ਕਿਸਾਨ ਦਿੱਲੀ ਦੇ ਬਾਰਡਰਾਂ ’ਤੇ ਅੱਜ ਮਨਾਉਣਗੇ ਫ਼ਤਹਿ ਦਿਵਸ

ਨਵੀਂ ਦਿੱਲੀ (ਸਮਾਜ ਵੀਕਲੀ): ਮੋਰਚਾ ਫਤਹਿ ਕਰਨ ਮਗਰੋਂ ਕਿਸਾਨ ਹੁਣ ਸ਼ਨਿਚਰਵਾਰ ਨੂੰ ਦਿੱਲੀ ਦੇ ਬਾਰਡਰਾਂ ’ਤੇ ਫ਼ਤਹਿ ਦਿਵਸ ਮਨਾਉਣਗੇ। ਮੋਰਚੇ ਨੇ ਇਸ ਖਾਸ ਮੌਕੇ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਹੈ। ਇਸ ਮੌਕੇ ਮੋਰਚੇ ਵਿੱਚ ਅਹਿਮ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਉਧਰ ਜਿੱਤ ਮਗਰੋਂ ਕਾਹਲੇ ਪਏ ਕੁਝ ਕਿਸਾਨਾਂ ਨੇ ਅੱਜ ਸ਼ਾਮ ਨੂੰ ਹੀ ਘਰ ਵਾਪਸੀ ਲਈ ਚਾਲੇ ਪਾ ਦਿੱਤੇ ਹਨ। ਕਿਸਾਨਾਂ ਨੇ ਅੱਜ ਆਪਣੇ ਤੰਬੂ ਤੇ ਬੰਬੂ ਪੁੱਟ ਕੇ ਸਾਮਾਨ ਟਰਾਲੀਆਂ, ਟਰੱਕਾਂ ਵਿੱਚ ਲੱਦ ਲਿਆ। ਕਿਸਾਨਾਂ ਦੇ ਕਾਫਲੇ ਅੱਜ ਸ਼ਾਮ ਨੂੰ ਹੀ ਪੰਜਾਬ ਤੇ ਹਰਿਆਣਾ ਵੱਲ ਨੂੰ ਤੁਰ ਪਏ, ਜਿਸ ਕਾਰਨ ਕੌਮੀ ਮਾਰਗਾਂ ਉਪਰ ਖਾਸ ਕਰਕੇ ਬਾਰਡਰਾਂ ਨੇੜੇ ਜਾਮ ਵਾਲੇ ਹਾਲਾਤ ਬਣ ਗਏ। ਲੋਕਾਂ ਨੇ ਮੁੱਖ ਸਟੇਜ ਨਜ਼ਦੀਕ ਵੱਡੇ ਲੰਗਰਾਂ ਵਾਲੇ ਪੰਡਾਲ ਵੀ ਹਟਾ ਦਿੱਤੇ ਹਨ।

ਹਾਲਾਂਕਿ ਕਿਸਾਨਾਂ ਨੇ ਅੱਜ ਰਾਤ ਤੇ ਭਲਕੇ ਸਵੇਰ ਦੇ ਖਾਣੇ ਲਈ ਸਾਰੇ  ਪ੍ਰਬੰਧ ਕਰ ਲੲੇ ਹਨ। ਸਿੰਘੂ ਬਾਰਡਰ ਦੀ ਮੁੱਖ ਸਟੇਜ ਨੂੰ ਵੀ ਪੁੁੱਟ ਦਿੱਤਾ ਗਿਆ ਹੈ। ਇਹ ਆਰਜ਼ੀ ਸਟੇਜ ਲੋਹੇ ਦੀਆਂ ਰਾਡਾਂ ਤੇ ਟੀਨ ਦੀ ਛੱਤ ਪਾ ਕੇ ਬਣਾਈ ਗਈ ਸੀ। ਇਸ ਦੌਰਾਨ ਕਿਸਾਨਾਂ ਨੇ ਰਾਤ ਸਮੇਂ ਪਟਾਕੇ ਚਲਾਏ ਤੇ ਆਤਿਸ਼ਬਾਜ਼ੀ ਕੀਤੀ। ਸੰਯੁਕਤ ਕਿਸਾਨ ਮੋਰਚਾ ਗਾਜ਼ੀਪੁਰ ਬਾਰਡਰ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਦੱਸਿਆ ਕਿ 11 ਦਸੰਬਰ ਨੂੰ ਗਾਜ਼ੀਪੁਰ ਬਾਰਡਰ ’ਤੇ ਵਿਜੈ ਦਿਵਸ ਇਸੇ ਮੰਚ ਰਾਹੀਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਜੈ ਦਿਵਸ ਲਈ ਸਥਾਨਕ ਲੋਕਾਂ ਨੂੰ ਵੀ ਸੱਦਾ ਦਿੱਤਾ ਜਾ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇਣ ਵਾਲੀਆਂ ਜਥੇਬੰਦੀਆਂ ਅਤੇ ਸਹਿਯੋਗੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਲਕੇ ਸਾਰਾ ਦਿਨ ਬਾਰਡਰ ’ਤੇ ਪ੍ਰੋਗਰਾਮ ਹੋਣਗੇ ਤੇ ਸ਼ਾਮ ਨੂੰ ਕਿਸਾਨ ਮਜ਼ਦੂਰ ਖੁਸ਼ੀਆਂ ਮਨਾਉਣਗੇ। ਉਨ੍ਹਾਂ ਕਿਹਾ ਕਿ ਕਿਸਾਨ 12 ਦਸੰਬਰ ਨੂੰ ਗਾਜ਼ੀਪੁਰ ਬਾਰਡਰ ਤੋੋਂ ਨਿਕਲਣੇ ਸ਼ੁਰੂ ਹੋ ਜਾਣਗੇ। 15 ਦਸੰਬਰ ਤੱਕ ਗਾਜ਼ੀਪੁਰ ਬਾਰਡਰ ਤੋਂ ਸਾਰੇ ਟੈਂਟ ਅਤੇ ਹੋਰ ਢਾਂਚਾ ਹਟਾ ਦਿੱਤਾ ਜਾਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleDelhi’s minimum temperature drops to 9 degrees
Next articleਜਨਰਲ ਰਾਵਤ ਤੇ ਪਤਨੀ ਦਾ ਫੌਜੀ ਸਨਮਾਨਾਂ ਨਾਲ ਸਸਕਾਰ