ਪ੍ਰਸਿੱਧ ਇਤਿਹਾਸਕਾਰ : ਗਿਆਨੀ ਬਲਵੰਤ ਸਿੰਘ ਕੋਠਾ ਗੁਰੂ

ਪ੍ਰਸਿੱਧ ਇਤਿਹਾਸਕਾਰ : ਗਿਆਨੀ ਬਲਵੰਤ ਸਿੰਘ ਕੋਠਾ ਗੁਰੂ
27 ਫ਼ਰਵਰੀ ਨੂੰਬਰਸੀ ’ਤੇ ਵਿਸ਼ੇਸ਼
(ਸਮਾਜ ਵੀਕਲੀ)  ਪ੍ਰਸਿੱਧ ਵਿਦਵਾਨ ਤੇ ਖੋਜੀ ਇਤਿਹਾਸਕਾਰ, ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ ਪ੍ਰਾਪਤ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦਾ ਜਨਮ 25 ਜੂਨ 1933 ਈ: ਨੂੰ ਪਿਤਾ ਸ੍ਰ: ਬੁੱਘਾ ਸਿੰਘ ਦੇ ਘਰ ਮਾਤਾ ਵੀਰ ਕੌਰ ਦੀ ਕੁੱਖ ਤੋਂ ਪਿੰਡ ਕੋਠਾ ਗੁਰੂ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਗਿਆਨੀ ਜੀ ਦੀ ਬਚਪਨ ਤੋਂ ਹੀ ਧਾਰਮਿਕ ਵਿੱਦਿਆ ਵੱਲ ਰੁਚੀ ਸੀ। ਉਹਨਾਂ ਮੁਢਲੀ ਪੜ੍ਹਾਈ ਪਿੰਡ ਦੇ ਪ੍ਰਾਚੀਨ ਧਾਰਮਿਕ ਸਾਧੂ ਆਸ਼ਰਮਾਂ (ਡੇਰਿਆਂ) ਤੋਂ, ਸੰਸਕ੍ਰਿਤ ਦੀ ਪੜ੍ਹਾਈ ਬਨਾਰਸ ਤੋਂ ਗਿਆਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਤੇ 1966 ਵਿੱਚ ਵਿਦਵਾਨ ਦੀ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ।
ਗਿਆਨੀ ਬਲਵੰਤ ਸਿੰਘ ਜੀ ਉੱਚੇ-ਸੁੱਚੇ ਜੀਵਨ ਵਾਲੇ, ਨਿਰਮਲ ਆਤਮਾ ਸਾਧੂ ਪੁਰਸ਼ ਸਨ। ਉਹਨਾਂ ਨੂੰ ਪੰਜਾਬੀ, ਹਿੰਦੀ, ਉਰਦੂ, ਬ੍ਰਿਜ ਭਾਸ਼ਾ ਤੇ ਸੰਸਕ੍ਰਿਤ ਦਾ ਗੂੜ੍ਹਾ ਗਿਆਨ ਸੀ। ਉਹਨਾਂ ਦਾ ਵਿਆਹ ਸ਼੍ਰੀਮਤੀ ਜਗੀਰ ਕੌਰ ਵਾਸੀ ਪਿੰਡ ਝੰਡੂਕੇ ਜ਼ਿਲ੍ਹਾ (ਬਠਿੰਡਾ) ਨਾਲ ਹੋਇਆ। ਉਹਨਾਂ ਦੇ ਗ੍ਰਹਿ ਪੰਜ ਸਪੁੱਤਰਾਂ ਜਗਰੂਪ ਸਿੰਘ, ਰਣਵੀਰ ਸਿੰਘ, ਗਿਆਨੀ ਕੌਰ ਸਿੰਘ, ਨਰਪਾਲ ਸਿੰਘ ਤੇ ਡਾ: ਬਰਜਿੰਦਰ ਸਿੰਘ ਨੇ ਜਨਮ ਲਿਆ।
ਗਿਆਨੀ ਜੀ ਨੇ ਗੁਰਦੁਆਰਾ ਦੀਨਾ ਕਾਂਗੜ, ਗੁਰਦੁਆਰਾ ਤਖਤੂਪੁਰਾ, ਗੁਰਦੁਆਰਾ ਕੌਲਸਰ, ਕੋਠਾ ਗੁਰੂ, ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਗੁਰਦੁਆਰਾ ਗੁਰੂਸਰ ਨਥਾਣਾ ਦਾ ਇਤਿਹਾਸ ਲਿਖਿਆ।  ਉਹਨਾਂ ਨੇ ਅਦੁੱਤੀ ਸੇਵਕ (ਜੀਵਨੀ) ਜਥੇਦਾਰ ਦਿਆਲ ਸਿੰਘ ਪਰਵਾਨਾ (1955), ਰੂਪ ਦੀਪ (ਪਿੰਗਲ) ਸਟੀਕ (1957), ਅਗਮ ਅਗਾਧ ਪੁਰਖ (ਜੀਵਨ ਕਥਾ ਸੰਤ ਅਤਰ ਸਿੰਘ ਜੀ ਮਸਤੂਆਣਾ ਵਾਲੇ) (1983), ਏਕ ਪੁਰਖ ਅਪਾਰ (ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਸਿਧਾਂਤ, ਉਪਦੇਸ਼, ਉਪਕਾਰ)(1983), ਸੰਤ ਬਾਬਾ ਬਲਵੰਤ ਸਿੰਘ ਜੀ ਧਲੇਰ ਵਾਲੇ (ਜੀਵਨੀ) (1994), ਪੂਜਯ ਸੰਤ ਅਤਰ ਸਿੰਘ ਜੀ ਮਸਤੂਆਣੇ ਵਾਲੇ (ਹਿੰਦੀ) (1994), ਪਰਮ ਰੂਪ ਪੁਨੀਤ ਮੂਰਤ (ਜੀਵਨੀ ਮਹੰਤ ਮਨਜੀਤ ਸਿੰਘ ਜੀ) (1995), ਦਮਦਮਾ ਗੁਰੂ ਕੀ ਕਾਸ਼ੀ (1995), ਨਿਰਮਲ ਪੰਥ ਬੋਧ (1998), ਗੁਰੂ ਵੰਸ਼ ਖ਼ਾਲਸਾ ਪੰਥ ਹਿੰਦੀ (1999), ਵਿੱਦਿਆਸਰ ਦਾ ਵਿੱਦਿਆ ਸਾਗਰ (2000), ਸੁਧਾਸਰ ਕੇ ਰਤਨ (ਹਿੰਦੀ) (2001), ਸ਼੍ਰੀ ਦਮਦਮਾ ਗੁਰੂ ਕਾਸ਼ੀ (2003), ਕੋਠਾ ਗੁਰੂ ਦੀ ਗੌਰਵ ਗਾਥਾ (2004),  ਮਾਤਾ ਦੇਸਾਂ ਦਾ ਬੁਰਜ (2005), ਸੰਤ ਅਤਰ ਸਿੰਘ ਅਭਿਨੰਦਨ ਗ੍ਰੰਥ (2006), ਡੇਰਾ ਬਾਬਾ ਦਲ ਸਿੰਘ (2007), ਗੁਰੂ ਗ੍ਰੰਥ ਸਾਹਿਬ ਤ੍ਰਿਤੀਯ ਸ਼ਤਾਬਦੀ ਪੂਰਨਤਾ ਦਿਵਸ (2008), ਸੁੂਰਬੀਰ ਬਚਨ ਕੇ ਬਲੀ (2009), ਕ੍ਰਿਪਾਨ ਪ੍ਰਾਣੀ ਨਿਰਭੈ ਯੋਧਾ ਮਹਾਂਬੀਰ ਬੰਦਾ ਸਿੰਘ (2009), ਨਿਰਮਲ ਪੰਥ ਦੀ ਗੌਰਵ ਗਾਥਾ (2009), ਨਿਰਮਲ ਭੇਖ ਭਾਸਕਰ (2009),  ਗੁਰ ਗਿਰਾਰਥ ਕੋਸ਼ (2012), ਸੰਪਰਦਾਇ ਮਸਤੂਆਣਾ (2014) ਆਦਿ ਦੋ ਦਰਜਨ ਤੋਂ ਵੀ ਵੱਧ ਪੁਸਤਕਾਂ ਸਿੱਖ ਜਗਤ ਨੂੰ ਭੇਟ ਕੀਤੀਆਂ। ਗਿਆਨੀ ਜੀ ਦਾ ਨਿਰਮਲ ਭੇਖ ਨਾਲ ਬਹੁਤ ਹੀ ਪਿਆਰ ਭਰਿਆ ਰਿਸ਼ਤਾ ਹੋਣ ਕਰਕੇ ਉਹਨਾਂ ਨਿਰਮਲ ਪੰਥ ਬੋਧ, ਨਿਰਮਲ ਪੰਥ ਦੀ ਗੌਰਵ ਗਾਥਾ, ਨਿਰਮਲ ਭੇਖ ਭਾਸਕਰ ਆਦਿ ਗ੍ਰੰਥ ਰਚੇ । ਆਪਣੇ ਜੀਵਨ ਕਾਲ ਦੌਰਾਨ ਆਪ ਨਿਰਮਲ ਭੇਖ ਦੇ ਹਰ ਸਮਾਗਮ ਵਿੱਚ ਸ਼ਾਮਲ ਹੁੰਦੇ ਰਹੇ ।
ਗਿਆਨੀ ਬਲਵੰਤ ਸਿੰਘ ਜੀ ਪਿਆਰ ਨਾਲ ਬੋਲਣ ਵਾਲੇ, ਹਸਮੁਖ ਬਿਰਤੀ ਦੇ ਮਾਲਕ ਸਨ। ਉਹਨਾਂ ਦੇ ਚਿਹਰੇ ਤੇ ਕਦੇ ਵੀ ਵੱਟ ਨਹੀਂ ਸੀ ਦੇਖਿਆ। ਇਸੇ ਕਾਰਨ ਹੀ ਉਹ ਗਰਾਮ ਪੰਚਾਇਤ ਕੋਠਾ ਗੁਰੂ ਦੇ ਸਰਪੰਚ, ਗੁਰਮਤਿ ਪ੍ਰਚਾਰਕ ਸਭਾ ਕੋਠਾ ਗੁਰੂ ਦੇ ਪ੍ਰਧਾਨ, ਮਾਲਵਾ ਚਕਰਵਰਤੀ ਖ਼ਾਲਸਾ ਦੀਵਾਨ ਅਮਰਗੜ੍ਹ ਦੇ ਪ੍ਰਧਾਨ, ਮਾਲਵਾ ਇਤਿਹਾਸ ਖੋਜ ਕੇਂਦਰ ਬਠਿੰਡਾ ਦੇ ਪ੍ਰਧਾਨ, ਸਰਵ ਭਾਰਤ ਨਿਰਮਲ ਮਹਾਂ ਮੰਡਲ (ਰਜਿ:) ਅੰਮ੍ਰਿਤਸਰ ਦੇ ਮੀਤ ਪ੍ਰਧਾਨ, ਪੰਚ ਖ਼ਾਲਸਾ ਦੀਵਾਨ ਪੰਚਖੰਡ ਦੇ ਮੀਤ ਸਕੱਤਰ, ਸਰਵ ਭਾਰਤ ਨਿਰਮਲ ਮਹਾਂ ਮੰਡਲ (ਰਜਿ:) ਅੰਮ੍ਰਿਤਸਰ ਦੇ ਜਨਰਲ ਸਕੱਤਰ ਸਨ। ਉਹਨਾਂ ਨੂੰ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਵੱਲੋਂ 1988 ਵਿੱਚ ਮਲੋਟ ਹੁਣ ਜ਼ਿਲ੍ਹਾ ਮੁਕਤਸਰ ਵਿਖੇ ਹੋਈ 56ਵੀਂ ਸਰਬ-ਹਿੰਦ ਸਿੱਖ ਐਜੂਕੇਸ਼ਨਲ ਕਾਨਫਰੰਸ ਸਮੇਂ ਸਹਿਜਧਾਰੀ ਕਾਨਫਰੰਸ ਦੇ ਕਨਵੀਨਰ, 1990 ਵਿੱਚ ਲੁਧਿਆਣਾ ਵਿਖੇ 57ਵੀਂ ਸਰਬ-ਹਿੰਦ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਸਮੇਂ ਸੰਤ-ਸੰਮੇਲਨ ਦੇ ਕਨਵੀਨਰ ਥਾਪੇ ਗਏ ਸਨ।
ਗਿਆਨੀ ਬਲਵੰਤ ਸਿੰਘ ਪੰਜਾਬੀ ਪਰਵਾਨਾ (ਮਾਸਿਕ) ਕੋਟਕਪੂਰਾ ਦੇ ਸੰਪਾਦਕ, ਖ਼ਾਲਸਾ ਪਾਰਲੀਮੈਂਟ ਗਜ਼ਟ ਸੱਚ-ਖੰਡ (ਮਾਸਿਕ) ਦੇ ਉਪ ਸੰਪਾਦਕ, ਸਿੱਧੂ ਬਰਾੜ (ਮਾਸਿਕ) ਬਠਿੰਡਾ ਦੇ ਸੰਪਾਦਕ, ਨਿਰਮਲਾ ਚਿੰਤਾਮਣੀ ਕੋਠਾ ਗੁਰੂ (ਸਪਤਾਹਿਕ) ਦੇ ਸੰਪਾਦਕ ਸਨ।
ਗਿਆਨੀ ਜੀ ਤੁਰਦੀ-ਫਿਰਦੀ ਡਿਕਸ਼ਨਰੀ ਸਨ। ਉਹ ਬਹੁਤ ਵਧੀਆ ਵਿਆਖਿਆਨਦਾਤਾ (ਲੈਕਚਰਾਰ) ਸਨ। ਉਹਨਾਂ ਨੂੰ ਇਹ ਸਭ ਗੁਣਾਂ ਦੀ ਦਾਤ ਗੁਰੂ ਕੀ ਕਾਸ਼ੀ (ਸ਼੍ਰੀ ਦਮਦਮਾ ਸਾਹਿਬ) ਵਿੱਚੋਂ ਪ੍ਰਾਪਤ ਹੋਈ ਸੀ। ਗੁਰੂ ਕੀ ਕਾਸ਼ੀ ਵਿੱਚੋਂ ਹੀ ਕਲਗ਼ੀਧਰ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖਣਸਰ ਸਰੋਵਰ ਵਿੱਚ ਪ੍ਰਵਾਹੀਆਂ ਕਲਮਾਂ ਵਿੱਚੋਂ ਕਲਮ ਦੀ ਪ੍ਰਾਪਤੀ ਹੋਈ ਸੀ। ਸੰਨ 1959 ਵਿੱਚ ਗਿਆਨੀ ਬਲਵੰਤ ਸਿੰਘ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਰੇ 180 ਸਫਿਆਂ ਦਾ ਗ੍ਰੰਥ ‘ਤਖ਼ਤ ਦਮਦਮਾ ਸਾਹਿਬ’ ਪ੍ਰਕਾਸ਼ਿਤ ਕੀਤਾ। ਇਸ ਵਿੱਚ ਉਹਨਾਂ ਇਤਿਹਾਸ ਦੇ ਅਨੇਕਾਂ ਪ੍ਰਮਾਣ ਦੇ ਕੇ ਸ਼੍ਰੀ ਦਮਦਮਾ ਸਾਹਿਬ ਨੂੰ ‘ਤਖ਼ਤ’ ਸਿੱਧ ਕੀਤਾ ਗਿਆ। ਇਸ ਗ੍ਰੰਥ ਤੋਂ ਬਾਅਦ ਹੀ ਸ਼੍ਰੀ ਦਮਦਮਾ ਸਾਹਿਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਕੀ ਤਖ਼ਤਾਂ ਦੀ ਤਰ੍ਹਾਂ ਮਾਨਤਾ ਦੇ ਕੇ ਤਖ਼ਤਾਂ ਵਾਲੀ ਮਰਯਾਦਾ ਚਾਲੂ ਕੀਤੀ।
ਉਹਨਾਂ ਦੇ ਖੋਜ ਭਰਪੂਰ ਇਤਿਹਾਸਕ ਲੇਖ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ, ਅਖ਼ਬਾਰਾਂ ਤੇ ਹਿੰਦੀ ਪੱਤਰਾਂ ਵਿੱਚ ਛਪਦੇ ਰਹੇ। ਵਾਰਾਨਸੀ ਕਾਂਸ਼ੀ ਤੋਂ ਛਪਣ ਵਾਲੇ ਸੰਸਕ੍ਰਿਤ ਦੇ ਸਪਤਾਹਿਕ ਪੱਤਰ ‘ਗੰਡੀਵ’ ’ਚ ਆਪ ਦੇ ਲੇਖ ਪ੍ਰਕਾਸ਼ਿਤ ਹੁੰਦੇ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ ‘ਇਨਸਾਈਕਲੋਪੀਡੀਆ ਆਫ਼ ਸਿੱਖਇਜ਼ਮ’ ਵਿੱਚ ਉਹਨਾਂ ਦੇ ਬਹੁਤ ਸਾਰੇ ਲੇਖ ਸ਼ਾਮਲ ਕੀਤੇ ਗਏ। ਉਹਨਾਂ ਦੇਸ਼ ਦੇ ਕੋਨੇ-ਕੋਨੇ ਵਿੱਚ ਧਰਮ-ਪ੍ਰਚਾਰ ਕੀਤਾ। ਚਾਰੇ ਕੁੰਭ ਪਰਵਾਂ ਹਰਿਦੁਆਰ, ਪ੍ਰਯਾਗਰਾਜ, (ਇਲਾਹਾਬਾਦ), ਉਜੈਨ ਅਤੇ ਤ੍ਰਿਯੰਬਕ (ਨਾਸਿਕ) ਵਿੱਚ ਨਿਰਮਲ ਭੇਖ ਦੇ ਸੰਤ-ਸੰਮੇਲਨ ਦੇ ਮੰਚ ਸੰਚਾਲਕ ਉਹ ਹੀ ਹੁੰਦੇ ਸਨ।
ਉਹ ਸੁਭਾਅ ਦੇ ਨਰਮ, ਮਿੱਠਬੋਲੜੇ ਤੇ ਮਿਲਣਸਾਰ ਸਨ। ਰਾਜਨੀਤਿਕ ਪਾਰਟੀਆਂ ਤੋਂ ਦੂਰ ਰਹਿਣ ਵਾਲੇ ਕੇਵਲ ਧਾਰਮਿਕ ਬਿਰਤੀ ਦੇ ਧਾਰਨੀ, ਨਾਮ-ਅਭਿਆਸੀ ਸਮਦ੍ਰਿਸ਼ਟੀ, ਸਮਦਰਸ਼ੀ ਮਹਾਂਪੁਰਖ ਸਨ। ਉਹਨਾਂ ਵਿੱਚ ਹਉਂਮੈਂ, ਅਹੰਕਾਰ ਦਾ ਕਦੇ ਅਭਾਸ ਨਹੀਂ ਆਇਆ। ਉਹਨਾਂ ਦਾ ਜਨਮ ਤੋਂ ਹੀ ਜੀਵਨ ਸ਼੍ਰੇਸ਼ਟ ਅਤੇ ਪਵਿੱਤਰ ਸੀ। ਉਹਨਾਂ ਜੀਵਨ ਵਿੱਚ ਇੱਕ ਵਾਰ ਵੀ ਕਿਸੇ ਮਾਦਕ ਪਦਾਰਥ (ਸ਼ਰਾਬ, ਅਫੀਮ, ਭੰਗ ਆਦਿਕ) ਦਾ ਪ੍ਰਯੋਗ ਨਹੀਂ ਕੀਤਾ। ਗਿਆਨੀ ਬਲਵੰਤ ਸਿੰਘ ਜੀ ਨੂੰ ਅਨੇਕਾਂ ਮਾਣ ਸਨਮਾਨ ਪ੍ਰਾਪਤ ਹੋਏ।ਉਹਨਾਂ ਨੂੰ 30 ਅਪ੍ਰੈਲ 2012 ਈਸਵੀ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਵੀਂ ਸਰਬ ਹਿੰਦ ਪੰਜਾਬੀ ਕਾਨਫਰੰਸ ਮੌਕੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਡਾ: ਜਸਪਾਲ ਸਿੰਘ ਜੀ ਵਾਈਸ-ਚਾਂਸਲਰ ਨੇ ‘ਟਕਸਾਲੀ ਵਿਦਵਾਨ’ ਦੀ ਉਪਾਧੀ ਨਾਲ ਸਨਮਾਨਿਤ ਕੀਤਾ। 12 ਮਾਰਚ 2016 ਨੂੰ ਪੰਜਾਬ ਸਰਕਾਰ ਦੀ ਤਰਫੋਂ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ” ਸ਼੍ਰੋਮਣੀ ਪੰਜਾਬੀ ਗਿਆਨ ਸਾਹਿਤਕਾਰ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ। ਇਸ ਪੁਰਸਕਾਰ ਵਿੱਚ ਪੰਜ ਲੱਖ ਰੁਪਏ ਨਕਦ ਤੇ ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਯੂਨੀਵਰਸਿਟੀਆਂ ਤੇ ਸੈਂਕੜੇ ਸੰਸਥਾਵਾਂ ਨੇ ਉਹਨਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਿਆਨੀ ਜੀ ਦੁਆਰਾ ਇਤਿਹਾਸ ਦੇ ਖੇਤਰ ’ਚ ਪਾਏ ਵਡਮੁੱਲੇ ਯੋਗਦਾਨ ਸਦਕਾ ਉਹਨਾਂ ਨੂੰ ‘ਗੁਰਮਤਿ ਮਾਰਤੰਡ’ ਸਨਮਾਨ ਦੇਣ ਦਾ ਫੈਸਲਾ ਲਿਆ ਗਿਆ। ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੀ ਸਿੱਖ ਸਾਹਿਤ ਨੂੰ ਦੇਣ ਸਿਧਾਂਤਕ ਤੇ ਇਤਿਹਾਸਕ ਪਰਿਪੇਖ (ਨਿਰਮਲ ਸਾਹਿਤ ਦੇ ਵਿਸ਼ੇਸ਼ ਹਵਾਲੇ ਨਾਲ) ਦੇ ਵਿਸ਼ੇ ਤੇ ਪੀਐਚ.ਡੀ.(ਡਾਕਟਰ ਆਫ ਫਿਲਾਸਫੀ) ਦਾ ਖੋਜ ਕਾਰਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੱਕ ਖੋਜਾਰਥੀ ਡਾ: ਜਸਪ੍ਰੀਤ ਕੌਰ ਨੇ ਸੰਪੂਰਨ ਕੀਤਾ ਹੈ ।  ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਜੀ ਦੇ ਪੁੱਤਰ ਪ੍ਰਸਿੱਧ ਵਿਦਵਾਨ ਤੇ ਲਿਖਾਰੀ ਗਿਆਨੀ ਕੌਰ ਸਿੰਘ ਕੋਠਾ ਗੁਰੂ ਨੇ ਆਪਣੇ ਸਤਿਕਾਰਯੋਗ ਪਿਤਾ ਜੀ ਦੇ ਜੀਵਨ ਨੂੰ ਪੁਸਤਕ “ਜੀਵਨ ਕਥਾ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਮੁਲਾਂਕਣ” ਛਾਪਣ ਦਾ ਉਪਰਾਲਾ ਕੀਤਾ ਹੈ, ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ।
ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਪਰਮਾਤਮਾ ਵੱਲੋਂ ਬਖ਼ਸ਼ੀ ਸਵਾਸਾਂ ਦੀ ਪੂੰਜੀ ਸੰਪੂਰਨ ਕਰਕੇ 27 ਫ਼ਰਵਰੀ 2019 ਈ: ਦਿਨ ਬੁੱਧਵਾਰ ਨੂੰ 86 ਸਾਲ ਦੀ ਉਮਰ ਬਤੀਤ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

ਕਰਨੈਲ ਸਿੰਘ ਐੱਮ.ਏ.ਲੁਧਿਆਣਾ #1138/63-ਏ, ਗੁਰੂ ਤਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ,  ਜਮਾਲਪੁਰ, ਲੁਧਿਆਣਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਿਰਮਲ ਡੇਰਾ ਗੋਲੇਵਾਲਾ ਮਹੰਤਾਂ ਦੀ ਬਰਸੀ ਵਿਸ਼ਾਲ ਖੂਨਦਾਨ ਕੈਂਪ ਦੌਰਾਨ ਇੱਕਤਰ ਕੀਤੇ 113 ਬਲੱਡ ਯੂਨਿਟ
Next articleडॉ. भीमराव अंबेडकर के विचार में जातिवाद राष्ट्र निर्माण में एक विनाशकारी बाधा : एक विश्लेषण