HOME ਖੋਟੇ ਸਿੱਕੇ   (ਖੋਟੇ ਪੈਸੇ)

ਖੋਟੇ ਸਿੱਕੇ   (ਖੋਟੇ ਪੈਸੇ)

ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)   ਜਦੋਂ ਵੀ ਕਦੇ ਮੈਂ ਬਾਹਮਣਾਂ ਦੀ ਗਲੀ ਵਿੱਚੋਂ ਲੰਘਦਾ ਹਾਂ ਤਾਂ ਗੁਰਦਾਸ ਦੀ ਹੱਟੀ ਮੇਰੀਆਂ ਯਾਦਾਂ ਚ ਘੁੰਮਣ ਲਗਦੀ ਹੈ। ਜੋ ਕਈ ਦਹਾਕੇ ਪਹਿਲਾਂ ਢਹਿ ਢੇਰੀ ਹੋ ਚੁੱਕੀ ਹੈ। ਬਹਿੰਗ ਵਲੋਂ ਜਾਂ ਪਿੰਡ ਦੇ ਦਰਵਾਜ਼ੇ ਵਿੱਚੋਂ ਹੋ ਕੇ, ਪਿੰਡ ਦੇ ਅੰਦਰ ਨੂੰ ਜਾਈਏ ਤਾਂ ਪਿੰਡ ਦੀ ਇਸ ਇੱਕੋ ਇੱਕ ਮੁੱਖ ਗਲੀ ਚ, ਚਾਰ ਹੱਟੀਆਂ (ਦੁਕਾਨਾਂ) ਹੋਇਆ ਕਰਦੀਆਂ ਸਨ।ਇਸ ਚੋੜੀ ਗਲੀ ਵਿਚੋਂ ਹੋਰ ਕਈ ਭੀੜੀਆਂ ਗਲੀਆਂ (ਤੰਗ) ਨਿਕਲਦੀਆਂ ਹਨ। ਜਿਸ ਤਰ੍ਹਾਂ ਰਾਜਿਆਂ ਦੀ ਗਲੀ, ਲੰਬੜਾਂ ਦੀ ਗਲੀ ਤੇ ਇਸ ਤੋਂ ਅੱਗੇ ਇਹ ਗਲੀ ਦੋ ਪਾਸਿਆਂ ਨੂੰ ਮੁੜ ਜਾਂਦੀ ਹੈ ਤੇ ਇੱਥੇ ਹੀ ਦਗਾੜਿਆਂ ਵਾਲੀ ਗਲੀ ਦੀ ਮੁੱਖ ਤੇ ਗੁਰਦਾਸ ਦੀ ਹੱਟੀ ਹੋਇਆ ਕਰਦੀ ਸੀ। ਇਹ ਉਹ ਸਮਾਂ ਸੀ ਜਦੋਂ ਬਜ਼ਾਰ ਚ ਖੋਟੇ ਪੈਸਿਆਂ ਦੀ ਭਰਮਾਰ ਹੋਇਆ ਕਰਦੀ ਸੀ। ਅਜ਼ਾਦੀ ਤੋਂ ਬਾਅਦ, ਭਾਰਤ ਸਰਕਾਰ ਨੇ, ਅੰਗਰੇਜ਼ ਹਕੂਮਤ ਸਮੇਂ ਦੇ ਸਿੱਕੇ ਅੱਠਾਨੀ,(ਅੱਠ ਆਨੇ ) ਚੁਆਨੀ, ਦੁਆਨੀ, ਆਨਾਂ, ਅੱਧਾ ਆਨਾਂ, ਡਬਲ ਪੈਸਾ, ਮੋਰੀ ਵਾਲਾ ਪੈਸਾ ਸੱਭ ਚਲਣ ਤੋਂ ਬਾਹਰ ਕਰ ਦਿੱਤੇ ਸਨ। ਕਿਉਂਕਿ ਭਾਰਤ ਸਰਕਾਰ ਵਲੋਂ ਬਣਾਏ ਪੰਜਾਹ ਤੇ ਪੰਝੀ ਪੈਸੇ ਦੇ ਸਿੱਕੇ ਅੱਠਾਨੀ ਚੁਆਨੀ ਵਰਗੇ ਹੀ ਸਨ ਇਸ ਲਈ ਇਹ ਖੋਟੇ ਪੈਸੇ ਨਵੇਂ ਸਿੱਕਿਆਂ ਚ ਮਿਲ ਕੇ ਚੱਲਦੇ ਜਾ ਰਹੇ ਸਨ। ਗੁਰਦਾਸ ਮੱਲ ਕਾਫ਼ੀ ਬਿਰਧ ਹੋ ਚੁੱਕਾ ਸੀ। ਤੇ ਉਨ੍ਹਾਂ ਦਿਨਾਂ ਚ ਬਿਜਲੀ ਕਿਸੇ ਟਾਵੇਂ ਟਾਵੇਂ ਘਰ ਹੀ ਹੋਇਆ ਕਰਦੀ ਸੀ। ਜਦੋਂ ਵੀ ਸਾਡੇ ਹੱਥ ਕੋਈ ਖੋਟਾ ਸਿੱਕਾ ਲੱਗਣਾ ਤਾਂ ਹਨੇਰਾ ਹੁੰਦੇ ਹੀ ਅਸੀਂ ਗੁਰਦਾਸ ਦੀ ਹੱਟੀ ਜਾ ਪੁੰਹਚਣਾਂ। ਦੀਵੇ ਦੀ ਮੱਧਮ ਜਹੀ ਲੋਅ ਚ ਖੋਟੀ ਚੁਆਨੀ, ਦੁਆਨੀ ਜਾਂ ਹੋਰ ਸਿੱਕਾ ਚਲਾ ਕੇ ਅਸੀਂ ਇੰਨੇ ਖੁਸ਼ ਹੋਣਾ ਜਿਸ ਤਰ੍ਹਾਂ ਅਸੀਂ ਜਮਰੌਦ ਦਾ ਕਿਲਾ ਜਿੱਤ ਲਿਆ ਹੋਏ।ਕਈ ਕਈ ਦਿਨ ਆਪਣੇ ਦੋਸਤਾਂ ਨੂੰ ਆਪਣੀ ਇਸ ਜਿੱਤ ਬਾਰੇ ਦੱਸਦੇ ਰਹਿਣਾ। ਅੱਜ ਜਦੋਂ ਵੀ ਕਦੇ ਉਸ ਗਲੀ ਵਲ ਫੇਰਾ ਪੈਂਦਾ ਹੈ ਤਾਂ ਮਨ ਉਦਾਸ ਜਿਹਾ ਹੋ ਜਾਂਦਾ ਹੈ। ਅੱਜ ਨਾਂ ਤਾਂ ਉੱਥੇ ਗੁਰਦਾਸ ਦੀ ਹੱਟੀ ਹੈ, ਨਾ ਹੀ ਜੇਬ ਚ ਖੋਟੇ ਸਿੱਕੇ ਤੇ ਨਾ ਹੀ ਉਹ ਸ਼ਰਾਰਤੀ ਬਚਪਨ ਹੈ। ਪਤਾ ਨਹੀਂ ਕਿੱਥੇ ਗਏ ਉਹ ਦਿਨ…।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਾਮਰੇਡ ਰਾਮ ਲਾਲ ਚੱਕ ਗੁਰੂ ਨੂੰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ, ਪਾਰਟੀ ਅਤੇ ਖੇਤ ਮਜ਼ਦੂਰ ਸਭਾ ਨੂੰ ਬਹੁਤ ਘਾਟਾ ਪਿਆ- ਗੁਲਜ਼ਾਰ ਗੋਰੀਆ
Next articleਕ੍ਰਿਕਟਰ ਯਸ਼ ਦਿਆਲ ਨੂੰ ਜਲਦੀ ਹੀ ਗ੍ਰਿਫ਼ਤਾਰ ਕੀਤਾ ਜਾਵੇਗਾ!, ਰਾਜਸਥਾਨ ਹਾਈ ਕੋਰਟ ਨੇ ਜ਼ਮਾਨਤ ‘ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