ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਕਿਸਾਨ ਵੀਰ ਜਿੱਥੇ ਅਨਾਜ ਨਾਲ ਸਾਰੀ ਦੁਨੀਆ ਦਾ ਢਿੱਡ ਭਰਦੇ ਹਨ। ਉਥੇ ਹੀ ਆਪਣੇ ਵਾਤਾਵਰਨ ਨੂੰ ਬਚਾਉਣ ਲਈ ਵੀ ਹੰਬਲਾ ਜਰੂਰ ਮਾਰਨ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਿੰਡ ਸੁੰਨੜਵਾਲ ਦੇ ਵਾਤਾਵਰਨ ਪ੍ਰੇਮੀ ਮਨਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ । ਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਹਰ ਕਿਸਾਨ ਆਪਣੀ ਮੋਟਰ ਤੇ ਇੱਕ ਰੁੱਖ ਲਗਾਵੇ ਤਾਂ ਪੰਜਾਬ ਵਿੱਚ ਇਕ ਸਾਲ ਦੌਰਾਨ ਕਈ ਰੁਖ ਲੱਗ ਸਕਦੇ ਹਨ। ਉਨ੍ਹਾਂ ਇਸ ਲਈ ਸਰਕਾਰ ਤੋਂ ਵੀ ਇੱਕ ਵਿਸ਼ੇਸ਼ ਕਾਨੂੰਨ ਬਣਾਉਣ ਦੀ ਮੰਗ ਕੀਤੀ ਤਾਂ, ਕਿ ਹਰ ਕਿਸਾਨ ਆਪਣੇ ਖੇਤਾਂ ਵਿੱਚ ਰੁੱਖ ਜਰੂਰ ਲਗਾਵੇ। ਜਿਸ ਨਾਲ ਵਾਤਾਵਰਨ ਵਿੱਚ ਸ਼ੁੱਧਤਾ ਆ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾ ਕੇ ਸਗੋਂ ਉਸਦੇ ਨਾੜ ਨੂੰ ਜ਼ਮੀਨ ਵਿੱਚ ਹੀ ਵਾਹ ਕੇ ਜਮੀਨ ਦੇ ਉਪਜਾਊ ਤੱਤਾਂ ਨੂੰ ਸੁਰੱਅਖਿਤ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਕਿਸਾਨ ਖੇਤੀਬਾੜੀ ਵਿਭਾਗ ਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਤੇ ਵੱਖ-ਵੱਖ ਸਬਸਿਡੀਆਂ ਨੂੰ ਅਪਣਾਉਂਦੇ ਹੋਏ ਕਣਕ ਦੇ ਨਾੜ ਨੂੰ ਪੈਲੀ ਵਿੱਚ ਹੀ ਵਾਹਣ ਲਈ ਹੰਬਲਾ ਮਾਰਦੇ ਹਨ ਤਾਂ ਇਸ ਨਾਲ ਜਿੱਥੇ ਪੈਲੀ ਦੀ ਉਪਜਾਊ ਸ਼ਕਤੀ ਵਧੇਗੀ। ਉਥੇ ਹੀ ਵਾਤਾਵਰਨ ਵੀ ਦੁਸ਼ਟ ਹੋਣ ਤੋਂ ਬਚੇਗਾ ਉਹਨਾਂ ਕਿਹਾ ਕਿ ਜਿਲੇ ਦੇ ਕਾਫੀ ਕਿਸਾਨਾਂ ਨੇ ਇਸ ਤਕਨੀਕ ਨੂੰ ਅਪਣਾਇਆ ਹੈ ਤੇ ਪਰਾਲੀ ਨੂੰ ਪੈਲੀ ਵਿੱਚ ਵਾਉਣ ਲਈ ਨਵੇਂ ਸੰਦ ਵੀ ਖਰੀਦ ਰਹੇ ਹਨ। ਉਹਨਾਂ ਕਿਹਾ ਕਿ ਜੋ ਕਿਸਾਨ ਹਜੇ ਵੀ ਪਰਾਲੀ ਨੂੰ ਅੱਗ ਲਗਾਉਂਦੇ ਹਨ ,ਉਹ ਇਸ ਤੋਂ ਗਰੇਜ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਆਪਣਾ ਪੂਰਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਯਤਨ ਮੇਰੇ ਜ਼ਿਲ੍ਹੇ ਦੇ ਕਿਸਾਨ ਕਰਦੇ ਹਨ ਤਾਂ ਬਹੁਤ ਜਲਦ ਹੀ ਜ਼ਿਲ੍ਹਾ ਕਪੂਰਥਲਾ ਵਾਤਾਵਰਨ ਬਚਾਉਣ ਲਈ ਸੂਬੇ ਦਾ ਮੋਹਰੀ ਜਿਲਾ ਬਣੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



