ਮੋਰਚਾ ਫਤਹਿ ਕਰਕੇ ਜਸ਼ਨ ਮਨਾਉਂਦੇ ਘਰਾਂ ਨੂੰ ਪਰਤੇ ਕਿਸਾਨ

* ਦਿੱਲੀ ਦੇ ਮੋਰਚਿਆਂ ਤੋਂ ਪਰਤ ਰਹੇ ਕਿਸਾਨਾਂ ਦਾ ਰਾਹ ਵਿਚ ਵੱਖ-ਵੱਖ ਥਾਈਂ ਲੋਕਾਂ ਵੱਲੋਂ ਜ਼ੋਰਦਾਰ ਸਵਾਗਤ

* ਫੁੱਲਾਂ ਦੀ ਵਰਖਾ ਕੀਤੀ ਤੇ ਮਠਿਆਈਆਂ ਵੰਡੀਆਂ

* ਨੌਜਵਾਨਾਂ ਤੇ ਔਰਤਾਂ ਨੇ ਢੋਲ ਵਜਾ ਕੇ ਤੇ ਭੰਗੜੇ ਪਾ ਕੇ ਮਨਾਈ ਖ਼ੁਸ਼ੀ 

ਨਵੀਂ ਦਿੱਲੀ/ਚੰਡੀਗੜ੍ਹ (ਸਮਾਜ ਵੀਕਲੀ) ਦਿੱਲੀ ਦੇ ਮੋਰਚਿਆਂ ਤੋਂ ਮੁੜ ਰਹੇ ਕਿਸਾਨਾਂ ਦਾ ਪੰਜਾਬ ਤੇ ਹਰਿਆਣਾ ਵਿਚ ਵੱਖ-ਵੱਖ ਥਾਈਂ ਅੱਜ ਫੁੱਲਾਂ ਦੇ ਹਾਰ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ ਤੇ ਮਠਿਆਈਆਂ ਵੰਡੀਆਂ ਗਈਆਂ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਵਿਚ ਮਿਲੀ ‘ਜਿੱਤ’ ਤੋਂ ਬਾਅਦ ਅੱਜ ਕਿਸਾਨ ਵੱਡੀ ਗਿਣਤੀ ਵਿਚ ਆਪੋ-ਆਪਣੇ ਘਰਾਂ ਨੂੰ ਪਰਤ ਆਏ। ਦਿੱਲੀ-ਕਰਨਾਲ-ਅੰਬਾਲਾ, ਦਿੱਲੀ-ਹਿਸਾਰ ਜਿਹੇ ਕੌਮੀ ਮਾਰਗਾਂ ਸਣੇ ਕਈ ਹੋਰਨਾਂ ਰਾਜ ਮਾਰਗਾਂ ਉਤੇ ਜੁੜੇ ਕਿਸਾਨ ਪਰਿਵਾਰਾਂ ਤੇ ਪਿੰਡਾਂ ਦੇ ਲੋਕਾਂ ਨੇ ਟਰੈਕਟਰ-ਟਰਾਲੀਆਂ ਵਿਚ ਵਾਪਸ ਆ ਰਹੇ ਸੰਘਰਸ਼ੀ ਕਿਸਾਨਾਂ ਦਾ ਫੁੱਲਾਂ ਦੇ ਹਾਰਾਂ, ਲੱਡੂਆਂ, ਬਰਫ਼ੀ ਤੇ ਹੋਰਨਾਂ ਮਠਿਆਈਆਂ ਨਾਲ ਸਨਮਾਨ ਤੇ ਸਵਾਗਤ ਕੀਤਾ।

ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਵਾਲੇ ਪਿੰਡਾਂ ਦੇ ਵਾਸੀਆਂ ਤੇ ਹੋਰਨਾਂ ਨੇ ਆਪੋ-ਆਪਣੀਆਂ ਜਥੇਬੰਦੀਆਂ ਦੇ ਝੰੰਡੇ ਟਰੈਕਟਰਾਂ ਉਤੇ ਲਾ ਕੇ ਵਾਪਸ ਆਉਣ ਵਾਲਿਆਂ ’ਤੇ ਫੁੱਲਾਂ ਦੀ ਵਰਖਾ ਕੀਤੀ। ਦਿੱਲੀ-ਹਰਿਆਣਾ ਬਾਰਡਰ ’ਤੇ ਸਿੰਘੂ ਨੇੜੇ ਕਿਸਾਨਾਂ ਦਾ ਸਵਾਗਤ ਕਰਨ ਲਈ ਇਕ ਪਰਿਵਾਰ ਚੰਡੀਗੜ੍ਹ ਤੋਂ ਲੰਮਾ ਪੈਂਡਾ ਤੈਅ ਕਰ ਕੇ ਪਹੁੰਚ ਗਿਆ। ਚੰਡੀਗੜ੍ਹ ਨਿਵਾਸੀ ਨੇ ਕਿਹਾ, ‘ਖੁਸ਼ੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਜਿੱਤ ਕਿਸਾਨਾਂ ਦੀ ਤਪੱਸਿਆ ਦਾ ਫ਼ਲ ਹੈ ਜਿਨ੍ਹਾਂ ਹਰ ਕਸ਼ਟ ਸਹਿ ਕੇ, ਮੌਸਮ ਦੀ ਮਾਰ ਝੱਲ ਕੇ ਅੰਦੋਲਨ ਨੂੰ ਸਿਰੇ ਲਾਇਆ ਹੈ।’ ਟਰੈਕਟਰਾਂ ਤੇ ਟਰਾਲੀਆਂ ਦੇ ਵੱਡੇ ਕਾਫਲਿਆਂ ਕਾਰਨ ਅੱਜ ਦਿੱਲੀ-ਅੰਬਾਲਾ ਤੇ ਦਿੱਲੀ-ਰੋਹਤਕ ਮਾਰਗ ਉਤੇ ਕਈ ਥਾਵਾਂ ’ਤੇ ਜਾਮ ਲੱਗ ਗਿਆ। ਖ਼ੁਸ਼ੀ ਵਿਚ ਨੌਜਵਾਨਾਂ ਤੇ ਔਰਤਾਂ ਨੇ ਰਾਹ ਵਿਚ ਹੀ ਢੋਲ ਦੀ ਤਾਲ ’ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਪੰਜਾਬ ਨੇੜੇ ਖਨੌਰੀ ਵਿਚ ਸੰਘਰਸ਼ ਵਿਚ ਹਿੱਸਾ ਲੈ ਕੇ ਪਰਤ ਰਹੇ ਕਿਸਾਨਾਂ ਦੇ ਸਵਾਗਤ ਲਈ ਪਿੰਡ ਵਾਸੀ ਵੱਡੀ ਗਿਣਤੀ ਵਿਚ ਜੁੜੇ ਤੇ ਖ਼ੁਸ਼ੀ ਵਿਚ ਪਟਾਕੇ ਚਲਾਏ। ਲੁਧਿਆਣਾ ਦੇ ਇਕ ਕਿਸਾਨ ਨੇ ਕਿਹਾ ‘ਅਸੀਂ ਜਿੱਤ ਕੇ ਪਰਤ ਰਹੇ ਹਾਂ।’

ਕੌਮੀ ਮਾਰਗਾਂ ਦੇ ਨਾਲ ਟੌਲ ਪਲਾਜ਼ਿਆਂ ਤੇ ਕਈ ਹੋਰ ਥਾਵਾਂ ’ਤੇ ਕਿਸਾਨਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਗਈਆਂ ਸਨ। ਸਿੰਘੂ ਬਾਰਡਰ ’ਤੇ ਕੀਰਤਨ ਅਤੇ ਅਰਦਾਸ ਤੋਂ ਬਾਅਦ ਵੱਡੀ ਗਿਣਤੀ ਵਿਚ ਟਰੈਕਟਰ-ਟਰਾਲੀਆਂ ਪੰਜਾਬ ਤੇ ਹਰਿਆਣਾ ਨੂੰ ਮੁੜਨੀਆਂ ਸ਼ੁਰੂ ਹੋਈਆਂ ਸਨ। ਇਸ ਤੋਂ ਪਹਿਲਾਂ ਕਿਸਾਨਾਂ ਨੇ ਸਾਲ ਤੋਂ ਵੱਖ-ਵੱਖ ਬਾਰਡਰਾਂ ਉਤੇ ਗੱਡੇ ਆਪਣੇ ਟੈਂਟ ਤੇ ਹੋਰ ਢਾਂਚੇ ਪੁੱਟ ਲਏ। ਉਹ ਪਲ ਭਾਵੁਕ ਕਰਨ ਵਾਲੇ ਸਨ ਜਦ ਕਿਸਾਨਾਂ ਨੇ ਅਰਦਾਸ ਤੇ ਹਵਨ ਕਰ ਕੇ ਪ੍ਰਮਾਤਮਾ ਦਾ ਸ਼ੁਕਰ ਅਦਾ ਕੀਤਾ ਅਤੇ ਕਾਫਲਿਆਂ ਦੇ ਰੂਪ ਵਿਚ ਪੰਜਾਬ, ਹਰਿਆਣਾ ਤੇ ਯੂਪੀ ਵਿਚਲੇ ਆਪੋ-ਆਪਣੇ ਘਰਾਂ ਨੂੰ ਤੁਰ ਪਏ। ਸ਼ਾਮ ਚਾਰ ਵਜੇ ਤੱਕ ਚੌਥੇ ਹਿੱਸੇ ਤੋਂ ਥੋੜ੍ਹੇ ਘੱਟ ਕਿਸਾਨ ਸਿੰਘੂ ਬਾਰਡਰ ਤੋਂ ਨਿਕਲੇ ਸਨ।

ਗਾਜ਼ੀਪੁਰ ਬਾਰਡਰ ਉਤੇ ਵੀ ਟੈਂਟ ਵਗੈਰਾ ਪੁੱਟਣ ਦਾ ਕੰਮ ਚੱਲ ਰਿਹਾ ਹੈ ਪਰ ਕਿਸਾਨਾਂ ਨੇ ਕਿਹਾ ਹੈ ਕਿ ਥਾਵਾਂ ਪੂਰੀ ਤਰ੍ਹਾਂ 15 ਦਸੰਬਰ ਤੱਕ ਹੀ ਖਾਲੀ ਹੋ ਸਕਣਗੀਆਂ। ਸਾਲ ਤੋਂ ਡਟੇ ਮੁਜ਼ਾਹਰਾਕਾਰੀ ਇਸ ਮੌਕੇ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਕਾਹਲੇ ਜਾਪੇ। ਕਈ ਕਿਸਾਨਾਂ ਨੇ ਇਸ ਮੌਕੇ ਕਿਹਾ ਕਿ ਇਕ ਸਾਲ ਦੇ ਇਸ ਸੰਘਰਸ਼ ਨੇ ਸਾਰਿਆਂ ਨੂੰ ਇਕੱਠੇ ਕਰ ਦਿੱਤਾ, ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਸੰਘਰਸ਼ ਦਾ ਹਿੱਸਾ ਬਣੇ। ਕਈਆਂ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਭਾਗਾਂ ਵਾਲੇ ਮੰਨਦੇ ਹਨ ਕਿ ਇਸ ਇਤਿਹਾਸਕ ਅੰਦੋਲਨ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ।

ਯੂਪੀ ਦੇ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੰਘਰਸ਼ ਦੌਰਾਨ ਕਈ ਨਵੇਂ ਦੋਸਤ ਮਿਲੇ। ਜ਼ਿਕਰਯੋਗ ਹੈ ਕਿ ਕਰੀਬ ਇਕ ਸਾਲ ਕੇਂਦਰ ਸਰਕਾਰ ਦੇ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਤੇ ਹਰ ਤਰ੍ਹਾਂ ਦੇ ਮੌਸਮ ਵਿਚ ਡਟੇ ਰਹੇ। ਫੁੱਲਾਂ ਤੇ ਵੱਖ-ਵੱਖ ਤਰ੍ਹਾਂ ਦੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰਾਂ ਉਤੇ ਕੌਮੀ ਝੰਡਿਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਦੇ ਝੰਡੇ ਲੱਗੇ ਹੋਏ ਸਨ। ਟਰੈਕਟਰਾਂ ਉਤੇ ਜਿੱਤ ਦੇ ਪੰਜਾਬੀ ਅਤੇ ਦੇਸ਼ ਭਗਤੀ ਦੇ ਗੀਤ ਸੁਣੇ ਜਾ ਸਕਦੇ ਸਨ, ’ਤੇ ਵਿਚ-ਵਿਚਾਲੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਵੀ ਛੱਡੇ ਜਾ ਰਹੇ ਸਨ। ਟਰੈਕਟਰ-ਟਰਾਲੀਆਂ ਵਿਚ ਗੱਦੇ, ਰਜਾਈਆਂ, ਭਾਂਡੇ ਤੇ ਹੋਰ ਸਾਮਾਨ ਲੱਦਿਆ ਹੋਇਆ ਸੀ ਜੋ ਕਿਸਾਨ ਸੰਘਰਸ਼ ਦੌਰਾਨ ਆਪਣੇ ਨਾਲ ਲੈ ਕੇ ਗਏ ਸਨ। ਇਸ ਦੌਰਾਨ ਸ਼ੰਭੂ ਬਾਰਡਰ ’ਤੇ ਵੀ ਜਸ਼ਨ ਦਾ ਮਾਹੌਲ ਸੀ ਤੇ ਭੰਗੜੇ ਪਾਏ ਗਏ। ਕਿਸਾਨਾਂ ਦੀ ਵਾਪਸੀ ਦੇ ਮੱਦੇਨਜ਼ਰ ਕਰਨਾਲ ਵਿਚ ਬਸਤਾਰਾ ਟੌਲ ਪਲਾਜ਼ੇ ਕੋਲ ਤੇ ਅੰਬਾਲਾ ਨੇੜੇ ਸ਼ੰਭੂ ਬਾਰਡਰ ’ਤੇ ਲੰਗਰ ਲਾਇਆ ਗਿਆ। ਜ਼ਿਕਰਯੋਗ ਹੈ ਕਿ ਸ਼ੰਭੂ ਕੌਮੀ ਮਾਰਗ ’ਤੇ ਅੰਤਰ-ਰਾਜੀ ਹੱਦ ਹੈ ਜਿੱਥੇ ਪੁਲੀਸ ਨੇ ਪਿਛਲੇ ਸਾਲ ਨਵੰਬਰ ਵਿਚ ਕਿਸਾਨਾਂ ’ਤੇ ਉਸ ਵੇਲੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਸੀ ਜਦ ਉਨ੍ਹਾਂ ਦਿੱਲੀ ਵੱਲ ਚਾਲੇ ਪਾਏ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePunjab likely to see hung Assembly with AAP on top
Next articleCong banking on Priyanka’s ‘woman’ card in tough UP turf