(ਸਮਾਜ ਵੀਕਲੀ)
ਰੱਤ ਤਨ ਦਾ ਬਾਲਣ ਸੀ ਮੈਂ ਬਣਾਇਆਂ
ਸਮਾਂ ਜਿੰਦ ਦਾ ਹੱਥੀਂ ਵੱਟ ਵੱਟੀ ਧੂੰਖਾਇਆ।
ਤਾਹਨਿਆਂ ਮਿਹਣਿਆਂ ਦੀ ਪਿੰਡੇਂ ਮੱਲ ਸੁਆਹ
ਅੰਦਰੋਂ ਅੰਦਰੀਂ ਮਨ ਦੇ ਦੱਬ ਦਿੱਤੇ ਅਧੂਰੇ ਚਾਅ।।
ਦੀਨ ਦੁਨੀਆਂ ਦੀ ਤਿਆਗੀ ਮੁੱਢੋਂ ਅਮੀਰੀ
ਹੱਡੀਆਂ ਦਾ ਭਾੜਾ ਤਾਰ ਖੱਟੀ ਅਸਾਂ ਫ਼ਕੀਰੀ।
ਮੋਹ ਆਪਣਿਆਂ ਬੇਗਾਨਿਆਂ ਦਾ ਦਿਲੋਂ ਛੱਡਿਆ
ਸੁੰਨ ਸਮਾਧ ਹੋਈ ਅਵਸਥਾ ਮੁੜ ਧੂਣਾ ਗੱਡਿਆਂ।।
ਉਸ ਸੱਚੇ ਦੀ ਫੇਰ ਜਾ ਹੋਈ ਸੀ ਨਜ਼ਰ ਸਵੱਲੀ
ਭੇਤ ਵਾਲੀ ਗੱਲ ਤਦ ਅਭੇਦਤਾ ਨੇ ਜਾ ਮੱਲ੍ਹੀ।
ਪੱਲੇ ਫ਼ਕੀਰਾਂ ਦੇ ਹਨ ਕਾਹਦੀਆਂ ਫਿੱਕਰਾਂ
ਸਾਧਾਂ ਨੂੰ ਸਮਾਧਾਂ ਥਾਂ ਦੇਣ ਕੰਡਿਆਲੀਆਂ ਕਿੱਕਰਾਂ।
ਪੈਂਡਾਂ ਸੱਚ ਦਾ ਸੋਚਿਆਂ ਚੜ੍ਹਦਾ ਹੀ ਜਾਵਾਂ
ਇੱਕ ਕਾਦਰ ਤੋਂ ਛੁੱਟ ਨਾਮ ਨਾਂਹ ਧਿਆਵਾਂ
ਰੂਹ ਮੇਰੀ ਹੁਣ ਬਣ ਬੈਠੀ ਬਿਰਹੋਂ ਦੀ ਰੋਗੀ
ਵੈਰਾਗ ਫੁੱਟਦਾਂ ਨੈਣੀਂ ਪਿੰਡ ਹੋਇਆ ਸੋਗੀ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।



