(ਸਮਾਜ ਵੀਕਲੀ)-ਬਿਕਰਮੀ ਸੰਮਤ ਮੁਤਾਬਿਕ ਫੱਗਣ ਮਹੀਨਾ ਸਾਲ ਦਾ ਦੇਸੀ ਮਹੀਨਾ ਬਾਰ੍ਹਵਾ ਬਣਦਾ ਹੈ। ਇਸ ਮਹੀਨੇ ਨੂੰ ਫਲਗੁਣਿ ਵੀ ਕਿਹਾ ਜਾਂਦਾ ਹੈ, ਇਸ ਮਹੀਨੇ ਅੰਬੀਆ ਨੂੰ ਬੂਰ, ਕਣਕਾਂ ਨੂੰ ਸਿੱਟੇ ਤੇ ਫੁੱਲ ਬੂਟਿਆਂ ਨੂੰ ਨਵੀਆਂ ਕਰੂੰਬਲਾ ਫੁੱਟ ਕੁਦਰਤ ਪ੍ਰਤੀ ਆਪਣੀ ਮੁਹੱਬਤ ਦਾ ਇਜਹਾਰ ਕਰਦੀਆਂ ਨਜਰੀ ਆਉਂਦੀਆਂ ਹਨ। ਇਸ ਮਹੀਨੇ ਸਰ੍ਹੋਂ ਦੇ ਖੇਤ ਇਸ ਤਰ੍ਹਾਂ ਨਜ਼ਰੀਂ ਪੈਦੇ ਹਨ ਜਿਵੇਂ ਕੁਦਰਤ ਦੀ ਇਸ ਕਾਯਨਾਤ ਨਾਲ ਕੋਈ ਗੁਫ਼ਤਗੂੰ ਕਰ ਰਹੇ ਹੋਣ। ਇਸ ਫੱਗਣ ਮਹੀਨੇ ਦੀ ਆਮਦ ਨਾਲ ਫੁੱਲ, ਬੂਟਿਆਂ ਤੇ ਬਹਾਰ ਆਉਣ ਨਾਲ ਚੌਗਿਰਦਾ ਮਹਿਕ ਉਠਦਾ ਹੈ ਅਤੇ ਕੁਦਰਤ ਚਾਰੇ ਪਾਸੇ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਨਜ਼ਰ ਆਉਂਦੀ ਹੈ। ਫੱਗਣ ਮਹੀਨੇ ਸਰਦ ਰੁੱਤ ਨੂੰ ਅਲਵਿਦਾ ਕਰ ਮੌਸਮ ਗਰਮ ਰੁੱਤ ਵੱਲ ਵਧਣ ਲੱਗਦਾ ਹੈ। ਸ਼ਹੀਦੀ ਸਾਕਾ ਸ਼੍ਰੀ ਨਨਕਾਣਾ ਸਾਹਿਬ ਤੇ ਮਹਾਸ਼ਿਵਰਾਤਰੀ ਦਾ ਤਿਉਹਾਰ ਵੀ ਇਸੇ ਮਹੀਨੇ ਆਉਂਦਾ ਹੈ। ਗਰਮ ਰੁੱਤ ਵੱਲ ਵਧਦੇ ਫੱਗਣ ਮਹੀਨੇ ਦੇ ਅਖੀਰ ਹੁੰਦੇ-ਹੁੰਦੇ ਭਾਰਤ ਦੇ ਕਈ ਹਿੱਸੇਆ ‘ਚ ਹੋਲੀ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਫੱਗਣ ਦੇ ਮਹੀਨੇ ਇਹ ਜਾਂਦੀ-ਜਾਂਦੀ ਸਿਆਲੂ ਰੁੱਤ ਮਨੁੱਖੀ ਮਨ ‘ਚ ਮਿਲਾਪ ਦੀ ਤਾਂਘ ਪੈਦਾ ਕਰਦੀ ਜਾਪਦੀ ਹੈ, ਜਿਨ੍ਹਾਂ ਮੁਟਿਆਰਾਂ ਦੇ ਮਾਹੀ ਪ੍ਰਦੇਸੀ ਹੋਏ ਹੋਣ, ਉਹ ਮੁਟਿਆਰਾਂ ਮਾਹੀ ਦੇ ਮਿਲਾਪ ਦੀ ਤਾਂਘ ‘ਚ ਤੜਪਦੀਆਂ ਜਾਪਦੀਆਂ ਹਨ ਤੇ ਬਾਰਾਂਮਾਹ ‘ਚ ਹਿਦਾਇਤਉਲਾ ਜੀ ਕਹਿੰਦੇ ਹਨ:
