ਬਟਾਲਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪਰਵੀਨ ਕੌਰ ਸਿੱਧੂ ਦੀ ਤੀਸਰੀ ਕਿਤਾਬ ‘ਹਿੰਮਤ ਬਣੋ.. ਨਾ ਕਿ ਪੈਰਾਂ ਦੀਆਂ ਬੇੜੀਆਂ’ ਡੀ ਏ ਵੀ ਸੈਨਟੇਨਰੀ ਪਬਲਿਕ ਸਕੂਲ ਬਟਾਲਾ ਦੇ ਪ੍ਰਿੰਸੀਪਲ ਸ੍ਰੀ ਸੁਖਦੇਵ ਰਾਜ ਜੀ ਅਤੇ ਸੁਪਰਵਾਈਜ਼ਰੀ ਹੈੱਡ ਮੈਡਮ ਬਲਜਿੰਦਰ ਕੌਰ ਜੀ ਵੱਲੋਂ ਲੋਕ ਅਰਪਣ ਕੀਤੀ ਗਈ। ਜਿਸ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਸਵਿਤਾ ਕੁਮਾਰੀ ਅਤੇ ਹਰਨੇਕ ਸਿੰਘ ਵੀ ਸ਼ਾਮਿਲ ਸਨ। ਸਿੱਧੂ ਜੀ ਦੀ ਇਸ ਕਿਤਾਬ ਵਿੱਚ ਬਹੁਤ ਵਧੀਆ 47 ਲੇਖ ਹਨ ਅਤੇ ਅੱਠ ਉਹਨਾਂ ਦੇ ਵਿਦਿਆਰਥੀ ਦੀਆਂ ਰਚਨਾਵਾਂ ਸ਼ਾਮਲ ਹਨ। ਸਿੱਧੂ ਜੀ ਦਾ ਮਕਸਦ ਵੀ ਇਹੀ ਹੈ ਕਿ ਜ਼ਿੰਦਗੀ ਵਿੱਚ ਸਾਨੂੰ ਆਪਣੇ ਬੱਚਿਆਂ ਦੀ ਅਤੇ ਹਰੇਕ ਉਸ ਵਿਅਕਤੀ ਦੀ ਹਿੰਮਤ ਬਣਨ ਦੀ ਜ਼ਰੂਰਤ ਹੈ, ਜੋ ਜ਼ਿੰਦਗੀ ਵਿੱਚ ਨਿਰਾਸ਼ਤਾ ਦੇ ਆਲਮ ਵਿੱਚ ਘਿਰਿਆ ਹੋਇਆ ਹੈ। ਜਦੋਂ ਅਸੀਂ ਆਪਣੇ ਨਾਲ਼ ਆਉਣ ਵਾਲੀਆਂ ਨਵੀਆਂ ਕਲਮਾਂ ਨੂੰ ਲੈ ਕੇ ਚਲਾਂਗੇ ਤਾਂ ਉਹਨਾਂ ਅੰਦਰ ਵੀ ਸਾਹਿਤ ਨਾਲ਼ ਜੁੜਨ ਦੀ ਚੇਟਕ ਪੈਂਦਾ ਹੋਵੇਗੀ। ਮੁੱਖ ਤੌਰ ‘ਤੇ ਇਹ ਕਿਤਾਬ ਜਿੱਥੇ ਅੱਜ ਦੀ ਨੌਜਵਾਨੀ ਨੂੰ ਸਮਰਪਿਤ ਹੈ ਉੱਥੇ ਹੀ ਉਹਨਾਂ ਨੇ ਆਪਣੀ ਬੇਟੀ ਸ਼ਹਿਨਾਜ਼ ਪ੍ਰੀਤ ਕੌਰ ਅਤੇ ਭਤੀਜੀਆਂ ਪਲਕ ਅਤੇ ਗੁਰਨਾਜ਼ ਦੇ ਜਨਮਦਿਨ ਉੱਪਰ ਇਹ ਕਿਤਾਬ ਉਸ ਨੂੰ ਤੋਹਫ਼ੇ ਵਜੋਂ ਭੇਟ ਕੀਤੀ ਹੈ। ਉਹਨਾਂ ਅਨੁਸਾਰ ਜ਼ਿੰਦਗੀ ਏਨੀ ਔਖੀ ਵੀ ਨਹੀਂ ਹੈ.. ਅਤੇ ਏਨੀ ਸੌਖੀ ਵੀ ਨਹੀਂ ਹੈ। ਸਿਰਫ਼ ਜ਼ਰੂਰਤ ਹੈ ਸਾਨੂੰ ਥੋੜੀ ਜਿਹੀ ਹਿੰਮਤ ਕਰਨ ਦੀ ਅਤੇ ਆਪਣੇ ਆਪ ਨੂੰ ਕਾਮਯਾਬ ਬਣਾਉਣ ਦੀ। ਇਨਸਾਨ ਅੰਦਰ ਚੰਗੇ-ਮਾੜੇ ਹਾਲਾਤਾਂ ਨਾਲ਼ ਲੜਨ ਲਈ ਜਜ਼ਬਾ ਹੋਣਾ ਚਾਹੀਦਾ ਹੈ। ਜਦੋਂ ਅਸੀਂ ਕਿਸੇ ਕੰਮ ਨੂੰ ਕਰਨ ਲਈ ਦਿਲੋਂ ਠਾਣ ਲੈਂਦੇ ਹਾਂ, ਤਾਂ ਉਸ ਵਿੱਚ ਕਾਮਯਾਬ ਜ਼ਰੂਰ ਹੁੰਦੇ ਹਾਂ। ਇਸ ਮੌਕੇ ਪ੍ਰਿੰਸੀਪਲ ਸ੍ਰੀ ਸੁਖਦੇਵ ਰਾਜ ਜੀ ਨੇ ਵਧਾਈ ਦਿੰਦਿਆਂ ਹੋਇਆਂ ਉਹਨਾਂ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਕਿ ਉਹ ਵੀ ਵੱਧ ਤੋਂ ਵੱਧ ਸਾਹਿਤ ਨਾਲ਼ ਜੁੜਨ ਅਤੇ ਆਪਣੇ ਵਾਧੂ ਸਮੇਂ ਵਿੱਚ ਚੰਗੇ ਸਾਹਿਤ ਨੂੰ ਪੜ੍ਹਨ ਅਤੇ ਰਚਨ। ਇਹ ਕਿਤਾਬਾਂ ਸਦਾ ਹੀ ਅੱਖਰਾਂ ਦੇ ਰੂਪ ਵਿੱਚ ਸਾਡੇ ਤੋਂ ਬਾਅਦ ਵੀ ਰਹਿੰਦੀਆਂ ਹਨ। ਇਸ ਕਰਕੇ ਸਾਨੂੰ ਇਹਨਾਂ ਕਿਤਾਬਾਂ ਨਾਲ਼ ਜੁੜ ਕੇ ਆਪਣੀ ਜ਼ਿੰਦਗੀ ਨੂੰ ਵਧੀਆ ਅਤੇ ਮਾਨਣਯੋਗ ਬਣਾਉਣਾ ਚਾਹੀਦਾ ਹੈ। ਆਪਣੇ ਸਮੇਂ ਨੂੰ ਕਦੀ ਵੀ ਬਰਬਾਦ ਨਹੀਂ ਕਰਨਾ ਚਾਹੀਦਾ, ਸਗੋਂ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਕਿਤਾਬ ਵਿੱਚ ਸ਼ਾਮਿਲ ਸਾਰਿਆਂ ਬੱਚਿਆਂ ਜਿਸ ਵਿੱਚ ਚਾਹਤਪ੍ਰੀਤ, ਰਿਧੀਮਾ, ਸੇਜਲ, ਪਲਕਦੀਪ, ਪਰਮੀਤ ਜਸਪ੍ਰੀਤ, ਸਾਹਿਬਾਨ ਅਤੇ ਅਰਮਾਨ ਨੂੰ ਕਿਤਾਬਾਂ ਵੀ ਦਿੱਤੀਆਂ ਗਈਆਂ। ਸਾਂਝੇ ਕਾਵਿ ਸੰਗ੍ਰਹਿ ‘ਕਾਵਿ ਕਿਆਰੀ’ ਵਿੱਚ ਵੀ ਚਾਹਤਪ੍ਰੀਤ ਅਤੇ ਰਿਧੀਮਾ ਦੀਆਂ ਲਿਖਤਾਂ ਵੀ ਲੱਗੀਆਂ ਹਨ ਜਿਸ ਦੀ ਸੰਪਾਦਨਾ ਪਰਵੀਨ ਕੌਰ ਸਿੱਧੂ ਜੀ ਨੇ ਕੀਤੀ ਹੈ। ਬੱਚਿਆਂ ਨੂੰ ਚੰਗੇ ਸਾਹਿਤ ਨਾਲ਼ ਜੋੜਨ ਲਈ ਉਹ ਲਗਾਤਾਰ ਉਪਰਾਲੇ ਕਰਦੇ ਰਹਿੰਦੇ ਹਨ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਉਹ ਬੱਚਿਆਂ ਲਈ ਅਜਿਹੇ ਉਪਰਾਲੇ ਕਰਦੇ ਰਹੇ।
https://play.google.com/store/apps/details?id=in.yourhost.samajweekly