ਗੁਰੂਸਰ ਸੁਧਾਰ (ਸਮਾਜ ਵੀਕਲੀ): ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਵਿਵਾਦਿਤ ਖੇਤੀ ਕਾਨੂੰਨਾਂ, ਕਾਰਪੋਰੇਟ ਘਰਾਣਿਆਂ ਅਤੇ ਮੋਦੀ ਹਕੂਮਤ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਚੱਲ ਰਹੇ ਲੜੀਵਾਰ ਧਰਨਾ ਸਥਾਨ ’ਤੇ ਵਰ੍ਹਦੇ ਮੀਂਹ ਦੌਰਾਨ ਵੀ ‘ਕਿਸਾਨ ਸੰਸਦ’ ਜਾਰੀ ਰਹੀ। ‘ਕਿਸਾਨ ਸੰਸਦ’ ਦੀ ਸ਼ੁਰੂਆਤ ਰਜਿੰਦਰ ਕੌਰ ਨੂੰ ਸਪੀਕਰ ਅਤੇ ਸੁਖਵਿੰਦਰ ਕੌਰ ਨੂੰ ਡਿਪਟੀ ਸਪੀਕਰ ਚੁਣੇ ਜਾਣ ਨਾਲ ਹੋਈ। ਭਾਰੀ ਮੀਂਹ ਦੌਰਾਨ ਪਾਣੀ ਵਿੱਚ ਬੈਠ ਕੇ ਬਹਿਸ ਵਿੱਚ ਹਿੱਸਾ ਲੈਂਦਿਆਂ ਹਰਨੇਕ ਸਿੰਘ ਗੁੱਜਰਵਾਲ, ਜਗਤਾਰ ਸਿੰਘ ਚਕੋਹੀ, ਸੁਰਜੀਤ ਸਿੰਘ ਸੀਲੋਂ, ਅਮਰੀਕ ਸਿੰਘ ਜੜਤੌਲੀ ਨੇ ਜ਼ਰੂਰੀ ਵਸਤਾਂ ਦੇ ਭੰਡਾਰ ਕਰਨ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਜ਼ਰੂਰੀ ਵਸਤਾਂ ਨੂੰ ਭੰਡਾਰ ਕਰਨ ਦੀ ਸੀਮਾ ਸਰਕਾਰ ਵੱਲੋਂ ਖ਼ਤਮ ਕਰ ਦਿੱਤੀ ਗਈ ਹੈ।
ਜਮਹੂਰੀ ਕਿਸਾਨ ਸਭਾ ਦੇ ਆਗੂ ਬਲਦੇਵ ਸਿੰਘ ਧੂਰਕੋਟ, ਨੌਜਵਾਨ ਆਗੂ ਮਨਜੀਤ ਸਿੰਘ ਗੁੱਜਰਵਾਲ, ਗੁਰਮੀਤ ਸਿੰਘ, ਨਛੱਤਰ ਸਿੰਘ, ਕਰਨੈਲ ਸਿੰਘ, ਦਵਿੰਦਰ ਸਿੰਘ ਕਿਲ੍ਹਾ ਰਾਏਪੁਰ ਨੇ ਬਹਿਸ ਦੌਰਾਨ ਦੋਸ਼ ਲਾਇਆ ਕਿ ਜ਼ਰੂਰੀ ਖ਼ੁਰਾਕੀ ਵਸਤਾਂ ਦੀ ਨਕਲੀ ਥੁੜ ਪੈਦਾ ਕਰ ਕੇ ਕਾਲਾਬਾਜ਼ਾਰੀ ਕਰਨ ਵਾਲੇ ਲੋਕਾਂ ਵੱਲੋਂ ਮਨਮਰਜ਼ੀ ਦੇ ਭਾਅ ਵਸੂਲੇ ਜਾਣਗੇ। ਉਨ੍ਹਾਂ ਫ਼ਿਕਰਮੰਦੀ ਜ਼ਾਹਿਰ ਕੀਤੀ ਕਿ ਇਹ ਕਾਨੂੰਨ ਭੁੱਖਮਰੀ, ਮਹਿੰਗਾਈ, ਗ਼ਰੀਬ ਲੋਕਾਂ ਦੀ ਲੁੱਟ ਦਾ ਰਾਹ ਖੋਲ੍ਹ ਦੇਵੇਗਾ ਅਤੇ ਗ਼ਰੀਬ ਲੋਕਾਂ ਦਾ ਖ਼ੂਨ ਨਿਚੋੜ ਕੇ ਪੂੰਜੀਪਤੀ ਘਰਾਣਿਆਂ ਦੇ ਘਰ ਭਰੇਗਾ। ਕਿਸਾਨ ਸੰਸਦ ਨੇ ਵਿਵਾਦਿਤ ਖੇਤੀ ਕਾਨੂੰਨਾਂ ਤੋਂ ਇਲਾਵਾ ਅਜਿਹੇ ਲੋਕ ਮਾਰੂ ਕਾਨੂੰਨ ਵੀ ਰੱਦ ਕਰਨ ਦੀ ਮੰਗ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly