ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਹੁੰਗਾਰਾ ਭਰਦਿਆਂ, ਲਖੀਮਪੁਰ ਖੇੜੀ ਕਤਲੇਆਮ ਦੇ ਸੂਤਰਧਾਰ ਅਜੈ ਮਿਸ਼ਰਾ ਟੈਨੀ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਅਤੇ ਬਰਖਾਸਤ ਕਰਨ ਦੀ ਮੰਗ ਲਈ, ਪੂਰੇ ਭਾਰਤ ਵਿੱਚ ਸੈਂਕੜੇ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਮਾਰਚ, ਮੋਟਰਸਾਈਕਲ ਰੈਲੀਆਂ, ਧਰਨੇ ਆਦਿ ਸਮੇਤ ਵੱਖ-ਵੱਖ ਰੂਪ ਧਾਰਨ ਕਰ ਗਏ। ਕਿਸਾਨਾਂ ਨੇ ਮੇਰਠ ਕੁਲੈਕਟੋਰੇਟ ਵਿੱਚ ਟਰੈਕਟਰਾਂ ਨਾਲ ਰੋਸ ਪ੍ਰਦਰਸ਼ਨ ਕੀਤਾ। ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ, ਉੜੀਸਾ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਰਾਜਸਥਾਨ ਅਤੇ ਆਂਧਰਾ ਪ੍ਰਦੇਸ਼ ਤੋਂ ਰਿਪੋਰਟਾਂ ਆਈਆਂ ਹਨ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਦੇਸ਼ ਦੇ ਕਿਸਾਨਾਂ ਵੱਲੋਂ ਅੱਜ ਜੋ ਪੱਤਰ ਸਥਾਨਕ ਮੁੱਖ ਸਰਕਾਰੀ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਦੇ ਨਾਂ ਭੇਜਿਆ ਹੈ, ਦੀਆਂ ਮੰਗਾਂ ’ਚ ਅਜੈ ਮਿਸ਼ਰਾ ਦੀ ਬਰਖ਼ਾਸਤਗੀ, 120ਬੀ ਧਾਰਾ ਹੇਠ ਗ੍ਰਿਫ਼ਤਾਰੀ ਤੇ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐੱਸਆਈਟੀ ਵੱਲੋਂ ਜਾਂਚ ਕੀਤੇ ਜਾਣਾ ਸ਼ਾਮਲ ਹੈ। ਮੋਰਚੇ ਵੱਲੋਂ ਕਿਸਾਨਾਂ ਨੂੰ ਕੀਤੀ ਅਪੀਲ ’ਤੇ ਲਖੀਮਪੁਰ ਖੀਰੀ (ਉੱਤਰ ਪ੍ਰਦੇਸ਼) ਦੇ ਤਿਕੁਨੀਆ ’ਚ ਕਿਸਾਨ ਕਤਲੇਆਮ ਨਾਲ ਸਬੰਧਤ ਇਸ ਪੱਤਰ ਨੂੰ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਨੂੰ ਭੇਜੇ ਗਏ। ਕਿਸਾਨਾਂ ਵੱਲੋਂ ਥਾਂ-ਥਾਂ ਧਰਨੇ ਪ੍ਰਦਰਸ਼ਨ ਕੀਤੇ ਗਏ।
ਪੱਤਰ ’ਚ ਜ਼ਿਕਰ ਕੀਤਾ ਗਿਆ ਹੈ ਕਿ, ‘ਲਖੀਮਪੁਰ ਖੀਰੀ ਕਿਸਾਨ ਕਤਲੇਆਮ (3 ਅਕਤੂਬਰ 2021 ਦੀ ਘਟਨਾ, ਜਿਸ ਨੂੰ 3 ਹਫ਼ਤਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ) ਦੀ ਜਿਸ ਤਰ੍ਹਾਂ ਜਾਂਚ ਹੋ ਰਹੀ ਹੈ, ਉਸ ਨੂੰ ਪੂਰਾ ਦੇਸ਼ ਨਿਰਾਸ਼ਾ ਤੇ ਗੁੱਸੇ ਨਾਲ ਦੇਖ ਰਿਹਾ ਹੈ, ਸੁਪਰੀਮ ਕੋਰਟ ਨੇ ਵੀ ਇਸ ਬਾਰੇ ਪਹਿਲਾਂ ਕਈ ਟਿੱਪਣੀਆਂ ਕੀਤੀਆਂ ਹੈ। ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਦੀ ਘਾਟ ਤੋਂ ਹੈਰਾਨ ਹੈ, ਜਿੱਥੇ ਅਜੈ ਮਿਸ਼ਰਾ ਟੈਨੀ ਹੁਣ ਤੱਕ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਬਣੇ ਹੋਏ ਹਨ। ਲਖੀਮਪੁਰ ਖੇੜੀ ਕਤਲੇਆਮ ਦੀ ਤੀਜੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਖਿਚਾਈ ਕੀਤੀ। ਸੀਜੇਆਈ ਦੀ ਅਗਵਾਈ ਵਾਲੇ ਬੈਂਚ ਨੇ ਇਸ ਤੱਥ ’ਤੇ ਹੈਰਾਨੀ ਪ੍ਰਗਟ ਕੀਤੀ ਕਿ ਇਸ ਮਾਮਲੇ ਵਿਚ ਸਿਰਫ਼ 23 ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ ਜਦੋਂ ਰੈਲੀ ਵਿਚ ਸੈਂਕੜੇ ਲੋਕ ਮੌਜੂਦ ਸਨ।
ਯੂਪੀ ਸਰਕਾਰ ਨੂੰ ਹੋਰ ਚਸ਼ਮਦੀਦ ਗਵਾਹਾਂ ਦੀ ਪਛਾਣ ਕਰਨ, ਉਨ੍ਹਾਂ ਨੂੰ ਸੁਰੱਖਿਆ ਦੇਣ ਅਤੇ ਉਨ੍ਹਾਂ ਦੇ ਬਿਆਨ ਦਰਜ ਕਰਨ ਲਈ ਕਿਹਾ ਗਿਆ ਸੀ। ਯੂਪੀ ਸਰਕਾਰ ਨੇ ਆਪਣੇ ਬਿਆਨ ਦਰਜ ਕਰਵਾਉਣ ਲਈ 68 ਗਵਾਹਾਂ ਨੂੰ ਸੂਚੀਬੱਧ ਕੀਤਾ ਹੈ, ਜਿਨ੍ਹਾਂ ਵਿੱਚੋਂ 23 ਚਸ਼ਮਦੀਦ ਗਵਾਹਾਂ ਸਮੇਤ ਹੁਣ ਤੱਕ ਸਿਰਫ਼ 30 ਦੇ ਹੀ ਬਿਆਨ ਦਰਜ ਹੋਏ ਹਨ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਫੋਰੈਂਸਿਕ ਜਾਂਚ ਵਿੱਚ ਤੇਜ਼ੀ ਲਿਆਉਣ ਲਈ ਕਿਹਾ, ਜਾਂ ਕਿਹਾ ਕਿ ਉਹ ਇਸ ਲਈ ਪ੍ਰਯੋਗਸ਼ਾਲਾਵਾਂ ਨੂੰ ਨਿਰਦੇਸ਼ ਜਾਰੀ ਕਰੇਗੀ। ਅਗਲੀ ਸੁਣਵਾਈ 8 ਨਵੰਬਰ 2021 ਲਈ ਰੱਖੀ ਗਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly