚੰਦ ਦੇ ਜਨਮ ਦਿਨ ਮੌਕੇ ਜਿੱਥੇ ਅਸੀਂ ਉਹਨਾਂ ਨੂੰ ਜਨਮ ਦਿਨ ਮੁਬਾਰਕ ਕਹਿਣ ਦਾ ਯਤਨ ਕਰਾਂਗੇ, ਉੱਥੇ ਬਜੁਰਗ ਦੌੜਾਕ ਸ ਫੌਜਾ ਸਿੰਘ ਦੀ ਗੱਲ ਵੀ ਕਰਾਂਗੇ ਕਿ ਕਿਵੇਂ ਉਹਨਾਂ ਨੇ ਆਪਣੇ ਪੁੱਤਰ ਤੇ ਪਤਨੀ ਦੀ ਉਪਰਥਲੀ ਹੋਈ ਮੌਤ ਦੇ ਨਿਰਾਸ਼ਾ ਦੇ ਆਲਮ ਚੋਂ ਨਿਕਲ, ਉਸ ਉਮਰ ਵਿੱਚ ਦੌੜਨਾ ਸ਼ੁਰੂ ਕੀਤਾ, ਜਿਸ ਉਮਰ ਵਿੱਚ ਸਾਡੀ ਸੋਚ ਨਾਮ ਜਪ ਕੇ ਅਗਲਾ ਜਨਮ ਸੁਧਾਰਨ ਦੀ ਹੁੰਦੀ ਹੈ। ਜੀਵਨ ਦੇ ਨੌਵੇਂ ਦਹਾਕੇ ਦੇ ਸ਼ੁਰੂ ਵਿੱਚ ਦੌੜਨਾ ਸ਼ੁਰੂ ਕਰਨਾ ਆਪਣੇ ਆਪ ਵਿੱਚ ਹੀ ਇੱਕ ਮਿਸਾਲ ਹੈ। ਵੱਖ-ਵੱਖ ਲੇਖਕਾਂ ਦੁਆਰਾ ਦਿੱਤੇ ਕਥਨਾਂ ਸਬੰਧੀ ਕਿ ਉਹਨਾਂ ਦੀ ਅਸਲ ਜਨਮ ਤਰੀਕ ਦਾ ਤਾਂ ਪਤਾ ਨਹੀਂ ਤੇ ਅਟੇ-ਸਟੇ ਲਿਖੀ ਤਰੀਕ ਅਨੁਸਾਰ ਉਹ 114 ਵਰ੍ਹੇ ਵਿੱਚ ਵੀ ਪੂਰੀ ਚੜ੍ਹਦੀ ਕਲਾ ਵਿੱਚ ਸਨ। ਪਿਤਾ ਮਿਹਰ ਸਿੰਘ ਦੇ ਘਰ ਤੇ ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਿੰਡ ਬਿਆਸ ਚ ਪੈਦਾ ਹੋਇਆ ਫੌਜਾ ਸਿੰਘ, ਜਿਸ ਦੇ ਜਨਮ ਸਮੇਂ ਬਚਣ ਦੀ ਉਮੀਦ ਨਹੀਂ ਸੀ ਤੇ ਜੋ ਬਚਪਨ ਵਿੱਚ ਨਾਂ ਖੇਡਣ ਜੋਗਾ ਸੀ ਤੇ ਨਾਂ ਹੀ ਪੜਨ ਜੋਗਾ।  ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਦੇ ਕਹਿਣ ਅਨੁਸਾਰ “ਉਹ ਪੰਜ ਸਾਲ ਦੀ ਉਮਰ ਤੱਕ ਪੰਜ ਕਦਮ ਵੀ ਨਹੀਂ ਤੁਰ ਸਕਿਆ ਪਰ ਪਿੱਛੋਂ ਏਨਾ ਤੁਰਿਆ,ਏਨਾ ਦੌੜਿਆ ਉਮਰ ਦੇ 80ਵਿਆਂ ਤੋਂ ਲੈ ਕੇ 110ਵਿਆਂ ਤਾਈਂ  ਦੌੜ-ਦੌੜ ਧਰਤੀ ਹੀ ਘਸਾ ਦਿੱਤੀ!” ਇੰਗਲੈਂਡ ਵਿਚ ਆਪਣੇ ਵੱਡੇ ਪੁੱਤਰ ਕੋਲ ਰਹਿੰਦਿਆਂ ਉਸ ਦੀ ਮੁਲਾਕਾਤ ਦੌੜਾਕ ਹਰਮੰਦਰ ਸਿੰਘ ਨਾਲ ਹੁੰਦੀ ਹੈ ਜੋ ਉਸ ਨੂੰ ਨਿਰਾਸ਼ਾ ਦੇ ਆਲਮ ਚੋਂ ਨਿਕਲ ਕੇ ਦੌੜਨ ਲਈ ਪ੍ਰੇਰਿਤ ਕਰਦਾ ਹੈ। ਉਸ ਦੀ ਪ੍ਰੇਰਨਾ ਸਦਕਾ ਹੀ ਫੌਜਾ ਸਿੰਘ ਨੇ ਆਪਣੇ ਸਿਰੜ ਤੇ ਮਿਹਨਤ ਨਾਲ ਦੌੜਨਾ ਸ਼ੁਰੂ ਕੀਤਾ। ਪਹਿਲਾਂ ਘਰ ਤੋਂ ਗੁਰਦੁਆਰੇ ਤੱਕ, ਫਿਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ। ਹਰਮੰਦਰ ਸਿੰਘ ਨੂੰ ਕੋਚ ਮੰਨ ਮੈਰਾਥਨ ਵਿਚ ਹਿੱਸਾ ਲੈਣ ਲੱਗਾ । ਫੌਜਾ ਸਿੰਘ ਨੇ ਯੂ ਕੇ ਵਿੱਚ ਆਪਣੇ ਉਮਰ ਵਰਗ 90 ਪਲੱਸ ਵਿੱਚ 200 ਮੀਟਰ, 400 ਮੀਟਰ, 800 ਮੀਟਰ, ਮੀਲ ਅਤੇ 3000 ਮੀਟਰ ਦੇ ਰਿਕਾਰਡ ਕਾਇਮ ਕੀਤੇ। ਉਹਨਾਂ ਭਾਰਤੀ ਮੂਲ ਦੇ ਸਿੱਖ ਅਥਲੀਟ ਵਜੋਂ ਬ੍ਰਿਟਿਸ਼ ਨਾਗਰਿਕ ਦੇ ਤੌਰ ਤੇ 2003 ਵਿੱਚ 92 ਸਾਲ ਦੀ ਉਮਰ ਵਿੱਚ ਟੋਰਾਂਟੋ ਮੈਰਾਥਨ ਵਿਚ ਹਿੱਸਾ ਲੈ ਕੇ ਵਿਸ਼ਵ ਰਿਕਾਰਡ ਬਣਾਇਆ।  ਮਾਣ ਨਾਲ ਪੱਗ ਤੇ ਹਮੇਸ਼ਾ ਖੰਡਾ ਲਾ ਕੇ ਦੌੜਿਆ ਤੇ ਆਪਣੀ ਵੱਖਰੀ ਪਹਿਚਾਣ ਰੱਖੀ ।  16 ਅਕਤੂਬਰ 2011 ਨੂੰ ਟੋਰਾਂਟੋ ਦੀ ਮੈਰਾਥਨ ਦੌੜ ਪੂਰੀ ਕਰਕੇ  ਉਹ 100 ਸਾਲ ਦੀ ਉਮਰੇ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਅਥਲੀਟ ਵੀ ਬਣਿਆ। ਇਹ ਮੈਰਾਥਨ ਉਸ ਨੇ ਸਵਾ ਅੱਠ ਘੰਟੇ ਵਿੱਚ ਪੂਰੀ ਕੀਤੀ। ਉਸ ਸਮੇਂ ਅਸਲ ਜਨਮ ਸਰਟੀਫਿਕੇਟ ਨਾਂ ਹੋਣ ਕਾਰਨ ਉਸ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਦਰਜ ਹੋਣ ਤੋਂ ਰਹਿ ਗਿਆ। ਬੇਸ਼ੱਕ ਆਪ ਉਸ ਨੇ ਉਲੰਪਿਕ ਖੇਡਾਂ ਵਿੱਚ ਭਾਗ ਨਹੀਂ ਲਿਆ ਪਰ ਤਿੰਨ ਉਲੰਪਿਕਸ ‘ਚ  ਮਸ਼ਾਲ ਮਾਰਚ ਵਿੱਚ ਦੌੜਨ ਵਾਲਾ ਫੌਜਾ ਸਿੰਘ ਜਦੋਂ 2012 ਦੀਆਂ ਉਲੰਪਿਕ ਖੇਡਾਂ ਵੇਲੇ ਪੱਗ ਤੇ ਖੰਡਾ ਲਾ ਲੰਡਨ ਦੀਆਂ ਸੜਕਾਂ ‘ਤੇ ਦੌੜਿਆ ਤਾਂ ਰਸਤੇ ਵਿੱਚ ਛਬੀਲਾਂ ਤੇ ਲੰਗਰ ਲੱਗ ਗਏ ਸਨ ਤੇ ਉਹ ਦੁਨੀਆਂ ਭਰ ਦੇ ਮੀਡੀਆ ਦੀਆਂ ਸੁਰਖੀਆਂ ਬਣ ਗਿਆ। ਤਾਕਤ ਦਾ ਪ੍ਰਤੀਕ ਮੰਨੇ ਜਾਂਦੇ ਦਾਰਾ ਸਿੰਘ ਤੇ ਦੌੜਨ ਦਾ ਮਹਾਂਰਥੀ ਮੰਨੇ ਜਾਂਦੇ ਫੌਜਾ ਸਿੰਘ ਨੂੰ ਬੇਸ਼ੱਕ ਕੋਈ ਮਾਨਤਾ ਪ੍ਰਾਪਤ ਖੇਡ ਪੁਰਸਕਾਰ ਜਿਵੇਂ ਅਰਜੁਨਾ ਐਵਾਰਡ ਜਾਂ ਮਹਾਰਾਜਾ ਰਣਜੀਤ ਸਿੰਘ  ਜਿਹੇ ਐਵਾਰਡ ਨਹੀਂ ਮਿਲੇ ਪਰ ਪੂਰੀ ਦੁਨੀਆਂ ਉਹਨਾਂ ਨੂੰ ਜਾਣਦੀ ਹੈ।  ਰੱਬ ਦਾ ਸ਼ੁਕਰ ਕਰਨ ਵਾਲਾ ਫੌਜਾ ਸਿੰਘ ਆਖਦਾ ਹੈ ਕਿ ਕਮਾਉਣ ਨੂੰ ਤਾਂ ਭਾਵੇਂ ਉਹ ਮਿਲੀਅਨਾਂ ਚ ਕਮਾ ਸਕਦਾ ਸੀ ਪਰ ਕਿਸ ਲਈ! ਲੋੜ ਜਿੰਨਾ ਰੱਬ ਨੇ ਬਹੁਤ ਕੁਝ ਦਿੱਤਾ ਹੈ । ਜਿਸ ਤਰ੍ਹਾਂ ਅਜੋਕੇ ਕਾਰਪੋਰੇਟ ਸਿਸਟਮ ਨੇ ਖਿਡਾਰੀਆਂ ਨੂੰ ਪੈਸੇ ਕਮਾਉਣ ਦੀਆਂ ਮਸ਼ੀਨਾਂ ਬਣਾ ਦਿੱਤਾ ਹੈ, ਉੱਥੇ ਫੌਜਾ ਸਿੰਘ ਹੋਰਾਂ ਨੇ ਸਬਰ ਤੇ ਸੰਤੋਖ ਦਾ ਹੋਕਾ ਵੀ ਦਿੱਤਾ ਹੈ। ਬੇਫ਼ਿਕਰ, ਬੇਪ੍ਰਵਾਹ, ਬੇਬਾਕ , ਸਿਰੜੀ, ਮਿਹਨਤੀ ਤੇ ਮੰਜਲਾਂ ਸਰ ਕਰਨ ਵਾਲੇ ਫੌਜਾ ਸਿੰਘ ਲਈ ਇਸ ਤੋਂ ਵੱਧ ਹੋਰ ਕੀ ਮਾਣ ਹੋਏਗਾ ਕਿ ਉਸ  ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜਾਬੈੱਥ ਨੇ ਸੌ ਸਾਲਾ ਸੀਨੀਅਰ ਸਿਟੀਜਨ ਹੋਣ ਤੇ ਵਧਾਈ ਦਿੱਤੀ ਹੋਵੇ ਤੇ ਸ਼ਾਹੀ ਮਹਿਲਾਂ ਚ ਖਾਣੇ ਤੇ ਸੱਦਿਆ ਹੋਵੇ।  ਵਿਸ਼ਵ ਪ੍ਰਸਿੱਧ ਸਪੋਰਟਸ ਵੇਅਰ ਨਿਰਮਾਤਾ ਐਡੀਡਾਸ ਨੇ ਉਸ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ। ਉਹ ਵੱਖ-ਵੱਖ ਚੈਰਿਟੀ ਫਾਊਂਡੇਸ਼ਨਾਂ ਦੇ ਹੌਸਲਾ ਅਫਜਾਈ ਲਈ ਵੀ ਦੌੜਦਾ ਰਿਹਾ ਤੇ ਦਾਨੀ ਵਜੋਂ ਆਪਣਾ ਯੋਗਦਾਨ ਪਾਉਂਦਾ ਰਿਹਾ। ਅੱਜ ਦੀ ਨੌਜਵਾਨ ਪੀੜੀ ਦਾ ਬਹੁਤਾ ਹਿੱਸਾ, ਜਦੋਂ ਜਿੰਦਗੀ ਦੀਆਂ ਅਸਫਲਤਾਵਾਂ ਤੋਂ ਨਿਰਾਸ਼ ਹੋ ਨਸ਼ਿਆਂ ਦੀ ਲਪੇਟ ਵਿੱਚ ਜਾਂ ਖੁਦਕੁਸ਼ੀਆਂ ਵਾਲੇ ਪਾਸੇ ਜਾਣ ਦੀ ਸੋਚ ਦਾ ਹੈ ਤਾਂ ਉਹਨਾਂ ਨੂੰ ਇੱਕ ਵਾਰ ਇਸ ਮਹਾਨ ਬਜੁਰਗ ਦੌੜਾਕ ਦੀ ਕਹਾਣੀ ਜਰੂਰ ਸੁਣ ਲੈਣੀ ਚਾਹੀਦੀ ਹੈ ਕਿ ਇਹ ਜਿੰਦਗੀ ਸਾਨੂੰ ਕੁਦਰਤ ਦਾ ਦਿੱਤਾ ਅਨਮੋਲ ਤੋਹਫਾ ਹੈ। ਇਸ ਵਿੱਚ ਉਤਰਾਅ- ਚੜਾਅ ਆਉਂਦੇ ਰਹਿੰਦੇ ਹਨ। ਹਰ ਰਾਤ ਤੋਂ ਬਾਅਦ ਦਿਨ ਚੜ੍ਹਦਾ ਹੈ। ਗਮ ਦੇ ਨਾਲ- ਨਾਲ ਖੁਸ਼ੀਆਂ ਨੇ ਵੀ ਇਸ ਜਿੰਦਗੀ ਵਿੱਚ ਆਉਣਾ ਹੁੰਦਾ ਹੈ। ਹਰ ਅਸਫਲਤਾ ਤੋਂ ਬਾਅਦ ਸਫਲਤਾ ਦਾ ਰਾਹ ਪੱਧਰਾ ਹੁੰਦਾ ਜਾਂਦਾ ਹੈ। ਲੋਕਾਂ ਦੀ ਜਿੰਦਗੀ ਨੂੰ ਬਲਬ ਦੀ ਰੌਸ਼ਨੀ ਨਾਲ ਰੁਸ਼ਨਾਉਣ ਵਾਲਾ ਥੌਮਸ ਐਡੀਸਨ ਵੀ ਇਸ ਨੂੰ ਬਣਾਉਣ ਵਿੱਚ ਹਜਾਰ ਵਾਰ ਫੇਲ੍ਹ ਹੋਇਆ ਸੀ। ਸੋ ਸਾਨੂੰ ਜਿੰਦਗੀ ਵਿੱਚ ਮਿਲੀਆਂ ਗਮੀਆਂ ਜਾਂ ਅਸਫਲਤਾਵਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਤੇ ਮਹਾਨ ਬਜੁਰਗ ਦੌੜਾਕ ਫੌਜਾ ਸਿੰਘ ਵਰਗਿਆਂ ਦੀ ਜਿੰਦਗੀ ਤੋਂ ਸੇਧ ਲੈ ਆਪਣੀ ਜਿੰਦਗੀ ਵੀ ਸਫਲ ਬਣਾਉਣੀ ਚਾਹੀਦੀ ਹੈ। ਇਹੀ ਸੰਦੇਸ਼ ਅੱਜ ਦੇ ਰਾਸ਼ਟਰੀ ਖੇਡ ਦਿਵਸ ਮੌਕੇ ਸਾਨੂੰ ਹਰ ਘਰ ਪਹੁੰਚਾਉਣ ਦੀ ਲੋੜ ਹੈ।

ਜਿੰਦਗੀ ਜਿੰਦਾਬਾਦ। 
ਬਲਵੀਰ ਸਿੰਘ ਬਾਸੀਆਂ 
ਪਿੰਡ ਤੇ ਡਾਕ ਬਾਸੀਆਂ ਬੇਟ ( ਲੁਧਿ:)
8437600371
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleEPIDURALS IN MODERN MEDICINE
Next articleਸਮੁੱਚੇ ਪੰਜਾਬ ਵਿੱਚ ਹੜ੍ਹ ਸਰਹੰਦ ਨਹਿਰ ਦਾ ਪਾਣੀ ਉਤਰਿਆ ਕਾਰਨ ?