ਚੜ੍ਹਿਆ ਫੱਗਣ ਕੰਧੀ ਲੱਗਣ ਉਮਰ ਰਹੀ ਦਿਨ ਥੋੜੇ ਨੀ ।
ਨਾਲ ਪੀਆ ਦੇ ਖੇਡਾਂ ਹੋਲੀ ਏਹ ਮੇਰਾ ਦਿਲ ਲੋੜੇ ਨੀ ।
ਐਸਾ ਕੌਣ ਕੱਢਾਂ ਮੈਂ ਦਰਦੀ ਜਾ ਉਸ ਨੂੰ ਹੱਥ ਜੋੜੇ ਨੀ ।
ਤਾਂ ਸੁਹਾਗਣ ਬਣਾਂ ਹਿਦਾਇਤ ਜੇ ਸ਼ਹੁ ਵਾਗਾਂ ਮੋੜੇ ਨੀ ॥੧੨॥੧॥
ਅੱਧ ਫਰਵਰੀ ਤੋਂ ਅੱਧ ਮਾਰਚ ਮਹੀਨੇ ਦਾ ਇਹ ਫੱਗਣ ਮਹੀਨਾ ਕਿਸੇ ਸਾਲ 30 ਦਿਨਾ ਦਾ ਤੇ ਕਿਸੇ ਸਾਲ 31 ਦਿਨਾ ਦਾ ਹੋ ਨਿੱਬੜਦਾ ਹੈ। ਇਸ ਮਹੀਨੇ ਜਿੱਥੇ ਦਿਨੇ ਸੂਰਜ ਦੀਆ ਕਿਰਨਾਂ ਨਾਲ ਫੁੱਲ, ਬੂਟਿਆਂ ਤੇ ਨਿਖਾਰ ਆਉਣ ਨਾਲ ਚੌਗਿਰਦਾ ਮਹਿਕ ਉਠਦਾ ਹੈ ਅਤੇ ਕੁਦਰਤ ਚਾਰੇ ਪਾਸੇ ਮਨਮੋਹਕ ਦ੍ਰਿਸ਼ ਪੇਸ਼ ਕਰਦੀ ਨਜ਼ਰ ਆਉਂਦੀ ਹੈ, ਉਥੇ ਹੀ ਰਾਤਾਂ ਨੂੰ ਮਿੰਨੀ-ਮਿੰਨੀ ਚੱਲਦੀ ਹਵਾ, ਖੁੱਲ੍ਹੇ ਅਸਮਾਨ ‘ਚ ਕਿਤੇ ਬੱਦਲੀ ਦਾ ਟੋਟਾ, ਅਸਮਾਨੀ ਟਿਮ-ਟਿਮਾਉਂਦਾ ਕੋਈ-ਕੋਈ ਤਾਰਾ ਤੇ ਸ਼ਾਂਤ ਟਿਕੀ ਰਾਤ ਇਉਂ ਜਾਪਦੀ ਹੈ ਜਿਵੇਂ ਧਰਤ ਨੂੰ ਆਪਣੇ ਕਲਾਵੇ ‘ਚ ਲੈ ਲੋਰੀਆਂ ਸੁਣਾਉਂਦੀ ਹੋਵੇ। ਫੱਗਣ ਮਹੀਨੇ ਦੇ ਇਹ ਕੁਦਰਤੀ ਨਜ਼ਾਰੇ ਮਨੁੱਖੀ ਮਨ ਅੰਦਰ ਵੀ ਕੁਦਰਤੀ ਨਿਖਾਰ ਲਿਆਉਣ ਦਾ ਕੰਮ ਕਰਦੇ ਹਨ , ਬਸ਼ਰਤੇ ਮਨੁੱਖੀ ਮਨ ਨੂੰ ਮਨ ਨਾਲ ਇਹ ਕੁਦਰਤ ਦੀ ਕਾਯਨਾਤ ਨਾਲ ਮੋਹ ‘ਪਾ ਇਕ-ਮਿਕ ਹੋਣਾ ਪਵੇਗਾ। ਭਾਰਤ ਦੀਆ ਮੁੱਖ ‘ਛੇ ਰੁੱਤਾਂ ‘ਚੋਂ ਬਸੰਤ ਰੁੱਤ ਨੂੰ ਸਭ ਤੋਂ ਮਨਮੋਹਣੀ ਰੁੱਤ ਮੰਨਿਆ ਜਾਂਦਾ ਹੈ ਤੇ ਇਹ ਬਾਹਰ ਦੀ ਰੁੱਤ ਇਸ ਫੱਗਣ ਮਹੀਨੇ ‘ਚ ਹੀ ਆਉਂਦੀ ਹੈ। ਸਾਡੇ ਪੰਜਾਬੀਆਂ ਦੇ ਦਿਨ, ਮਹੀਨੇ, ਰੁੱਤਾਂ, ਤਿੱਥ, ਤਿਉਹਾਰ, ਅਖਾਣ, ਕਹਾਣੀਆਂ, ਕਹਾਵਤਾਂ, ਟੱਪੇ, ਛੰਦ, ਬੈਂਤ, ਬੋਲੀਆਂ ਤੇ ਲੋਕ ਗੀਤ ਸਭ ਆਪਸ ‘ਚ ਜੁੜੇ ਹੋਏ ਨੇ, ਸਾਡੇ ਕਈਂ ਸੂਫੀ-ਸੰਤ-ਫ਼ਕੀਰ, ਸਾਹਿਤਕਾਰਾ ਨੇ ਤਿੱਥ ਤੇ ਤਿਉਹਾਰਾ ਤੋਂ ਇਲਾਵਾ ਸਾਲ ‘ਚ ਆਉਂਦੇ ਦੇਸੀ ਮਹੀਨਿਆਂ ਤੇ ਵੀ ਬਹੁਤ ਕੁਝ ਕਿਹਾ ਹੈ। ਉਨ੍ਹਾਂ ਦੀਆ ਲਿਖੀਆਂ ਤੇ ਕਹੀਆਂ ਗੱਲਾਂ ‘ਚ ਇਕ ਅਲੱਗ ਹੀ ਕਿਸਮ ਦਾ ਨਿੱਘ ਅੱਜ ਵੀ ਮਿਲਦਾ ਹੈ, ਰੁੱਤਾਂ, ਬਹਾਰਾਂ, ਮੌਸਮ ਤੇ ਤਿਉਹਾਰ ਦੇ ਆਪਸੀ ਸਬੰਧ ਉਨ੍ਹਾਂ ਬੜੀ ਸੁਝ-ਬੁਝ ਨਾਲ ਆਪਣੇ ਢੰਗ ਨਾਲ ਬਿਆਨ ਕੀਤੇ ਹਨ, ਜਿਵੇਂ ਚੱਲ ਰਹੇ ਬਾਹਰ ਦੀ ਰੁੱਤ ਫੱਗਣ ਦੇ ਮਹੀਨੇ ਤੇ ਅੰਮ੍ਰਿਤਾ ਪ੍ਰੀਤਮ ਜੀ ਆਪਣੀ ਇਕ ਕਵਿਤਾ ‘ਚ ਕਹਿੰਦੇ ਹਨ:
ਰੰਗ ਦੇ ਦੁਪੱਟਾ ਮੇਰਾ, ਰੁੱਤੇ ਨੀ ਲਲਾਰਣੇ।
ਅੱਜ ਮੈਂ ਲੋਕਾਈ, ਉਤੇ ਸਾਰੇ ਰੰਗ ਵਾਰਨੇ।
ਇਕ ਸੁਪਨੇ ਵਰਗਾ ਰੰਗ, ਕਿ ਰੰਗ ਗੁਲਾਬ ਦਾ।
ਇਕ ਕੱਚਾ ਸੂਹਾ ਰੰਗ, ਸੋਹਲਵੇਂ ਸਾਲ ਦਾ।
ਇਕ ਪੱਕਾ ਸੂਹਾ ਰੰਗ, ਕਿ ਰੰਗ ਖਿਆਲ ਦਾ।
ਇਹ ਦੋ ਰੁਤਾਂ ਦਾ ਮੇਲ, ਹੁਨਾਲ ਸਿਆਲ ਦਾ।
ਹਰਮਨਪ੍ਰੀਤ ਸਿੰਘ,
ਸਰਹਿੰਦ, ਜ਼ਿਲ੍ਹਾ: ਫ਼ਤਹਿਗੜ੍ਹ ਸਾਹਿਬ,
ਸੰਪਰਕ : 98550 10005
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly