ਕਿਸਾਨਾਂ ਦੀ ਐੱਮਐੈੱਸਪੀ ਵਾਲੀ ਮੰਗ ਵੀ ਤੁਰੰਤ ਮੰਨੀ ਜਾਵੇ: ਵਰੁਣ ਗਾਂਧੀ

New Delhi: BJP MP Varun Gandhi at Parliament in New Delhi

ਨਵੀਂ ਦਿੱਲੀ (ਸਮਾਜ ਵੀਕਲੀ) :ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਫ਼ਸਲਾਂ ’ਤੇ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਕਿਸਾਨਾਂ ਦੀ ਮੰਗ ਨੂੰ ਵੀ ਸਵੀਕਾਰ ਕਰਨ। ਉਨ੍ਹਾਂ ਇਹ ਵੀ ਮੰਗ ਕੀਤੀ ਹੈ ਕਿ ਲਖੀਮਪੁਰ ਖੀਰੀ ਕਾਂਡ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ’ਚ ਪੀਲੀਭੀਤ ਤੋਂ ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀ ਇਹ ਮੰਗ ਨਹੀਂ ਮੰਨ ਲਈ ਜਾਂਦੀ, ਉਦੋਂ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ।

ਵਰੁਣ ਗਾਂਧੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਦੇ ਫ਼ੈਸਲੇ ਨੂੰ ਮੋਦੀ ਦੀ ‘ਦਰਿਆਦਿਲੀ’ ਕਰਾਰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ ਪਰ ਨਾਲ ਹੀ ਕਿਹਾ ਕਿ ਅੰਦੋਲਨ ਦੌਰਾਨ 700 ਤੋਂ ਜ਼ਿਆਦਾ ਕਿਸਾਨ ਸ਼ਹੀਦ ਹੋ ਗਏ ਹਨ ਜਿਨ੍ਹਾਂ ਬਹੁਤ ਹੀ ਮੁਸ਼ਕਲ ਹਾਲਾਤ ’ਚ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ। ‘ਜੇਕਰ ਇਹ ਫ਼ੈਸਲਾ ਪਹਿਲਾਂ ਲੈ ਲਿਆ ਜਾਂਦਾ ਤਾਂ ਬੇਕਸੂਰ ਜਾਨਾਂ ਅਜਾਈਂ ਨਾ ਜਾਂਦੀਆਂ।’ ਉਨ੍ਹਾਂ ‘ਸ਼ਹੀਦ’ ਹੋਏ ਕਿਸਾਨਾਂ ਨੂੰ ਇਕ-ਇਕ ਕਰੋੜ ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਕਿਸਾਨਾਂ ਖ਼ਿਲਾਫ਼ ਦਰਜ ਐੱਫਆਈਆਰਜ਼ ਵੀ ਰੱਦ ਕਰਨ ਲਈ ਕਿਹਾ ਹੈ। ਟਵਿੱਟਰ ’ਤੇ ਨਸ਼ਰ ਚਿੱਠੀ ’ਚ ਭਾਜਪਾ ਆਗੂ ਨੇ ਕਿਹਾ ਕਿ ਜੇਕਰ ਐੱਮਐੱਸਪੀ ਨੂੰ ਕਾਨੂੰਨੀ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਕਿਸਾਨਾਂ ਨੂੰ ਵੱਡੀ ਗਿਣਤੀ ’ਚ ਆਰਥਿਕ ਤੌਰ ’ਤੇ ਸੁਰੱਖਿਆ ਮਿਲ ਜਾਵੇਗੀ ਅਤੇ ਛੋਟੇ ਤੇ ਦਰਮਿਆਨੇ ਕਿਸਾਨ ਹੋਰ ਮਜ਼ਬੂਤ ਹੋਣਗੇ।

ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਹਿੱਤ ’ਚ ਕਿਸਾਨਾਂ ਦੀ ਇਹ ਮੰਗ ਵੀ ਤੁਰੰਤ ਮੰਨੇ। ਉਨ੍ਹਾਂ ਕਿਹਾ ਕਿ ਐੱਮਐੱਸਪੀ ਵੀ ਖੇਤੀ ਲਾਗਤਾਂ ਅਤੇ ਕੀਮਤਾਂ ਬਾਰੇ ਕਮਿਸ਼ਨ ਦੇ ਫਾਰਮੂਲੇ ਸੀ2+50 ਫ਼ੀਸਦ ’ਤੇ ਆਧਾਰਿਤ ਹੋਵੇ। ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਵਾਹਨ ਹੇਠ ਦਰੜਨ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੁਲਕ ਦੀ ਜਮਹੂਰੀਅਤ ’ਤੇ ਧੱਬਾ ਹੈ। ਉਨ੍ਹਾਂ ਇਸ ਕਾਂਡ ਨਾਲ ਜੁੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਖ਼ਿਲਾਫ਼ ਢੁੱਕਵੀਂ ਸਖ਼ਤ ਕਾਰਵਾਈ ਕਰਨ ਦੀ ਵੀ ਬੇਨਤੀ ਕੀਤੀ ਹੈ ਤਾਂ ਜੋ ਕੇਸ ਦੀ ਨਿਰਪੱਖ ਜਾਂਚ ਹੋ ਸਕੇ। ਚਿੱਠੀ ਦੇ ਅਖੀਰ ’ਚ ਵਰੁਣ ਨੇ ਕਿਹਾ ਕਿ ਕਿਸਾਨ ਆਸ ਕਰਦੇ ਹਨ ਕਿ ਉਨ੍ਹਾਂ ਦੀਆਂ ਮੰਗਾਂ ਦਾ ਸਮੇਂ ਸਿਰ ਅਤੇ ਗੰਭੀਰਤਾ ਨਾਲ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਸੰਵਿਧਾਨ, ਗੱਲਬਾਤ ਅਤੇ ਹਮਦਰਦੀ ਨਾਲ ਚੱਲਦਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਹੁਣ ਚੀਨੀ ਕਬਜ਼ੇ ਦਾ ਸੱਚ ਵੀ ਮੰਨੇ: ਰਾਹੁਲ
Next articleਡੀਜੀਪੀ’ਜ਼ ਦੀ ਕਾਨਫਰੰਸ ’ਚ ਨਕਸਲਵਾਦ ਤੇ ਅਤਿਵਾਦ ਨਾਲ ਨਜਿੱਠਣ ਬਾਰੇ ਚਰਚਾ