(ਸਮਾਜ ਵੀਕਲੀ)
ਸਿਆਣੇ ਕਹਿੰਦੇ ਨੇ ਏਕੇ ਵਿੱਚ ਤਾਕਤ ਹੁੰਦੀ ਹੈ।ਪਰ ਇਸ ਵਕਤ ਵਧੇਰੇ ਕਰਕੇ ਸਿਆਣਿਆਂ ਦੀ ਗੱਲ ਸੁਣਨਾ ਤੇ ਮੰਨਣਾ ਨੌਜਵਾਨ ਪੀੜ੍ਹੀ ਭੁੱਲਦੀ ਜਾ ਰਹੀ ਹੈ।ਪਰਿਵਾਰਾਂ ਵਿੱਚ ਏਕਾ ਨਹੀਂ,ਇਸ ਕਰਕੇ ਸਮਾਜ ਵੀ ਟੁੱਟਿਆ ਭੱਜਿਆ ਹੋਇਆ ਹੈ।ਇਸ ਟੁੱਟ ਭੱਜ ਵਾਲੇ ਸਮਾਜ ਵਿੱਚ ਲੋਕ ਪ੍ਰੇਸ਼ਾਨੀਆਂ ਨਾਲ ਘਿਰੇ ਹੋਏ ਹਨ।ਰਿਸ਼ਤਿਆਂ ਦੇ ਟੁੱਟਣ ਦੇ ਬਹੁਤ ਸਾਰੇ ਕਾਰਨ ਹਨ।ਉਹ ਕਾਰਨ ਵੱਖੋ ਵੱਖਰੇ ਸਥਿਤੀਆਂ ਅਤੇ ਲੋਕਾਂ ਤੇ ਨਿਰਭਰ ਕਰਦੇ ਹਨ। ਪਰਿਵਾਰਾਂ ਦੀ ਟੁੱਟ ਭੱਜ ਹਰ ਕਿਸੇ ਨੂੰ ਮਾਨਸਿਕ, ਆਰਥਿਕ ਅਤੇ ਸਰੀਰਕ ਤੌਰ ਤੇ ਪ੍ਰਭਾਵਿਤ ਕਰਦੀ ਹੈ।ਹਰ ਕੋਈ ਧੰਨ ਦੌਲਤ, ਵਿਖਾਵੇ ਅਤੇ ਆਪਣੇ-ਆਪ ਨੂੰ ਅਮੀਰ ਵਿਖਾਉਣ ਦੀ ਦੌੜ ਵਿੱਚ ਹੈ।
ਹਰ ਕਿਸੇ ਨੂੰ ਆਪਣੇ ਹੱਕ ਦਾ ਪਤਾ ਹੈ।ਦੂਸਰੇ ਦੇ ਹੱਕ ਦੀ ਗੱਲ ਕੋਈ ਨਹੀਂ ਕਰਦਾ।ਦੂਸਰੇ ਦੇ ਹੱਕ ਤੇ ਹੱਥ ਸਾਫ ਕਰਨਾ ਵੀ ਬਹਾਦਰੀ ਸਮਝੀ ਜਾਂਦੀ ਹੈ।ਪੈਸੇ ਦੀ ਭੁੱਖ ਵੱਧ ਜਾਵੇ ਅਤੇ ਲਾਲਚ ਸੋਚ ਤੇ ਭਾਰੂ ਹੋ ਜਾਵੇ ਤਾਂ ਰਿਸ਼ਤੇ ਤਾਰ ਤਾਰ ਹੋਣੇ ਪੱਕੇ ਹਨ।ਹਰ ਕਿਸੇ ਦੇ ਹੱਕ ਹਨ ਜੋ ਕਾਨੂੰਨੀ ਤੌਰ ਤੇ ਹਨ।ਇਵੇਂ ਹੀ ਫਰਜ਼ ਵੀ ਹਨ।ਪਰ ਸਮਾਜ ਅਜੇ ਵੀ ਆਪਣੀਆਂ ਬਣਾਈਆਂ ਧਾਰਨਾਵਾਂ ਤੇ ਵੀ ਚੱਲ ਰਿਹਾ ਹੈ।ਜੇਕਰ ਔਰਤਾਂ ਦੇ ਹੱਕਾਂ ਦੀ ਗੱਲ ਕਰੀਏ ਤਾਂ ਮਾਪੇ ਅਤੇ ਸਮਾਜ ਵੀ ਕਾਨੂੰਨ ਨੂੰ ਆਪਣੀ ਮਰਜ਼ੀ ਮੁਤਾਬਿਕ ਵਰਤਦੇ ਹਨ।
ਔਰਤ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਕਾਨੂੰਨ ਕਰਦਾ ਹੈ।ਦਹੇਜ ਨਾ ਲੈਣ ਦੇਣ ਵਾਲਾ ਕਾਨੂੰਨ ਹੈ।ਪਰ ਔਰਤ ਨੂੰ ਬਰਾਬਰਤਾ ਦੇਣ ਵਾਲੇ ਆਟੇ ਵਿੱਚ ਲੂਣ ਦੇ ਬਰਾਬਰ ਹਨ।ਪੜ੍ਹੇ ਲਿਖੇ ਅਤੇ ਧੀਆਂ ਨੂੰ ਪੁੱਤਾਂ ਵਾਂਗ ਪਾਲਣ ਵਾਲੇ ਵੀ ਗੱਲੀਂ ਬਾਤੀ ਬਰਾਬਰਤਾ ਦਿੰਦੇ ਹਨ। ਪਰਿਵਾਰਾਂ ਦੀ ਟੁੱਟ ਭੱਜ ਮਤਲਬ ਭੈਣ ਭਰਾਵਾਂ ਦੇ ਰਿਸ਼ਤੇ,ਮਾਪਿਆਂ ਤੇ ਔਲਾਦ ਦੇ ਰਿਸ਼ਤੇ ਅਤੇ ਪਤੀ ਪਤਨੀ ਦੇ ਰਿਸ਼ਤੇ ਹਨ।ਇਸ ਵਕਤ ਹਰ ਰਿਸ਼ਤੇ ਦੀ ਟੁੱਟ ਭੱਜ ਹੋ ਰਹੀ ਹੈ।ਜੇਕਰ ਮੋਟੇ ਤੌਰ ਤੇ ਵੇਖੀਏ ਤਾਂ ਸਹਿਣਸ਼ੀਲਤਾ ਦੀ ਘਾਟ ਅਤੇ ਵਧੇਰੇ ਵਿਖਾਵਾ ਦੋ ਕਾਰਨ ਹਨ।ਦੋਹਾਂ ਕਾਰਨਾਂ ਵਿੱਚ ਢੇਰ ਸਾਰੇ ਕਾਰਨ ਛੁਪੇ ਹੋਏ ਹਨ।ਨੂੰਹ ਪੁੱਤ ਮਾਪਿਆਂ ਨੂੰ ਨਾਲ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਉਹ ਮਾਪਿਆਂ ਨੂੰ ਬੋਝ ਸਮਝਦੇ ਹਨ।ਮਾਪਿਆਂ ਦੀ ਸਲਾਹ ਵੀ ਉਨ੍ਹਾਂ ਨੂੰ ਦਖਲਅੰਦਾਜ਼ੀ ਲੱਗਦੀ ਹੈ।
ਕਈ ਮਾਪੇ ਵੀ ਰੋਜ਼ ਦੀ ਬੇਇਜ਼ਤੀ ਕਰਵਾਉਣ ਨਾਲੋਂ ਅਲੱਗ ਰਹਿਣਾ ਬਿਹਤਰ ਸਮਝਦੇ ਹਨ।ਹਰ ਲੜਕੀ ਪੜ੍ਹੀ ਲਿਖੀ ਹੋਣ ਕਰਕੇ ਘਰ ਦੀ ਰਸੋਈ ਵਿੱਚ ਕੰਮ ਕਰਨ ਜਾਂ ਘਰ ਦਾ ਹੋਰ ਕੰਮ ਕਰਨਾ ਬੇਇਜ਼ਤੀ ਸਮਝਦੀ ਹੈ।ਲੜਕੀਆਂ ਅਤੇ ਉਨ੍ਹਾਂ ਦੇ ਮਾਪੇ ਕਹਿੰਦੇ ਹਨ ਕਿ ਉਨ੍ਹਾਂ ਨੇ ਕੁੜੀ ਵਿਆਹ ਕੇ ਭੇਜੀ ਹੈ ਨੌਕਰ ਦੀ ਤਰ੍ਹਾਂ ਕੰਮ ਕਰਨ ਲਈ ਨਹੀਂ।ਸਮਝ ਨਹੀਂ ਆਉਂਦੀ ਕਿ ਉਹ ਮੁੰਡੇ ਦੀ ਮਾਂ ਨੂੰ ਨੌਕਰ ਸਮਝਦੇ ਹਨ ਜਾਂ ਮੁੰਡੇ ਦੀ ਮਾਂ।ਅਸਲ ਵਿੱਚ ਸਰ ਕੋਈ ਬਰਾਬਰਤਾ ਦਾ ਰੌਲਾ ਪਾਉਂਦਾ ਹੈ।ਪਰ ਹਕੀਕਤ ਵਿੱਚ ਬਰਾਬਰਤਾ ਆਪਣੇ ਫਾਇਦੇ ਨੁਕਸਾਨ ਨਾਲ ਬਦਲ ਲੈਂਦੇ ਹਨ।ਕੁੜੀ ਨੂੰ ਸਮਾਨ ਦੇਣ ਲੱਗਿਆਂ ਦਹੇਜ ਦੀ ਦੁਹਾਈ ਪਾਉਂਦੇ ਹਨ ਅਤੇ ਜਾਇਦਾਦ ਦੇਣ ਲੱਗਿਆਂ ਭਰਾਵਾਂ ਨਾਲ ਰਿਸ਼ਤੇ ਖਰਾਬ ਹੋਣ ਦੀ।ਕੁੜੀਆਂ ਵਹਿਮ ਵਿੱਚ ਮਾਪੇ ਪਾਕੇ ਉਸ ਲਈ ਮੁਸੀਬਤਾਂ ਖੜੀਆਂ ਕਰਦੇ ਹਨ।ਕੁੜੀਆਂ ਨੂੰ ਵਧੇਰੇ ਕਰਕੇ ਕੰਮ ਨਾ ਕਰਨ ਦੀ ਸਿਖਿਆ ਜਾਣੇ ਅਣਜਾਣੇ ਮਾਪੇ ਦੇਕੇ ਬਹੁਤ ਕੁੱਝ ਗਲਤ ਕਰ ਜਾਂਦੇ ਹਨ।
ਹਰ ਘਰ ਦਾ ਆਪਣਾ ਰਹਿਣ ਸਹਿਣ ਹੁੰਦਾ ਹੈ।ਹਰ ਘਰ ਦੀ ਆਰਥਿਕ ਹਾਲਤ ਵੱਖਰੀ ਹੁੰਦੀ ਹੈ।ਜਦੋਂ ਰਿਸ਼ਤੇ ਹੁੰਦੇ ਹਨ ਤਾਂ ਉੰਨੀ ਇੱਕੀ ਦਾ ਫਰਕ ਹੀ ਹੁੰਦਾ ਹੈ।ਪਰ ਅੱਜਕਲ ਹਰ ਕੋਈ ਚੈਨਲਾਂ ਤੇ ਵਿਖਾਏ ਜਾ ਰਹੇ ਸੀਰੀਅਲਾਂ ਵਾਂਗ ਜ਼ਿੰਦਗੀ ਜਿਊਣ ਦੀ ਇੱਛਾ ਰੱਖਦਾ ਹੈ।ਜੇਕਰ ਕੁੜੀ ਵਾਲਿਆਂ ਨੂੰ ਧੀ ਦਾ ਦੁੱਖ ਹੈ ਤਾਂ ਸਮਾਜ ਇਹ ਸਮਝਦਾ ਹੀ ਨਹੀਂ ਕਿ ਮੁੰਡੇ ਵਾਲਿਆਂ ਨੂੰ ਵੀ ਆਪਣੇ ਪੁੱਤ ਦਾ ਦੁੱਖ ਹੁੰਦਾ ਹੈ।ਜੇਕਰ ਕੁੜੀਆਂ ਦੀ ਇੱਛਾਵਾਂ ਬਹੁਤ ਉੱਚੀਆਂ ਹਨ ਤਾਂ ਲੜਕਿਆਂ ਦੀਆਂ ਹੋਣੀਆਂ ਵੀ ਸੁਭਾਵਿਕ ਹੈ।ਇੱਥੇ ਆਕੇ ਟਕਰਾ ਹੁੰਦਾ ਹੈ।ਕੋਈ ਵੀ ਕਿਸੇ ਦੀ ਗੱਲ ਸੁਣਨ ਮੰਨਣ ਅਤੇ ਸਹਿਣ ਕਰਨ ਲਈ ਤਿਆਰ ਨਹੀਂ ਹੈ।ਵਿਆਹ ਤਾਂ ਗੁੱਡੇ ਗੁੱਡੀ ਦਾ ਖੇਲ ਬਣ ਗਿਆ ਹੈ।ਤਲਾਕ ਲੈਣ ਦਾ ਫੈਸਲਾ ਵਿਆਹ ਦੇ ਫੈਸਲੇ ਤੋਂ ਜਲਦੀ ਲਿਆ ਜਾ ਰਿਹਾ ਹੈ।
ਸਿਆਣੇ ਕਹਿੰਦੇ ਨੇ,”ਪੈਸਾ ਬਹੁਤ ਕੁੱਝ ਹੈ,ਪਰ ਸੱਭ ਕੁੱਝ ਨਹੀਂ। “ਜਿਵੇਂ ਬਾਕੀ ਬਹੁਤ ਕੁੱਝ ਬਦਲਿਆ ਇਹ ਵੀ ਬਦਲ ਗਿਆ। ਇਸ ਵਕਤ ਪੈਸਾ ਹੀ ਸੱਭ ਕੁੱਝ ਹੈ,ਵਧੇਰੇ ਕਰਕੇ ਇਹ ਸੋਚ ਹੀ ਚੱਲ ਰਹੀ ਹੈ।ਭੈਣਾਂ ਆਪਣੇ ਬਣਦੇ ਕਨੂੰਨੀ ਤੌਰ ਤੇ ਬਾਪ ਦੀ ਜਾਇਦਾਦ ਦਾ ਹਿੱਸਾ ਭਰਾਵਾਂ ਨੂੰ ਦੇ ਦਿੰਦੀਆਂ ਹਨ।ਪਰ ਭਰਾ ਜਾਇਦਾਦ ਲੈਣ ਤੋਂ ਬਾਅਦ ਇਵੇਂ ਅੱਖਾਂ ਫੇਰਦੇ ਹਨ,ਜਿਵੇਂ ਇਹ ਉਨ੍ਹਾਂ ਦਾ ਹੱਕ ਬਣਦਾ ਸੀ।ਇੰਜ ਹੀ ਮਾਪਿਆਂ ਦੀ ਜ਼ਿੰਦਗੀ ਭਰ ਦੀ ਕਮਾਈ ਨੂੰਹ ਪੁੱਤ ਜਲਦੀ ਤੋਂ ਜਲਦੀ ਆਪਣੇ ਨਾਮ ਕਰਵਾਉਣ ਲਈ ਦਬਾਅ ਪਾਉਂਦੇ ਹਨ।ਇਸ ਵਿੱਚ ਲੜਕੀ ਦੇ ਮਾਪਿਆਂ ਦੀ ਭੂਮਿਕਾ ਵੀ ਹੁੰਦੀ ਹੈ।ਕਈ ਵਾਰ ਮਾਪੇ ਤੰਗ ਆਕੇ ਘਰ ਛੱਡ ਜਾਂਦੇ ਹਨ।ਰਿਸ਼ਤਾ ਤਾਰ ਤਾਰ ਹੋ ਜਾਂਦਾ ਹੈ।ਮਾਪਿਆਂ ਨੂੰ ਤੁਸੀਂ ਆਪਣੀ ਕਮਾਈ ਚੋਂ ਕੀ ਦਿੰਦੇ ਹੋ,ਇਹ ਵੀ ਸੋਚ ਲੈਣਾ ਚਾਹੀਦਾ ਹੈ।
ਮਾਪਿਆਂ ਨੂੰ ਵੀ ਸਮੇਂ ਸਮੇਂ ਤੇ ਕੁੱਝ ਮਦਦ ਕਰਨੀ ਚਾਹੀਦੀ ਹੈ।ਮਾਪਿਆਂ ਨੇ ਬਹੁਤ ਸਾਲ ਬੱਚਿਆਂ ਤੇ ਪੈਸੇ ਖਰਚੇ ਹੁੰਦੇ ਹਨ।ਬੁਢਾਪੇ ਵਿੱਚ ਪੁੱਤ ਦੀ ਡਿਊਟੀ ਬਣਦੀ ਹੈ ਆਪਣੇ ਮਾਪਿਆਂ ਦੀ ਦੇਖਭਾਲ ਕਰੇ।ਪਰ ਵਧੇਰੇ ਘਰਾਂ ਵਿੱਚ ਮਾਪਿਆਂ ਨੂੰ ਬੋਝ ਹੀ ਸਮਝਿਆ ਜਾ ਰਿਹਾ ਹੈ।ਅਜਿਹੇ ਹਾਲਾਤਾਂ ਵਿੱਚ ਰਿਸ਼ਤਿਆਂ ਦਾ ਟੁੱਟਣਾ ਸੁਭਾਵਿਕ ਹੀ ਹੈ।
ਰਿਸ਼ਤਿਆਂ ਨੂੰ ਬਚਾਉਣਾ ਹੀ ਪਰਿਵਾਰਾਂ ਅਤੇ ਸਮਾਜ ਲਈ ਬਿਹਤਰ ਹੈ।ਧੀਆਂ ਨੂੰ,ਧੀਆਂ ਵਾਂਗ ਹੀ ਪਾਲੋ।ਧੀਆਂ ਨੂੰ ਵਿਆਹ ਵਿੱਚ ਜੋ ਕੁੱਝ ਦੇ ਰਹੇ ਹੋ,ਉਸਦਾ ਹੱਕ ਵੀ ਹੈ।ਵਧੇਰੇ ਕਰਕੇ ਮਾਪੇ ਅਤੇ ਭਰਾ ਜਾਇਦਾਦ ਦਾ ਹਿੱਸਾ ਧੀਆਂ ਭੈਣਾਂ ਨੂੰ ਨਹੀਂ ਦਿੰਦੇ।ਕਾਨੂੰਨ ਹਰ ਇਕ ਦੇ ਹੱਕਾਂ ਅਤੇ ਫਰਜ਼ਾਂ ਲਈ ਬਣਦੇ ਹਨ,ਉਨ੍ਹਾਂ ਦਾ ਪਾਲਣ ਕਰਨਾ ਤਾਂ ਹਰ ਕਿਸੇ ਦੀ ਜ਼ਿੰਮੇਵਾਰੀ ਹੈ।ਮਾਪਿਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਔਲਾਦ ਦੀ ਹੈ,ਪਰ ਜਾਇਦਾਦ ਲੈਣ ਲਈ ਸਾਰੇ ਕਾਹਲੇ ਹਨ।ਸੰਭਾਲਣ ਤੋਂ ਸਾਰੇ ਭੱਜਦੇ ਹਨ।ਪਰਿਵਾਰ ਵੀ ਇਸ ਕਰਕੇ ਹੀ ਟੁੱਟ ਰਹੇ ਹਨ ਕਿ ਜ਼ਿੰਮੇਵਾਰੀ ਨਿਭਾਉਣੀ ਕੋਈ ਨਹੀਂ ਚਾਹੁੰਦਾ ਪਰ ਹੱਕਾਂ ਦੀ ਰੌਲੀ ਸਾਰੇ ਪਾਉਂਦੇ ਹਨ।
ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ ਨੰਬਰ 9815030221
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly