HOME ਪੱਖੀਆਂ

ਪੱਖੀਆਂ

1
ਗੁਰਦੀਪ ਸਿੰਘ ਮੁਕੱਦਮ

    (ਸਮਾਜ ਵੀਕਲੀ)   ਆਪਣੇ ਸਮੇਂ ਦੀ,ਹਰਮਨ ਪਿਆਰੀ ਅਤੇ ਸੁਰੀਲੀ ਗਾਇਕਾ ਸਵ ਪ੍ਕਾਸ਼ ਕੌਰ ਦਾ ਗਾਇਆ ਇਹ ਗੀਤ” ਵੇ ਲੈ ਦੇ ਮੈਨੂੰ ਮਖਮਲ ਦੀ,ਪੱਖੀ ਘੁੰਗਰੂਆਂ ਵਾਲੀ….” ਰੇਡੀਓ ਸਟੇਸ਼ਨ ਜਲੰਧਰ ਤੋਂ ਤਕਰੀਬਨ  ਹਰ ਦੂਸਰੇ – ਤੀਸਰੇ ਦਿਨ ਨਸ਼ਰ ਕੀਤਾ ਜਾਂਦਾ ਹੁੰਦਾ ਸੀ।ਜਲੰਧਰ ਰੇਡੀਓ ਸਟੇਸ਼ਨ ‘ਤੇ ਹਰ ਸ਼ਾਮ ਚਲਦੇ ਦਿਹਾਤੀ ਪੋ੍ਗਰਾਮ ਵਿੱਚ ਇਸ ਗੀਤ ਦੀ ਫਰਮਾਇਸ਼ ਸੱਭ ਤੋਂ ਵੱਧ ਹੋਇਆ ਕਰਦੀ ਸੀ।ਕਿਸੇ ਸਮੇਂ ਪੱਖੀ, ਪੰਜਾਬੀ ਸਭਿਆਚਾਰ ਦਾ ਇੱਕ ਬਹੁਤ ਹੀ ਮਹੱਤਵਪੂਰਣ ਅਤੇ ਅਨਿਖੜਵਾਂ ਅੰਗ ਹੋਇਆ ਕਰਦੀ ਸੀ। ਆਪਣੇ ਵਿਆਹ ਲਈ ਦਾਜ ਸਹੇਜਦੀਆਂ ਮੁਟਿਆਰਾਂ, ਬੜੀ ਰੀਝ ਨਾਲ,ਆਪਣੇ ਹੱਥੀਂ,ਮਲਮਲ ਦੇ ਚਿੱਟੇ ਕੱਪੜੇ ‘ਤੇ,ਰੰਗ ਬਰੰਗੇ ਫੁੱਲਾਂ ਦੀ ਕਢਾਈ ਕਰ ਕੇ,ਆਪਣੇ ਦਾਜ ਲਈ ਪੱਖੀਆਂ ਤਿਆਰ ਕਰਿਆ ਕਰਦੀਆਂ ਹੁੰਦੀਆਂ ਸਨ।ਇਸ ਦੇ ਨਾਲ ਹੀ,ਪੱਖੀ ਦੀ ਝਾਲਰ ਨਾਲ,ਬਰੀਕ ਘੁੰਗਰੂ ਵੀ ਲਾਇਆ ਕਰਦੀਆਂ ਸਨ।ਪਰ ਇਹ ਘੁੰਗਰੂਆਂ ਵਾਲੀਆਂ ਖਾਸ ਪੱਖੀਆਂ,ਖਾਸ ਮੌਕਿਆਂ ‘ਤੇ,ਕੁਝ ਖਾਸ ਪਰੁਹਣਿਆਂ (ਮਹਿਮਾਨਾਂ ਨੂੰ) ਨੂੰ ਹੀ ਦਿੱਤੀਆਂ ਜਾਇਆ ਕਰਦੀਆਂ ਸਨ।ਹਰ ਘਰ ਵਿੱਚ,ਆਮ ਮਹਿਮਾਨਾਂ ਅਤੇ ਪਰਿਵਾਰਿਕ ਮੈਬਰਾਂ ਲਈ ਆਮ ਸਧਾਰਨ ਨੜੇ ਦੀਆਂ ਬਣੀਆਂ ਹੋਈਆਂ ਪੱਖੀਆਂ ਹੋਇਆ ਕਰਦੀਆਂ ਸਨ। ਪੱਖ ਸਿਰਫ਼ ਠੰਡੀ ਹਵਾ ਹੀ ਨਹੀਂ ਦਿੰਦੀ ਸੀ,ਇਹ ਪਿਆਰ ਭਰੇ ਰਿਸਤਿਆਂ ਵਿੱਚ ਮਿਠਾਸ ਵੀ ਘੋਲਿਆ ਕਰਦੀ ਸੀ।ਆਪਣੇ ਬੱਚੇ ਨੂੰ ਪੱਖੀ ਝੱਲਦੀ ਮਾਂ,ਆਪ ਸਾਰੀ ਰਾਤ ਉਨੀਂਦਰਾ ਕੱਟ ਜਾਇਆ ਕਰਦੀ ਸੀ,ਤਾਂ ਉਸ ਦਾ ਬੱਚਾ ਚੰਗੀ ਨੀਂਦ ਤੋਂ ਸਕੇ। ਡੂੰਘੀ ਨੀਂਦ ਤੋਂ ਰਹੇ ਪਤੀ ਨੂੰ, ਅਤੇ ਰੋਟੀ ਖਾਂਦੇ ਭਰਾ ਨੂੰ ਪੱੱਖੀ ਝੱਲਣ ‘ਚ,ਦਿਲੀ ਪਿਆਰ ਭਰਿਆ ਹੁੰਦਾ ਸੀ।ਜਿਸ ਨਾਲ ਰਿਸ਼ਤਿਆਂ ਨਿੱਘ ਵਧਦਾ ਸੀ। ਪੱਖੀਆਂ ਰੁਜ਼ਗਾਰ ਦਾ ਸਾਧਨ ਵੀ ਹੋਇਆ ਕਰਦੀਆਂ ਸਨ।ਪੱਖੀਆਂ ਬਣਾਉਣ ਅਤੇ ਵੇਚਣ ਨਾਲ ਕਿੰਨੇ ਹੀ ਲੋਕਾਂ ਦੀ ਰੋਜੀ ਰੋਟੀ ਚਲਿਆ ਕਰਦੀ ਸੀ। ਕਿਹਾ ਜਾਂਦਾ ਹੈ ਕਿ ਹਰ ਚੀਜ਼ ਦਾ ਇੱਕ ਸਮਾਂ ਹੁੰਦਾ ਹੈ। ਇਸੇ ਤਰ੍ਹਾਂ ਘਰਾਂ ‘ਚ ਬਿਜਲੀ ਆਉਣ ਤੱਕ ਪੱਖੀਆਂ ਆਪਣੇ ਸੁਨਿਹਰੀ ਦੌਰ ਚ ਸਨ।ਹਰ ਘਰ ਵਿੱਚ ਅੱਠ ਦਸ ਆਮ ਪੱਖੀਆਂ,ਅਤੇ ਪੰਜ ਸੱਤ ਚਿੱਟੀ ਮਲਮਲ ਦੀਆਂ, ਕਢਾਈ ਵਾਲੀਆਂ ਸਪੈਸ਼ਲ ਪੱਖੀਆਂ ਹੋਇਆ ਕਰਦੀਆਂ ਸਨ।ਗਰਮੀਆਂ ਖਤਮ ਹੁੰਦੇ ਹੀ ਇਹਨਾਂ ਪੱਖੀਆਂ ਨੂੰ ਬਹੁਤ ਹੀ ਸੰਭਾਲ ਕੇ ਅਰਾਮ ਕਰਨ ਲਈ,ਪੇਟੀ ਵਿੱਚ ਰੱਖ ਦਿੱਤਾ ਜਾਂਦਾ ਸੀ। ਘਰਾਂ ‘ਚ ਬਿਜਲੀ ਆਈ ਤਾਂ ਨਾਲ ਹੀ ਬਿਜਲੀ ਵਾਲੇ ਪੱਖੇ ਵੀ ਆ ਗਏ।ਜਿਸ ਨਾਲ ਪੱਖੀਆਂ ਦੀ ਸਰਦਾਰੀ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ।ਪਰ ਬਿਜਲੀ ਦੇ ਲੰਬੇ ਕੱਟਾਂ ਕਾਰਣ,ਪੱਖੀਆਂ ਦੀ ਜਰੂਰਤ ਬਣੀ ਰਹੀ ਸੀ। ਬਿਜਲੀ ਦੇ ਕੱਟਾਂ ਤੋਂ ਛੁਟਕਾਰਾ ਦਿਵਾਉਣ ਲਈ ਘਰਾਂ ਚ ਲੱਗੇ ਇਨਵਰਟਰਾਂ ਨੇ ਪੱਖੀਆਂ ਦਾ ਪੂਰੀ ਤਰ੍ਹਾਂ ਭੋਗ ਪਾ ਦਿੱਤਾ। ਅੱਜ ਕੋਈ ਵੀ ਮੁਟਿਆਰ,ਥੱਕੇ ਹਾਰੇ ਘਰ ਆਏ ਆਪਣੇ ਪਤੀ ਤੋਂ,” ਕਲਕੱਤਿਉ ਪੱਖੀ ਲਿਆ ਦੇ,ਝੱਲੂੰ ਗੀ ਸਾਰੀ ਰਾਤ ਵੇ,” ਪੱਖੀ ਦੀ ਮੰਗ ਕਰਨ ਦੀ ਥਾਂ ਏ ਸੀ ਚਲਾ ਕੇ ਅਰਾਮ ਕਰਨ ਨੂੰ ਕਹਿ ਦਿੰਦੀ ਹੈ। ~~~~
ਗੁਰਦੀਪ ਸਿੰਘ ਮੁਕੱਦਮ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleवैश्विक यातना सूचकांक (Global Torture Index) में भारत की स्थिति : हिरासत में यातना, विधिक ढाँचे और मानवाधिकार संबंधी चुनौतियों का मूल्यांकन
Next articleਹਾਦਸੇ ਨੇ ਲੱਤ ਖੋਹ ਲਈ, ਹੌਂਸਲੇ ਨੇ ਦੁਨੀਆਂ ਜਿੱਤ ਲਈ – ਹੋਕਾਟੋ ਹੋਤੋਝੇ ਸੇਮਾ