ਕਿਸਾਨਾਂ ਨੇ ਉਦਘਾਟਨ ਕਰਨ ਆਇਆ ਕਾਂਗਰਸੀ ਵਿਧਾਇਕ ਘੇਰਿਆ

ਫਾਜ਼ਿਲਕਾ (ਸਮਾਜ ਵੀਕਲੀ): ਜ਼ਿਲ੍ਹੇ ਦੇ ਵੱਡੇ ਪਿੰਡ ਲਾਧੂਕਾ ਵਿੱਚ ਇੰਟਰਲਾਕ ਟਾਈਲਾਂ ਸਮੇਤ ਹੋਰ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਆਏ ਹਾਕਮ ਧਿਰ ਦੇ ਵਿਧਾਇਕ ਦਵਿੰਦਰ ਘੁਬਾਇਆ ਦਾ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਘਿਰਾਓ ਕੀਤਾ, ਜਿਸ ਕਾਰਨ ਵਿਧਾਇਕ ਨੂੰ ਪਿੰਡ ਦੀ ਜੂਹ ਤੋਂ ਹੀ ਮੁੜਨਾ ਪਿਆ। ਪਿੰਡ ਲਾਧੂਕਾ ਵਿੱਚ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਕਿਸੇ ਵੀ ਸਿਆਸੀ ਧਿਰ ਦੇ ਆਗੂ ਦੇ ਦਾਖ਼ਲੇ ’ਤੇ ਰੋਕ ਦੇ ਬੋਰਡ ਲਾਏ ਹੋਏ ਹਨ।

ਇਸ ਦੇ ਬਾਵਜੂਦ ਅੱਜ ਪਿੰਡ ਦੇ ਗੁਰਦੁਆਰੇ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਆਉਣ ਦੀ ਸੂਚਨਾ ਦਿੱਤੀ ਗਈ, ਜਿਉਂ ਹੀ ਕਾਂਗਰਸੀ ਵਿਧਾਇਕ ਲਾਧੂਕਾ ਦਾਖ਼ਲ ਹੋਏ ਤਾਂ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀ ਦੇ ਨੁਮਾਇੰਦਿਆਂ ਨੇ ਪਿੰਡ ਦੇ ਬਾਹਰਵਾਰ ਕਾਲੀਆਂ ਝੰਡੀਆਂ ਦਿਖਾਉਂਦਿਆਂ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂੁ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਪਿੰਡ ਵਿੱਚ ਕਿਸੇ ਵੀ ਸਿਆਸੀ ਧਿਰ ਦੇ ਆਗੂ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ ’ਤੇ ਸੰਘਰਸ਼ ਕਰ ਰਹੇ ਹਨ ਪਰ ਸਿਆਸੀ ਆਗੂਆਂ ਨੂੰ ਪਿੰਡਾਂ ਵਿੱਚ ਆਪਣਾ ਵੋਟ ਬੈਂਕ ਪੱਕਾ ਕਰਨ ਦੀ ਪਈ ਹੋਈ ਹੈ।

ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਹਰੀਸ਼ ਨੱਢਾ ਅਤੇ ਕ੍ਰਾਂਤੀਕਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਨੇ ਪਿੰਡ ਵਿੱਚ ਪਹਿਲਾਂ ਹੀ ਸਿਆਸੀ ਆਗੁੂ ਦੇ ਦਾਖ਼ਲੇ ’ਤੇ ਰੋਕ ਲਾਈ ਹੋਈ ਹੈ ਪਰ ਫਿਰ ਵੀ ਆਗੂ ਜਾਣ-ਬੁੱਝ ਕੇ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਕੋਈ ਵੀ ਸਿਆਸੀ ਆਗੂ ਪਿੰਡਾਂ ਵਿੱਚ ਨਾ ਆਉਣ, ਨਹੀਂ ਤਾਂ ਇਸੇ ਤਰ੍ਹਾਂ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਸ਼ਵਨੀ ਸੇਖੜੀ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਚਰਚਾ
Next articleਅਸ਼ਵਨੀ ਸੇਖੜੀ ਕਾਂਗਰਸ ਨਹੀਂ ਛੱਡ ਰਹੇ: ਕੈਪਟਨ