(ਸਮਾਜ ਵੀਕਲੀ)
ਕਦਮ ਕਦਮ ਦਸਮੇਸ਼ ਗੁਰੂ ‘ਤੇ ਜ਼ੁਲਮ ਦਾ ਹੋਇਆ ਕਹਿਰ ਸੀ।
ਫਿਰ ਵੀ ਰੱਬ ਦਾ ਸ਼ੁਕਰ ਮਨਾਉਂਦੇ ਰਹਿੰਦੇ ਅੱਠੇ ਪਹਿਰ ਸੀ।
ਕਪਟੀ ਰਾਜੇ ਕਸਮਾਂ ਖਾ ਗਏ ਆਪੋ ਆਪਣੇ ਧਰਮ ਦੀਆਂ,
ਕਿਲ੍ਹਾ ਅਨੰਦਗੜ੍ਹ ਦਾ ਜਦ ਛੱਡਿਆ, ਪੋਹ ਦੀ ਰਾਤ ਦਾ ਪਹਿਰ ਸੀ।
ਕਸਮਾਂ ਤੋੜ ਕੇ ਪਿੱਛਾ ਕੀਤਾ, ਖ਼ਾਲਸਾ ਫ਼ੌਜ ‘ਦਾ ਦੁਸ਼ਮਣ ਨੇ,
ਨਿਕਲੇ ਵੱਲ ਚਮਕੌਰ ਗੁਰੂ ਜੀ, ਜ਼ੁਲਮ ਕਹਿਰ ਦਾ ਪਹਿਰ ਸੀ।
ਵਿਛੜੇ ਮਾਤਾ ਗੁਜਰ ਕੌਰ ਜੀ ਫਤਹਿ ਜ਼ੋਰਾਵਰ ਨਾਲ ਸੀ ਦੋਵੇਂ,
ਗੰਗੂ ਨੇ ਜਦ ਰਾਤ ਕੱਟਣ ਲਈ ਦਿੱਤੀ ਘਰ ਵਿਚ ਠਹਿਰ ਸੀ।
ਸੋਨ ਮੋਹਰਾਂ ਦੇ ਲਾਲਚ ਖ਼ਾਤਰ ਗੰਗੂ ਦਾ ਮਨ ਬਦਲ ਗਿਆ ਸੀ,
ਮੁਖ਼ਬਰ ਬਣ ਕੇ ਪਾਪੀ ਬਣਿਆ, ਕਪਟ ਦੀ ਅੰਦਰ ਜ਼ਹਿਰ ਸੀ।
ਮੁਗ਼ਲਾਂ ਹੱਥ ਗ੍ਰਿਫ਼ਤਾਰ ਕਰਾ ਕੇ ਨਿੱਕੀਆਂ ਨਿੱਕੀਆਂ ਜਿੰਦਾਂ ਤਾਈਂ,
ਗੰਗੂ ਨੇ ਜੋ ਕਰਮ ਕਮਾਇਆ, ਸਭ ਤੋਂ ਵੱਡਾ ਕਹਿਰ ਸੀ।
ਜੰਗ ਹੋਈ ਜਿਸ ਨਦੀ ਕਿਨਾਰੇ, ਆਦਮਖ਼ੋਰ ਸ਼ੂਕਾਂ ਪਈ ਮਾਰੇ,
ਗੁਰੂ ਪਰਿਵਾਰ ਦਾ ਪਿਆ ਵਿਛੋੜਾ, ਚੜ੍ਹੀ ਹੋਈ ਸਰਸਾ ਨਹਿਰ ਸੀ।
ਸੁਰਜੀਤ ਸਿੰਘ ਲਾਂਬੜਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly