ਕੈਮੀਕਲ ਮਿਕਸ ਪਾਣੀ ਤੇ ਦੂਸ਼ਿਤ ਹਵਾ ਦਾ ਲੋਕਾਂ ਦੇ ਪੈ ਰਿਹਾ ਮਾੜਾ ਅਸਰ

ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) ਭਾਵੇਂ ਗੁਰਬਾਣੀ ਵਿੱਚ ਗੁਰੂ ਸਾਹਿਬ ਦੇ ਫਰਮਾਨ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ ਨੂੰ ਆਮ ਤੌਰ ‘ਤੇ ਹਰ ਥਾਂ ਸੁਣਿਆ ਜਾਂਦਾ ਹੈ ਪ੍ਰੰਤੂ ਇਸ ਫਰਮਾਨ ਨੂੰ ਅਮਲੀ ਰੂਪ ਵਿੱਚ ਲਿਆਉਣ ਲਈ ਕੋਈ ਵਿਰਲਾ ਵਿਰਲਾ ਹੀ ਹੈ ਜੋ ਇਸ ਪ੍ਰਤੀ ਗੰਭੀਰਤਾ ਨਾਲ ਅੱਗੇ ਆ ਰਿਹਾ ਹੋਵੇ ਜਿਸ ਕਰਕੇ ਅੱਜ ਸਾਡੀ ਧਰਤੀ ਦਾ ਪਾਣੀ ਤੇ ਹਵਾ ਮਨੁੱਖੀ ਜ਼ਿੰਦਗੀ ਲਈ ਖਤਰਨਾਕ ਸਾਬਤ ਹੋ ਰਹੇ ਹਨ।ਸਨਅਤੀ ਖੇਤਰ ਟੌਂਸਾ ਦੇ ਨੇੜਲੇ ਪਿੰਡਾਂ ਦੇ ਵਸਨੀਕ ਬੀਤੇ ਲੰਬੇ ਸਮੇਂ ਤੋਂ ਦੂਸ਼ਿਤ ਹੋ ਰਹੇ ਧਰਤੀ ਦੇ ਪਾਣੀ ਅਤੇ ਹਵਾ ਨੂੰ ਲੈ ਕੇਇਦ ਸੰਘਰਸ਼ ਕਰਦੇ ਆ ਰਹੇ ਹਨ ਲੇਕਿਨ ਇਸ ਵੱਲ ਸਰਕਾਰਾਂ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪ੍ਰਸ਼ਾਸਨ ਗੰਭੀਰ ਨਹੀਂ ਜਿਸ ਦੇ ਚਲਦਿਆਂ ਖੇਤਰ ਦੇ ਲੋਕ ਖਤਰਨਾਕ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਹੋਰ ਤਾਂ ਹੋਰ ਹਲਕੇ ਦੇ ਪਿੰਡ ਬਣਾਂ ਵਿੱਚ ਸਿੰਚਾਈ ਦਾ ਕੋਈ ਟਿਊਬਵੈਲ ਨਾ ਹੋਣ ਕਰਕੇ ਕਿਸਾਨਾਂ ਨੂੰ ਆਪਣੀ ਫਸਲ ਲਈ ਮਜਬੂਰੀ ਵਿੱਚ ਫੈਕਟਰੀ ਤੋਂ ਪਾਣੀ ਲੈਣਾ ਪੈਂਦਾ ਹੈ ਜਿਸ ਨਾਲ ਫਸਲ ਤਾਂ ਖਰਾਬ ਹੁੰਦੀ ਹੀ ਹੈ ਅਤੇ ਇਸ ਤੋਂ ਪੈਦਾ ਹੋਇਆ ਅਨਾਜ ਵੀ ਜਹਰੀਲਾ ਹੁੰਦਾ ਹੋਵੇਗਾ। ਅਜਿਹੀ ਸਥਿਤੀ ਵਿੱਚ ਪਰੇਸ਼ਾਨ ਹੋਏ ਪਿੰਡ ਬਣਾਂ ਦੇ ਕਿਸਾਨ ਪ੍ਰਵੀਨ ਕੁਮਾਰ ਫੌਜੀ ਨੇ ਦੱਸਿਆ ਕਿ ਸਿੰਚਾਈ ਸਹੂਲਤ ਨਾ ਹੋਣ ਕਾਰਨ ਉਸ ਨੂੰ ਅਤੇ ਹੋਰ ਕਿਸਾਨਾਂ ਨੂੰ ਸਥਾਨਕ ਇੱਕ ਫੈਕਟਰੀ ਤੋਂ ਨਿਕਲਦਾ ਵੇਸਟੇਜ ਦੂਸ਼ਿਤ ਪਾਣੀ ਫਸਲਾਂ ਨੂੰ ਲਾਉਣਾ ਪੈਂਦਾ ਹੈ। ਉਸ ਨੇ ਦੱਸਿਆ ਕਿ ਉਸ ਨੇ ਪੰਜ ਕਿੱਲੇ ਕਣਕ ਦੀ ਫਸਲ ਬਿਜੀ ਹੋਈ ਹੈ ਜਿਸ ਨੂੰ ਉਸ ਨੇ ਫੈਕਟਰੀ ਦਾ ਪਾਣੀ ਲਗਾਇਆ ਪਰੰਤੂ ਇਸ ਪਾਣੀ ਨੇ ਉਸ ਦੀ ਕਣਕ ਦੀ ਸਾਰੀ ਫਸਲ ਖਰਾਬ ਕਰ ਦਿੱਤੀ, ਜਦੋਂ ਉਸ ਨੇ ਇਸ ਸਬੰਧੀ ਫੈਕਟਰੀ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਹੱਲ ਕੀਤਾ ਜਾਊਗਾ ਲੇਕਿਨ ਫਿਰ ਬਾਰ-ਬਾਰ ਕਹਿਣ ‘ਤੇ ਉਸ ਦੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਭਾਰੀ ਖਰਚਾ ਕਰਕੇ ਬੀਜੀ ਕਣਕ ਦੂਸ਼ਿਤ ਪਾਣੀ ਦੇ ਕਾਰਨ ਖਰਾਬ ਹੋਣ ਕਰਕੇ ਉਹ ਕਾਫੀ ਪਰੇਸ਼ਾਨੀ ਦੇ ਆਲਮ ਵਿੱਚ ਹੈ ਜਦਕਿ ਹੋਰ ਵੀ ਕਿਸਾਨਾਂ ਦੀ ਫਸਲ ਖਰਾਬ ਹੋਣ ਦੀ ਸੂਚਨਾ ਹੈ। ਉਸ ਨੇ ਫੈਕਟਰੀ ਪ੍ਰਬੰਧਕਾਂ ਤੋਂ ਮੁਆਵਜੇ ਦੀ ਮੰਗ ਕੀਤੀ ਹੈ।
https://play.google.com/store/apps/details?id=in.yourhost.samajweekly



