ਫਾਜ਼ਿਲਕਾ (ਸਮਾਜ ਵੀਕਲੀ): ਜ਼ਿਲ੍ਹੇ ਦੀ ਮੰਡੀ ਲਾਧੂਕਾ ਵਿੱਚ ਪੁਲੀਸ ਹਿਰਾਸਤ ਵਿੱਚ ਕਬਾੜੀ ਦੀ ਭੇਤਭਰੀ ਹਾਲਤ ਵਿੱਚ ਮੌਤ ਮਗਰੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਨੇ ਕੌਮੀ ਮਾਰਗ ’ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕਰਦਿਆਂ ਪੁਲੀਸ ’ਤੇ ਤਸ਼ੱਦਦ ਕਰਨ ਦੇ ਦੋਸ਼ ਲਾਏ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨੇ ਵਿੱਚ ਹਿੱਸਾ ਲਿਆ।
ਕਬਾੜੀ ਦੇ ਪੁੱਤਰ ਰਾਹੁਲ ਕੁਮਾਰ ਨੇ ਪੁਲੀਸ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੇ ਪਿਤਾ ਕੇਵਲ ਕ੍ਰਿਸ਼ਨ ਮੰਡੀ ਲਾਧੂਕਾ ਵਿੱਚ ਕਬਾੜ ਦੀ ਦੁਕਾਨ ਹੈ। ਉਸ ਨੇ ਦੱਸਿਆ ਕਿ ਕੋਈ ਵਿਅਕਤੀ ਕਿਸੇ ਜ਼ਿਮੀਂਦਾਰ ਦਾ ਸਾਮਾਨ ਲਿਆ ਕੇ ਉਨ੍ਹਾਂ ਦੀ ਦੁਕਾਨ ’ਤੇ ਵੇਚ ਗਿਆ। ਪਤਾ ਲੱਗਣ ’ਤੇ ਜ਼ਿਮੀਂਦਾਰ ਉਨ੍ਹਾਂ ਦੀ ਦੁਕਾਨ ’ਤੇ ਆਇਆ ਅਤੇ ਸਾਮਾਨ ਸਬੰਧੀ ਪੁੱਛ-ਪੜਤਾਲ ਕਰਨ ਲੱਗਿਆ। ਉਨ੍ਹਾਂ ਜ਼ਿਮੀਂਦਾਰ ਨੂੰ ਦੱਸਿਆ ਕਿ ਉਨ੍ਹਾਂ ਸਾਮਾਨ ਮੁੱਲ ਖਰੀਦਿਆ ਹੈ, ਜਿਸ ਸਬੰਧੀ ਸੀਸੀਟੀਵੀ ਫੁਟੇਜ ਵੀ ਉਨ੍ਹਾਂ ਕੋਲ ਮੌਜੂਦ ਹਨ ਅਤੇ ਉਹ ਫੁਟੇਜ ਤੋਂ ਸਾਮਾਨ ਵੇਚਣ ਵਾਲੇ ਦੀ ਪਛਾਣ ਕਰ ਲੈਣ।
ਰਾਹੁਲ ਨੇ ਦੱਸਿਆ ਕਿ ਇਸ ਮਗਰੋਂ ਉਹ ਵਿਅਕਤੀ ਉੱਥੋਂ ਚਲਾ ਗਿਆ ਪਰ ਬੀਤੀ ਸ਼ਾਮ ਕਰੀਬ ਪੰਜ ਵਜੇ ਫਿਰ ਕੁਝ ਪਿੰਡ ਵਾਸੀਆਂ ਅਤੇ ਪੁਲੀਸ ਕਰਮਚਾਰੀਆਂ ਨਾਲ ਦੁਕਾਨ ’ਤੇ ਆਇਆ ਅਤੇ ਉਹ ਉਸ ਦੇ ਪਿਤਾ ਨੂੰ ਧੱਕੇ ਨਾਲ ਗੱਡੀ ਵਿੱਚ ਬਿਠਾ ਕੇ ਮੰਡੀ ਲਾਧੂਕਾ ਦੀ ਪੁਲੀਸ ਚੌਕੀ ਲੈ ਗਏ। ਇਸ ਮਗਰੋਂ ਮੰਡੀ ਲਾਧੂਕਾ ਪੁਲੀਸ ਚੌਕੀ ਇੰਚਾਰਜ ਅਤੇ ਹੋਰ ਪੁਲੀਸ ਮੁਲਾਜ਼ਮ ਉਸ ਦੇ ਪਿਤਾ ਨੂੰ ਥਾਣਾ ਸਦਰ ਫਾਜ਼ਿਲਕਾ ਵਿੱਚ ਲੈ ਗਏ। ਰਾਤ ਲਗਭਗ 8 ਵਜੇ ਪੁਲੀਸ ਕਰਮਚਾਰੀ ਨੇ ਉਸ ਨੂੰ ਦੱਸਿਆ ਕਿ ਉਸ ਦੇ ਪਿਤਾ ਦੀ ਤਬੀਅਤ ਠੀਕ ਨਾ ਹੋਣ ਕਾਰਨ ਉਸ ਨੂੰ ਫਰੀਦਕੋਟ ਰੈੱਫ਼ਰ ਕਰ ਦਿੱਤਾ ਗਿਆ ਹੈ। ਉਹ ਫਰੀਦਕੋਟ ਗਏ ਅਤੇ ਉੱਥੋਂ ਪਤਾ ਲੱਗਿਆ ਕਿ ਉੱਥੇ ਹਸਪਤਾਲ ਵਿੱਚ ਕੇਵਲ ਕ੍ਰਿਸ਼ਨ ਨਾਂ ਦਾ ਕੋਈ ਮਰੀਜ਼ ਨਹੀਂ ਆਇਆ ਸੀ। ਇਸ ਮਗਰੋਂ ਪਰਿਵਾਰ ਨੇ ਪੁਲੀਸ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਫੋਨ ਨਹੀਂ ਚੁੱਕਿਆ। ਰਾਹੁਲ ਨੇ ਦੱਸਿਆ ਕਿ ਅੱਜ ਸਵੇਰੇ ਪਰਿਵਾਰ ਨੂੰ ਥਾਣਾ ਸਦਰ ਫਾਜ਼ਿਲਕਾ ਵਿੱਚ ਬੁਲਾਇਆ ਗਿਆ ਅਤੇ ਉਸ ਦੇ ਪਿਤਾ ਦੀ ਕੁਦਰਤੀ ਮੌਤ ਹੋਣ ਦਾ ਕਹਿ ਕੇ ਪੁਲੀਸ ਨੇ ਉਨ੍ਹਾਂ ਨੂੰ ਮਾਮਲਾ ਨਿਬੇੜਨ ਦੀ ਗੱਲ ਕਹੀ। ਪਰਿਵਾਰ ਨੇ ਦੋਸ਼ ਲਾਇਆ ਕਿ ਸਿਰਫ ਸੱਤ-ਅੱਠ ਕਿੱਲੋ ਲੋਹੇ ਦੀ ਪੜਤਾਲ ਕਰਨ ਪਿੱਛੇ ਪਹਿਲਾਂ ਸਦਰ ਥਾਣਾ ਫਾਜ਼ਿਲਕਾ ਅਤੇ ਬਾਅਦ ਵਿੱਚ ਸੀਆਈਏ ਸਟਾਫ਼ ਫ਼ਾਜ਼ਿਲਕਾ ਵਿੱਚ ਲਿਜਾ ਕੇ ਕੇਵਲ ਕ੍ਰਿਸ਼ਨ ’ਤੇ ਤਸ਼ੱਦਦ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲੀਸ ਨੇ ਕਬਾੜੀਏ ਦੀ ਲਾਸ਼ ਸਿਵਲ ਹਸਪਤਾਲ ਫਾਜ਼ਿਲਕਾ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਹੈ ਅਤੇ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ।
ਇਨਸਾਫ਼ ਮਿਲਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ
ਮੌਕੇ ’ਤੇ ਪਹੁੰਚੇ ਡੀਐੱਸਪੀ ਫ਼ਾਜ਼ਿਲਕਾ ਜਸਵੀਰ ਸਿੰਘ ਪੰਨੂ ਨੇ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਪਰ ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ਡੀਐੱਸਪੀ ਦੀ ਗੱਲ ’ਤੇ ਭਰੋਸਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮਗਰੋਂ ਫਾਜ਼ਿਲਕਾ ਵਿੱਚ ਐੱਸਐੱਸਪੀ ਨੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਕੀਤੀ ਹੈ ਪਰ ਮਸਲਾ ਕਿਸੇ ਤਣ-ਪੱਤਣ ਨਹੀਂ ਲੱਗਿਆ। ਪੁਲੀਸ ਵੱਲੋਂ ਕੇਵਲ ਕ੍ਰਿਸ਼ਨ ਦੀ ਮੌਤ ਬਾਰੇ ਤਸੱਲੀਬਖਸ਼ ਜੁਆਬ ਨਾ ਦੇਣ ਕਾਰਨ ਪਰਿਵਾਰ ਨੇ ਇਨਸਾਫ਼ ਮਿਲਣ ਤੱਕ ਕੌਮੀ ਮਾਰਗ ’ਤੇ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly