ਨਵੀਂ ਦਿੱਲੀ (ਸਮਾਜ ਵੀਕਲੀ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ-ਯੂਪੀ ਸਰਹੱਦ ’ਤੇ ਗਾਜ਼ੀਪੁਰ ਵਿਚ ਯੂਪੀ ਗੇਟ ਦੀ ਇੱਕ ਪਾਸੇ ਦੀ ਸਰਵਿਸ ਲੇਨ ਉਪਰੋਂ ਆਪਣੇ ਤੰਬੂ ਪੁੱਟ ਲੈਣ ਦੇ ਬਾਵਜੂਦ ਦਿੱਲੀ ਪੁਲੀਸ ਨੇ ਅਜੇ ਤੱਕ ਆਪਣੀਆਂ ਰੋਕਾਂ ਨਹੀਂ ਹਟਾਈਆਂ, ਜਿਸ ਕਰਕੇ ਨੋਇਡਾ ਤੋਂ ਦਿੱਲੀ ਜਾਣ ਵਾਲਿਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਧਰ ਬੀਕੇਯੂ (ਟਿਕੈਤ) ਦੇ ਮੁੱਖ ਬੁਲਾਰੇ ਰਾਕੇਤ ਟਿਕੈਤ ਨੇ ਸਵਰਾਜ ਅਭਿਆਨ ਦੇ ਆਗੂ ਯੋਗੇਂਦਰ ਯਾਦਵ ਦੀ ਮੁਅੱਤਲੀ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਉਹ (ਯਾਦਵ) ਇਕ ਮਹੀਨੇ ਦੀ ਛੁੱਟੀ ’ਤੇ ਹਨ। ਟਿਕੈਤ ਨੇ ਕਿਹਾ ਕਿ ਕੁਝ ਗੱਲਾਂ ਦੱਸਣ ਲਈ ਨਹੀਂ ਹੁੰਦੀਆਂ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ 11 ਮਹੀਨਿਆਂ ਤੋਂ ਕਿਸਾਨਾਂ ਦੀ ਬਾਤ ਨਹੀਂ ਪੁੱਛ ਰਹੀ ਤੇ ਆਪਣੀ ਅੜੀ ’ਤੇ ਕਾਇਮ ਹੈ। ਟਿਕੈਤ ਨੇ ਕਿਹਾ ਕਿ ਕਿਸਾਨ 11 ਮਹੀਨੇ ਤੋਂ ਅੰਦੋਲਨ ਕਰ ਰਹੇ ਹਨ ਤੇ ਅੱਗੋਂ ਡੇਢ ਸਾਲ ਹੋਰ ਇੱਥੇ ਰਹਿ ਸਕਦੇ ਹਨ। ਇਸੇ ਦੌਰਾਨ ਗਾਜ਼ੀਪੁਰ ਮੋਰਚੇ ਦੇ ਬੁਲਾਰੇ ਜਗਤਾਰ ਸਿੰਘ ਬਾਜਵਾ ਨੇ ਕਿਹਾ ਕਿ ਦਿੱਲੀ ਪੁਲੀਸ ਨੇ ਅਜੇ ਤੱਕ ਨੋਇਡਾ ਤੋਂ ਦਿੱਲੀ ਜਾਂਦੇ ਰਾਹ ਉਪਰੋਂ ਆਪਣੇ ਬੈਰੀਕੇਡ ਨਹੀਂ ਹਟਾਏ ਹਨ। ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਬੈਰੀਕੇਡਾਂ ਲਈ ਕਿਸਾਨ ਨਹੀਂ ਬਲਕਿ ਪੁਲੀਸ ਜ਼ਿੰਮੇਵਾਰ ਹੈ। ਟਿਕੈਤ ਨੇ ਪੁਲੀਸ ਬੈਰੀਕੇਡਾਂ ਉਪਰ ਹਰੇ ਰੰਗ ਨਾਲ ਲਿਖਿਆ ਸੀ ‘ਬੈਰੀਕੇਡਿੰਗ ਕੀ ਜ਼ਿੰਮੇਵਾਰ, ਮੋਦੀ ਸਰਕਾਰ’, ‘ਮੋਦੀ ਸਰਕਾਰ ਰਾਸਤਾ ਖੋਲ੍ਹੋ’।
ਟਿਕੈਤ ਨੇ ਇਸ ਸੁਨੇਹੇ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਰਾਹ ਤਾਂ ਪਹਿਲਾਂ ਦਿੱਲੀ ਪੁਲੀਸ ਨੇ ਹੀ ਬੰਦ ਕੀਤੇ ਸਨ, ਤੇ ਸਮੇਂ ਦੇ ਨਾਲ ਬੈਰੀਕੇਡ ਹੋਰ ਪੱਕੇ ਹੁੰਦੇ ਗਏ। ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਗਈਆਂ, ਸਿੰਘੂ ਤੇ ਟਿਕਰੀ ’ਤੇ ਬੈਰੀਕੇਡਿੰਗ ਸੀਮਿੰਟ ਨਾਲ ਪੱਕੀ ਕਰ ਦਿੱਤੀ ਗਈ। ਕਿਸਾਨਾਂ ਨੇ ਕਿਹਾ ਕਿ ਰੋਕਾਂ ਪੁਲੀਸ ਨੇ ਲਾਈਆਂ, ਪਰ ਬਦਨਾਮ ਕਿਸਾਨਾਂ ਨੂੰ ਕੀਤਾ ਜਾ ਰਿਹੈ। ਦਿੱਲੀ ਦੇ ਤਿੰਨ ਬਾਰਡਰਾਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਵਿੱਚੋਂ ਦਿੱਲੀ ਨੂੰ ਆਉਂਦੇ ਕੌਮੀ ਸ਼ਾਹਰਾਹਾਂ ਦੀ ਆਵਾਜਾਈ ਖੁੱਲ੍ਹਵਾਉਣ ਲਈ ਸੁਪਰੀਮ ਕੋਰਟ ਵਿੱਚ ਚੱਲ ਰਹੀ ਸੁਣਵਾਈ ਦੌਰਾਨ ਇਨ੍ਹਾਂ ਸੜਕਾਂ ਉਪਰ ਲੱਗੇ ਬੈਰੀਕੇਡਾਂ ਦਾ ਮਾਮਲਾ ਉੱਠਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly