ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
(ਸਮਾਜ ਵੀਕਲੀ) ਅੱਜ ਵਿਗਿਆਨ ਨੇ ਇੰਨੀ ਤਰੱਕੀ ਕਰ ਲਈ ਹੈ ਤੇ ਸੰਚਾਰ ਦੇ ਸਾਧਨਾਂ ਵਿੱਚ ਵਾਧਾ ਹੋ ਗਿਆ ਹੈ ਕਿ ਦੁਨੀਆ ਸਾਡੀ ਮੁੱਠੀ ਵਿੱਚ ਹੋ ਗਈ ਜਾਪਦੀ ਹੈ । ਤਰ੍ਹਾਂ – ਤਰ੍ਹਾਂ ਦੇ ਉਪਕਰਨਾਂ ਨਾਲ਼ ਸੁਸੱਜਿਤ ਮੋਬਾਇਲ ਫੋਨ ਭਾਵ ਕਿ ਸੋਸ਼ਲ ਮੀਡੀਆ ਦਾ ਪ੍ਰਭਾਵ ਸਾਡੇ ਉੱਤੇ , ਸਾਡੀ ਜ਼ਿੰਦਗੀ ਉੱਤੇ ਅਤੇ ਸਾਡੇ ਆਪਣਿਆਂ ਉੱਤੇ ਇੰਨ੍ਹਾਂ ਵੱਧ ਗਿਆ ਹੈ ਅਤੇ ਅਸੀਂ ਸਭ ਇਸ ਦੇ ਇੰਨੇ ਆਦੀ ਹੋ ਗਏ ਜਾਪਦੇ ਹਾਂ ਕਿ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਅਤੇ ਖੁੱਲ੍ਹੇ ਸੁਭਾਅ ਰਾਹੀਂ ਹਾਸੇ – ਠੱਠੇ ਕਰਨ ਨੂੰ ਪਹਿਲ ਦੇਣ ਤੋਂ ਗੁਰੇਜ਼ ਕਰਨ ਲੱਗ ਪਏ ਹਾਂ ਅਤੇ ਕੇਵਲ ਤੇ ਕੇਵਲ ਸੋਸ਼ਲ ਮੀਡਿਆ ‘ਤੇ ਹੀ ਪੂਰਨ ਕੇਂਦਰਿਤ ਹੋ ਕੇ ਸੀਮਿਤ ਹੋ ਗਏ ਹਾਂ। ਇਹ ਸਥਿਤੀ ਆਪਣਿਆਂ ਨੂੰ ਆਪਣਿਆਂ ਤੋਂ ਵੱਖ ਕਰਕੇ ਪਰਿਵਾਰਕ ਸਾਂਝ ਅਤੇ ਭਾਈਚਾਰਕ ਸਾਂਝ ਨੂੰ ਖੜੋਤ ਵੱਲ ਲੈ ਜਾ ਰਹੀ ਹੈ । ਭਾਵੇਂ ਕਿ ਅਸੀਂ ਸੋਸ਼ਲ ਮੀਡਿਆ ਰਾਹੀਂ ਇੱਕ – ਦੂਜੇ ਨਾਲ਼ ਕਾਫ਼ੀ ਜੁੜਾਵ ਮਹਿਸੂਸ ਕਰਦੇ ਹਾਂ , ਪਰ ਅਸਲੀਅਤ ਤਾਂ ਇਸ ਤੋਂ ਕੁਝ ਵੱਖ ਹੈ ਕਿ ਸੋਸ਼ਲ ਮੀਡਿਆ ਇੰਨਾ ਹਾਵੀ ਹੋ ਗਿਆ ਜਾਪਣ ਲੱਗਦਾ ਹੈ ਕਿ ਇੱਕ ਪਰਿਵਾਰ ਦੇ ਵੱਖ – ਵੱਖ ਮੈਂਬਰ ਆਪਸੀ ਵਿਚਾਰ – ਵਟਾਂਦਰੇ ਕਰਨ ਅਤੇ ਮਨ ਦੇ ਵਿਚਾਰਾਂ ਦੀਆਂ ਪਰਤਾਂ ਖੋਲ੍ਹਣ ਅਤੇ ਸਾਂਝੀਆਂ ਕਰਨ ਦੀ ਥਾਂ ਮੋਬਾਇਲ ਫੋਨਾਂ ਅਤੇ ਸੋਸ਼ਲ ਮੀਡੀਆ ‘ਤੇ ਹੀ ਪੂਰਨ ਕੇਂਦਰਿਤ ਹੋ ਕੇ ਰਹਿ ਗਏ ਹਨ। ਇਹ ਸਥਿਤੀ ਤੇ ਇਹ ਲਗਾਓ ਹਕੀਕਤ ਤੋਂ ਕਾਫੀ ਦੂਰ ਹੁੰਦਾ ਹੈ ਅਤੇ ਇਹ ਸਥਿਤੀ ਸਥਾਈ ਨਾ ਹੋ ਕੇ ਅਸਥਾਈ ਹੀ ਹੁੰਦੀ ਹੈ। ਹਾਂ, ਕੁਝ ਪਲ ਕੁਝ ਸਮੇਂ ਲਈ ਸੋਸ਼ਲ ਮੀਡਿਆ ਨਾਲ ਜੁੜਨਾ ਸਹੀ ਹੈ , ਪਰ ਘੰਟਿਆਂ ਬੱਧੀ ਆਪਣੀ , ਆਪਣੇ ਪਰਿਵਾਰ ਦੀ ਅਤੇ ਭਾਈਚਾਰਕ ਹੋਂਦ ਨੂੰ ਵਿਸਾਰ ਕੇ ਇਸ ਵਿੱਚ ਹੀ ਰੁਝ ਜਾਣਾ ਬਹੁਤ ਨੁਕਸਾਨਦਾਇਕ ਅਤੇ ਪਰਿਵਾਰਕ ਤੇ ਭਾਈਚਾਰਕ ਸਾਂਝਾਂ ਦੇ ਤਿੜਕਣ ਦਾ ਯੋਗ ਕਾਰਨ ਬਣ ਨਿੱਬੜਦਾ ਹੈ । ਨਵੀਂ ਤਕਨੀਕ ਨੂੰ ਜ਼ਰੂਰ ਅਪਣਾਓ , ਉਸ ਦੇ ਲਾਭਾਂ ਨੂੰ ਜ਼ਰੂਰ ਪ੍ਰਾਪਤ ਕਰੋ , ਉਸ ਨਾਲ ਜੁੜੋ , ਪਰ ਇੱਕ ਹੱਦ ਵਿੱਚ ਰਹਿ ਕੇ , ਇੱਕ ਹੋਂਦ ਵਿੱਚ ਰਹਿ ਕੇ , ਇੱਕ ਦਾਇਰੇ ਵਿੱਚ ਰਹਿ ਕੇ ; ਕਿਉਂਕਿ ਅਸੀਂ ਸਭ ਮਨੁੱਖ ਹਾਂ , ਕੋਈ ਬੇਜਾਨ ਪੱਥਰ ਦੀਆਂ ਜਾਂ ਲੋਹੇ ਦੀਆਂ ਮੂਰਤਾਂ ਨਹੀਂ ; ਕਿਉਂਕਿ ਸਾਡੇ ਵਿੱਚ ਭਾਵ ਹਨ , ਸਾਡੇ ਵਿੱਚ ਅਹਿਸਾਸ ਹਨ । ਇਸ ਲਈ ਇਨਸਾਨ ਤੇ ਇਨਸਾਨੀਅਤ ਨੂੰ ਜਿਉਂਦੇ ਰੱਖਣ ਲਈ ਸੋਸ਼ਲ ਮੀਡਿਆ ਨੂੰ ਆਪਣੇ ‘ਤੇ ਹਾਵੀ ਕਦੇ ਵੀ ਨਹੀਂ ਹੋਣ ਦੇਣਾ ਚਾਹੀਦਾ ਅਤੇ ਇਹ ਨਾ ਹੋਵੇ ਕਿ ਇਹ ਸਾਡੇ ਪਰਿਵਾਰਕ ਜਾਂ ਸਮਾਜਿਕ ਤੇ ਭਾਈਚਾਰਕ ਤੰਦਾਂ , ਪਿਆਰ ਅਤੇ ਸਾਂਝੀਵਾਲਤਾ ਨੂੰ ਹੀ ਖ਼ਤਮ ਕਰਕੇ ਰੱਖ ਦੇਵੇ
ਸ੍ਰੀ ਅਨੰਦਪੁਰ ਸਾਹਿਬ ( ਇੰਡੀਆ ਬੁੱਕ ਆੱਫ਼ ਰਿਕਾਰਡਜ਼ ਹੋਲਡਰ ) 9478561356