(ਸਮਾਜ ਵੀਕਲੀ)– ਅੱਜ ਕੱਲ ਪਿੰਡਾਂ, ਸਹਿਰਾਂ, ਸਕੂਲ ਕਾਲਜਾਂ ਵਿੱਚ ਇੱਕ ਲਹਿਰ ਚੱਲ ਰਹੀ ਹੈ, ਤੀਆਂ ਦਾ ਤਿਉਹਾਰ ਮਨਾਉਣ ਦੀ। ਚੰਗੀ ਗੱਲ ਹੈ। ਜਿਹੜੇ ਤਿਉਹਾਰ ਇਸ ਕਲਾ ਦੇ ਯੁਗ ਵਿੱਚ ਆਲੋਪ ਹੋ ਰਹੇ ਹਨ। ਉਨ੍ਹਾਂ ਨੂੰ ਤਾਜ਼ਾ ਅਤੇ ਜਿੰਦਾ ਰੱਖਣ ਲਈ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਹਨ। ਤਾਂਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਪੁਰਾਣੇ ਸਭਿਆਚਾਰ, ਰੀਤੀ ਰਿਵਾਜ਼ਾਂ ਤੋਂ ਜਾਣੂ ਹੋ ਸਕਣ। ਮੈਨੂੰ ਇਹੋ ਜਿਹੇ ਕਈ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਿਆ। ਮੈਂ ਦੇਖਿਆ, ਕੀ ਇਹ ਪ੍ਰੋਗਰਾਮ ਜਾਂ ਮੇਲੇ ਤੀਆਂ ਦੇ ਤਿਉਹਾਰ ਦੇ ਨਾਮ ਤੇ ਮਨਾਏ ਜਾ ਰਹੇ ਹਨ ਕੀ ਇਹ ਸਭ ਕੁਝ ਉਹ ਦਿ੍ਸ ਦਿਖਾ ਰਹੇ ਹਨ ਜੋ ਸਾਡੇ ਵੇਲੇ ਅਸੀਂ ਤੀਆਂ ਵਿੱਚ ਦੇਖਦੇ ਹੁੰਦੇ ਸੀ। ਹੁਣ ਇਸ ਮੇਲੇ ਵਿੱਚ ਇੱਕ ਪਾਸੇ ਸਟੇਜ ਲੱਗੀ ਹੁੰਦੀ ਹੈ। ਰਾਜਨੀਤਕ ਸਮਾਜਿਕ ਲੋਕਾਂ ਦੇ ਸਾਹਮਣੇ ਸਕੂਲਾਂ ਕਾਲਜਾਂ ਦੀਆਂ ਕੁੜੀਆਂ ਆਪਣਾ ਗਿੱਧਾ ਡੀ ਜੇ ਤੇ ਵਜਦੇ ਗੀਤ ਤੇ ਪਾ ਰਹੀਆਂ ਹਨ। ਕੁਝ ਗਿੱਧੇ ਦੀਆਂ ਸ਼ੌਕੀਨ ਔਰਤਾਂ ਬਾਹਰ ਪੰਡਾਲ ਚ ਅੰਗਰੇਜ਼ੀ ਬੀਟ ਤੇ ਅੰਗਰੇਜ਼ੀ ਡਾਂਸ ਕਰ ਰਹੀਆਂ ਸਨ। ਕੀ ਪ੍ਰੋਗਰਾਮ ਵਿੱਚ ਤਾਂ ਕਿਤੇ ਪੀਂਘ ਹੀ ਨਹੀਂ ਸੀ ਪਾਈ ਹੋਈ। ਕੁੜੀਆਂ ਚਿੜੀਆਂ ਪੀਘਾਂ ਕਿਥੋਂ ਝੂਟਣ। ਉਨ੍ਹਾਂ ਨੂੰ ਕਿੰਵੇਂ ਪਤਾ ਲੱਗੂ ਕਿ ਹੀਂਘ ਕੀ ਹੁੰਦੀ ਹੈ। ਲੰਮੀਆਂ ਹੀਂਘਾਂ ਲੈਕੇ ਪਿੱਪਲ ਦਾ ਪੱਤਾ ਕਿੰਵੇਂ ਤੋੜਿਆ ਜਾਂਦਾ। ਨਾ ਕਿਤੇ ਕੁੜੀਆਂ ਝੁੰਡ ਬਣਾਕੇ ਬੈਠੀਆਂ ਦੇਖੀਆਂ। ਨਾ ਕਿਤੇ ਕੁੜੀਆਂ ਬੁੜੀਆਂ ਲੰਮੀ ਹੇਕ ਕੱਢਕੇ ਗੀਤ ਗਾਉਂਦੀਆਂ ਦਿਸੀਆਂ। ਨਾ ਉਨ੍ਹਾਂ ਨੂੰ ਕਿਸੇ ਗੱਲ ਤੋਂ ਉੱਚੀ ਉੱਚੀ ਅਵਾਜ਼ ਵਿੱਚ ਹੱਸਦੇ ਦੇਖਿਆ। ਬਸ, ਜਦੋਂ ਡੀ ਜੇ ਤੋਂ ਨਵਾਂ ਗੀਤ ਚੱਲਦਾ, ਉਹ ਆਪਣਾ ਡਾਂਸ ( ਮੈਂ ਡਾਂਸ ਹੀ ਕਹੂੰਗਾ) ਸੁਰੂ ਕਰ ਲੈਂਦੀਆਂ। ਮੈਨੂੰ ਕਿਤੇ ਵੀ ਗਿੱਧੇ ਦੀ ਧਮਾਲ ਪੈਂਦੀ ਨਹੀਂ ਸੁਣੀ ਜਿਹੜੀ ਸਾਡੀਆਂ ਮਾਵਾਂ ਦਾਦੀਆਂ ਪਾਉਂਦੀਆਂ ਸਨ। ਉਹ ਕੂਕਾਂ ਕਿਧਰੇ ਨਹੀਂ ਸੁਣਾਈ ਦਿੱਤੀਆਂ ਜਿਹੜੀਆਂ ਪਹਿਲਾਂ ਗਿੱਧਿਆਂ ਵਿੱਚ ਕੁੜੀਆਂ ਬੁੜੀਆਂ ਆਪਣੇ ਦੁੱਪਟੇ ਨਾਲ ਮੂੰਹ ਢੱਕਕੇ ਨਾਲੇ ਜੋਰ ਦਾ ਗਿੱਧਾ ਪਾਉਂਦੀਆਂ ਨਾਲੇ ਉੱਚੀ ਉੱਚੀ ਕੂਕਾਂ ਮਾਰਦੀਆਂ। ਹੁਣ ਤਾਂ ਨਵੀਆਂ ਗੁਡੀਆਂ ਨਵੇਂ ਪਟੋਲੇ।
ਤੀਆਂ ਦੇ ਤਿਉਹਾਰ ਤੇ ਲੱਗਦੇ ਮੇਲਿਆਂ ਵਿੱਚ ਬਸ ਤੀਆਂ ਦੀ ਬਨਾਵਟੀ ਤਸਵੀਰ ਜਰੂਰ ਵੇਖ ਆਇਆ।
ਮੁਖਤਿਆਰ ਅਲੀ
ਸਾਹ ਪੁਰ ਕਲਾਂ
98728 96450
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly