- ਸੰਘਰਸ਼ ਖ਼ਤਮ ਕਰਨ ਬਾਰੇ ਅੱਜ ਹੋ ਸਕਦਾ ਹੈ ਅਹਿਮ ਫੈਸਲਾ
- ਸਰਕਾਰੀ ‘ਲੈਟਰਹੈੱਡ’ ਉੱਤੇ ਅਧਿਕਾਰਤ ਤਜਵੀਜ਼ ਦੀ ਉਡੀਕ
ਨਵੀਂ ਦਿੱਲੀ (ਸਮਾਜ ਵੀਕਲੀ):ਸੰਯੁਕਤ ਕਿਸਾਨ ਮੋਰਚਾ ਨੇ ਅੱਜ ਕਿਹਾ ਕਿ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਕਿਸਾਨਾਂ ਖਿਲਾਫ਼ ਦਰਜ ਕੇਸ ਰੱਦ ਕੀਤੇ ਜਾਣ ਸਮੇਤ ਉਨ੍ਹਾਂ ਦੀਆਂ ਬਕਾਇਆ ਮੰਗਾਂ ਨੂੰ ਲੈ ਕੇ ਕੇਂਦਰ ਵੱਲੋਂ ਅੱਜ ਸੋਧ ਕੇ ਭੇਜੇ ਖਰੜੇ/ਤਜਵੀਜ਼ ’ਤੇ ਆਮ ਸਹਿਮਤੀ ਬਣ ਗਈ ਹੈ। ਮੋਰਚੇ ਨੇ ਕਿਹਾ ਕਿ ਅੰਦੋਲਨ ਦੇ ਭਵਿੱਖ ਦੀ ਰਣਨੀਤੀ ਤੈਅ ਕਰਨ ਲਈ ਵੀਰਵਾਰ ਨੂੰ ਸਿੰਘੂ ਬਾਰਡਰ ’ਤੇ ਮੀਟਿੰਗ ਕੀਤੀ ਜਾਵੇਗੀ। ਹਾਲਾਂਕਿ ਮੋਰਚੇ ਵਿੱਚ ਸ਼ਾਮਲ ਆਗੂਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਆਪਣੇ ‘ਲੈਟਰਹੇੈੱਡ’ ’ਤੇ ਅਧਿਕਾਰਤ ਸੰਵਾਦ ਕਰੇ। ਕਿਸਾਨ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਮੋਰਚਾ ਫ਼ੈਸਲਾਕੁੰਨ ਪਲਾਂ ਵਿੱਚ ਪਹੁੰਚ ਗਿਆ ਹੈ ਜਦੋਂਕਿ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਮੋਰਚੇ ਵਾਲੀ ਥਾਂ ਖਾਲੀ ਕਰਨ ਲਈ ਕੁਝ ਦਿਨ ਲੱਗਣਗੇ।
ਕਿਸਾਨ ਆਗੂ ਅਤੇ ਮੋਰਚੇ ਦੀ ਕੋਰ ਕਮੇਟੀ ਦੇ ਮੈਂਬਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬਕਾਇਆ ਮੰਗਾਂ ਦੇ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਪਹਿਲਾਂ ਮਿਲੀ ਤਜਵੀਜ਼ ਮੰਨਣਯੋਗ ਨਹੀਂ ਸੀ, ਜਿਸ ਮਗਰੋਂ ਕੇਂਦਰ ਸਰਕਾਰ ਨੇ ਅੱਜ ਨਵੇਂ ਸਿਰਿਓਂ ਤਜਵੀਜ਼ ਭੇਜੀ ਹੈ। ਚੜੂਨੀ ਨੇ ਸੰਯੁਕਤ ਕਿਸਾਨ ਮੋਰਚੇ ਦੀ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਕਿਹਾ, ‘‘ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਸਮਝੌਤਾ ਕਰਨ ਬਾਰੇ ਗੱਲਬਾਤ ਕਰ ਰਹੇ ਹਾਂ। ਵੀਰਵਾਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਅੰਦੋਲਨ ਮੁਲਤਵੀ ਕਰਨ ਬਾਰੇ ਫੈਸਲਾ ਕੀਤਾ ਜਾਵੇਗਾ। ਹਾਲ ਦੀ ਘੜੀ ਸੰਘਰਸ਼ ਵਾਪਸ ਲੈਣ ਬਾਰੇ ਕੋਈ ਫੈਸਲਾ ਨਹੀਂ ਹੋਇਆ। ਸੰਯੁਕਤ ਕਿਸਾਨ ਮੋਰਚੇ ਦੀ ਭਲਕੇ (ਵੀਰਵਾਰ) ਦੁਪਹਿਰੇ 12 ਵਜੇ ਮੀਟਿੰਗ ਹੋਵੇਗੀ।’’
ਚੜੂਨੀ ਨੇ ਹਾਲਾਂਕਿ ਸਰਕਾਰ ਵੱਲੋਂ ਨਵੀਂ ਤਜਵੀਜ਼/ਖਰੜੇ ਨੂੰ ਜਨਤਕ ਨਹੀਂ ਕੀਤਾ। ਕਿਸਾਨ ਆਗੂ ਅਸ਼ੋਕ ਧਾਵਲੇ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਸੋਧੇ ਹੋਏ ਖਰੜੇ/ਤਜਵੀਜ਼ ਨੂੰ ਅਧਿਕਾਰਤ ਪੱਤਰ ਦੇ ਰੂਪ ਵਿੱਚ ਭੇਜੇ, ਨਹੀਂ ਤਾਂ ਅੰਦੋਲਨ ਜਾਰੀ ਰਹੇਗਾ। ਸੰਯੁਕਤ ਕਿਸਾਨ ਮੋਰਚੇ ਨੇ ਇਕ ਬਿਆਨ ਵਿੱਚ ਕਿਹਾ, ‘‘ਸਰਕਾਰ ਦੀ ਸੱਜਰੀ ਤੇ ਸੋਧ ਕੇ ਭੇਜੀ ਤਜਵੀਜ਼ ਬਾਰੇ ਕਿਸਾਨ ਆਗੂਆਂ ’ਚ ਸਹਿਮਤੀ ਬਣ ਗਈ ਹੈ। ਹੁਣ ਸਰਕਾਰ ਦੇ ਲੈਟਰਹੈੱਡ ’ਤੇ ਅਧਿਕਾਰਤ ਸੰਵਾਦ ਦੀ ਉਡੀਕ ਕੀਤੀ ਜਾ ਰਹੀ ਹੈ, ਜਿਸ ’ਤੇ ਸਰਕਾਰ ਦੀ ਸਹੀ ਪਈ ਹੋਵੇ। ਅੰਦੋਲਨ ਦੇ ਭਵਿੱਖ ਤੇ ਮੋਰਚਾ ਚੁੱਕਣ ਬਾਰੇ ਰਸਮੀ ਫੈਸਲਾ ਭਲਕੇ ਸਿੰਘੂ ਬਾਰਡਰ ’ਤੇ ਸੱਦੀ ਗਈ ਮੀਟਿੰਗ ਵਿੱਚ ਲਿਆ ਜਾਵੇਗਾ।’’
ਚੇਤੇ ਰਹੇ ਕਿ ਸੰਯੁਕਤ ਕਿਸਾਨ ਮੋਰਚੇ ਨੇ ਬਕਾਇਆ ਮੰਗਾਂ ਬਾਰੇ ਸਰਕਾਰ ਨਾਲ ਸੰਵਾਦ ਕਰਨ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ। ਕਿਸਾਨ ਆਗੂ ਤੇ ਪੰਜ ਮੈਂਬਰੀ ਕਮੇਟੀ ’ਚ ਸ਼ਾਮਲ ਯੁਧਵੀਰ ਸਿੰਘ ਨੇ ਕਿਹਾ, ‘‘ਗੇਂਦ ਹੁਣ ਸਰਕਾਰ ਦੇ ਪਾਲੇ ਵਿੱਚ ਹੈ ਤੇ ਆਖਰੀ ਫੈਸਲਾ ਭਲਕੇ ਲਿਆ ਜਾਵੇਗਾ।’’ ਇਸ ਦੌਰਾਨ ਕਿਸਾਨ ਆਗੂ ਮਨਜੀਤ ਸਿੰਘ ਪੰਧੇਰ ਤੇ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ ਭਲਕੇ ਦੀ ਪ੍ਰੈਸ ਕਾਨਫਰੰਸ ਮਗਰੋਂ ਸਿੰਘੂ, ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਤੋਂ ਅੰਦੋਲਨ ਨੂੰ ਮੁਲਤਵੀ ਕਰਨ ਦਾ ਐਲਾਨ ਕਰਕੇ ਫਤਿਹ ਦਿਵਸ ਕੱਢਦੇ ਹੋਏ ਜੁਝਾਰੂ ਕਿਸਾਨਾਂ ਦੇ ਕਾਫ਼ਲੇ ਘਰਾਂ ਵੱਲ ਕੂਚ ਕਰਨਗੇ। ਆਗੂਆਂ ਨੇ ਕਿਹਾ ਕਿ ਮੋਰਚੇ ਦੀ ਕੋਸ਼ਿਸ਼ ਸਾਂਝੇ ਤੌਰ ’ਤੇ ਵਾਪਸੀ ਦੀ ਹੈ ਤੇ ਕਾਫ਼ਲੇ ਹਰਿਆਣਾ ਨਾਲ ਲੱਗਦੀਆਂ ਪੰਜਾਬ ਦੀਆਂ ਹੱਦਾਂ ਵਿੱਚ ਦਾਖ਼ਲ ਹੋਣਗੇ। ਇਸ ਦੌਰਾਨ ਕਿਸਾਨਾਂ ਨੇ ਸੀਡੀਐੱਸ ਬਿਪਿਨ ਰਾਵਤ ਸਮੇਤ 13 ਵਿਅਕਤੀਆਂ ਦੇ ਤਮਿਲਨਾਡੂ ’ਚ ਹੋਏ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly