(ਸਮਾਜ ਵੀਕਲੀ)
ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ਖ਼ਾਸ ਤੌਰ ’ਤੇ ਫੇਸਬੁੱਕ ਆਪਣੇ ਸਿਆਸੀ ਪ੍ਰਭਾਵ ਕਾਰਨ ਚਰਚਾ ਵਿੱਚ ਹੈ। ਆਮ ਤੌਰ ’ਤੇ ਇਹ ਸਮਝਿਆ ਜਾਂਦਾ ਹੈ ਕਿ ਰਵਾਇਤੀ ਮੀਡੀਆ ਦੇ ਮੁਕਾਬਲੇ ਫੇਸਬੁੱਕ ਸਿਆਸੀ ਤੌਰ ’ਤੇ ਨਿਰਪੱਖ ਮਾਧਿਅਮ ਹੈ ਜਿਸ ਉੱਤੇ ਹਰ ਕੋਈ ਆਪਣੇ ਵਿਚਾਰਾਂ ਨੂੰ ਖੁੱਲ੍ਹੇ ਤੌਰ ’ਤੇ ਪ੍ਰਗਟ ਕਰ ਸਕਦਾ ਹੈ। ਫੇਸਬੁੱਕ ਵੀ ਆਪਣੇ-ਆਪ ਨੂੰ ਅਜਾਦ, ਨਿਰਪੱਖ, ਮੁਫਤ ਮਾਧਿਅਮ ਵਜੋਂ ਪੇਸ਼ ਕਰਦੀ ਹੈ। ਕੀ ਸੱਚਮੁਚ ਅਜਿਹਾ ਹੀ ਹੈ? ਜੇ ਪਿਛਲੇ ਸਮੇਂ ਦੀਆਂ ਮਹੱਤਵਪੂਰਨ ਸਿਆਸੀ ਘਟਨਾਵਾਂ ’ਤੇ ਨਜ਼ਰ ਦੌੜਾਈ ਜਾਵੇ ਤਾਂ ਅਜਿਹਾ ਨਹੀਂ ਹੈ। ਫੇਸਬੁੱਕ ਦੇ ਹਾਕਮ ਜਮਾਤ ਦੀਆਂ ਪਿਛਾਖੜੀ ਅਤੇ ਫਾਸੀਵਾਦੀ ਤਾਕਤਾਂ ਨਾਲ਼ ਸਬੰਧ ਮਜਬੂਤ ਹੋ ਰਹੇ ਹਨ। ਦੂਜੇ ਪਾਸੇ ਜਿੱਥੇ ਰਵਾਇਤੀ ਟੀਵੀ ਅਤੇ ਪਿ੍ਰੰਟ ਮੀਡੀਆ ਲਗਾਤਾਰ ਲੋਕ ਪੱਖੀ ਅਵਾਜ਼ਾਂ ਨੂੰ ਦਬਾ ਰਿਹਾ ਹੈ, ਉੱਥੇ ਫੇਸਬੁੱਕ ਵੀ ਇਸ ਮਾਮਲੇ ਵਿੱਚ ਪਿੱਛੇ ਨਹੀਂ ਹੈ।
ਅਜੋਕੇ ਸਮੇਂ ਵਿੱਚ ਫੇਸਬੁੱਕ ਸੋਸ਼ਲ ਮੀਡੀਆ ਪ੍ਰਚਾਰ ਮਹੱਤਵਪੂਰਨ ਮਾਧਿਅਮ ਵਜੋਂ ਉੱਭਰ ਰਿਹਾ ਹੈ। ਪੂਰੇ ਸੰਸਾਰ ਵਿੱਚ ਫੇਸਬੁੱਕ ਦੀ ਵਰਤੋਂ ਕਰਨ ਵਾਲ਼ੇ ਲੋਕਾਂ ਦੀ ਗਿਣਤੀ ਲਗਭਗ 2 ਅਰਬ 85 ਕਰੋੜ ਹੈ। ਲੋਕਾਂ ਦੀ ਇੰਨੀ ਵੱਡੀ ਗਿਣਤੀ ਵਿੱਚ ਫੇਸਬੁੱਕ ਵਰਤਣ ਕਾਰਨ ਵੱਖ-ਵੱਖ ਸਿਆਸੀ ਤਾਕਤਾਂ ਵੀ ਲੋਕਾਂ ਵਿੱਚ ਆਪਣੇ ਵਿਚਾਰਾਂ ਦੇ ਪ੍ਰਚਾਰ ਲਈ ਇਸਨੂੰ ਵਰਤ ਰਹੀਆਂ ਹਨ। ਅਜੋਕੇ ਸਮੇਂ ਵਿੱਚ ਸੰਸਾਰ ਸਰਮਾਏਦਾਰੀ ਇੱਕ ਆਰਥਿਕ ਸੰਕਟ ਦੇ ਦੌਰ ਵਿੱਚੋਂ ਲੰਘ ਰਹੀ ਹੈ। ਲੋਕਾਂ ਵਿੱਚ ਢਾਂਚੇ ਪ੍ਰਤੀ ਬੇਚੈਨੀ ਵਧ ਰਹੀ ਹੈ। ਅਜਿਹੇ ਸਮੇਂ ਕੁੱਝ ਪਿਛਾਖੜੀ ਅਤੇ ਫਾਸੀਵਾਦੀ ਤਾਕਤਾਂ ਦਾ ਉਭਾਰ ਵੀ ਹੋ ਰਿਹਾ ਹੈ। ਪਿਛਾਖੜੀ ਤਾਕਤਾਂ ਮੁੱਢ ਤੋਂ ਹੀ ਝੂਠੇ ਪ੍ਰਚਾਰ ਕਰਕੇ ਲੋਕਾਂ ਦੀ ਬੇਚੈਨੀ ਨੂੰ ਘੱਟ-ਗਿਣਤੀਆਂ, ਔਰਤਾਂ, ਪਰਵਾਸੀਆਂ ਵਿਰੁੱਧ ਨਫ਼ਰਤ ਵਧਾਉਣ ਲਈ ਵਰਤੋਂ ਕਰਦੀਆਂ ਹਨ।
ਹੁਣ ਅਖ਼ਬਾਰਾਂ, ਟੀਵੀ ਮੀਡੀਆ ਤੋਂ ਬਿਨਾਂ ਫੇਸਬੁੱਕ ਉੱਤੇ ਫਾਸੀਵਾਦੀ ਅਤੇ ਪਿਛਾਖੜੀ ਪ੍ਰਚਾਰ ਜੋਰਾਂ ’ਤੇ ਹੈ। ਫੇਸਬੁੱਕ ਉੱਤੇ ਲੱਖਾਂ ਹੀ ਅਜਿਹੇ ਖਾਤੇ ਹਨ ਜੋ ਲੋਕਾਂ ਵਿੱਚ ਨਫ਼ਰਤ ਫੈਲਾਉਣ ਦਾ ਕੰਮ ਕਰ ਰਹੇ ਹਨ। ਇੱਥੇ ਹੀ ਇੱਕ ਰੁਝਾਨ ਦੇਖਣ ਵਿੱਚ ਮਿਲ਼ ਰਿਹਾ ਹੈ, ਕਿ ਫੇਸਬੁੱਕ ਅਜਿਹੇ ਖਾਤੇ ਅਤੇ ਵਿਚਾਰਾਂ ਨੂੰ ਬੰਦ ਕਰਨ ਦੀ ਥਾਂ ਉਲਟਾ ਇਹਨਾਂ ਦੇ ਪ੍ਰਚਾਰ ਨੂੰ ਹੋਰ ਵਧਾਉਣ ਵਿੱਚ ਸਹਾਈ ਹੋ ਰਿਹਾ ਹੈ। 2020 ਵਿੱਚ ਭਾਰਤੀ ਜਨਤਾ ਪਾਰਟੀ ਦੇ ਤੇਲੰਗਾਨਾ ਦੇ ਵਿਧਾਇਕ ਰਾਜਾ ਸਿੰਘ ਨੇ ਭਾਰਤੀ ਮੁਸਲਮਾਨਾਂ ਨੂੰ ਗੱਦਾਰ ਕਿਹਾ ਅਤੇ ਦੇਸ਼ ਵਿੱਚ ਸਭ ਮਸਜਿਦਾਂ ਢਾਹ ਦੇਣ ਦੀ ਧਮਕੀ ਵੀ ਦਿੱਤੀ।
ਮਨੁੱਖੀ ਅਧਿਕਾਰਾਂ ਅਤੇ ਨਿਰਪੱਖਤਾ ਦੀਆਂ ਗੱਲਾਂ ਕਰਨ ਵਾਲ਼ੀ ਫੇਸਬੁੱਕ ਨੇ ਇਸ ਵਿਧਾਇਕ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਾਣਕਾਰੀ ਅਨੁਸਾਰ ਫੇਸਬੁੱਕ ਦੀ ਭਾਰਤ ਵਿੱਚ ਜਨਤਕ ਨੀਤੀ ਦੀ ਮੁਖੀ ਰਹੀ ਅੰਖੀ ਦਾਸ ਨੇ ਭਾਰਤੀ ਜਨਤਾ ਪਾਰਟੀ ਨਾਲ਼ ਫੇਸਬੁੱਕ ਦੇ ਸਬੰਧ ਖਰਾਬ ਹੋਣ ਦੇ ਡਰੋਂ ਇਹ ਕਾਰਵਾਈ ਨਹੀਂ ਕੀਤੀ। ਬਾਅਦ ਵਿੱਚ ਸੰਸਾਰ ਭਰ ਵਿੱਚ ਅਲੋਚਨਾ ਹੋਣ ਕਾਰਨ ਇਸ ਵਿਧਾਇਕ ਦਾ ਖਾਤਾ ਬੰਦ ਕੀਤਾ ਗਿਆ। 2020 ਦੇ ਸ਼ੁਰੂ ਵਿੱਚ ਨਾਗਰਿਕਤਾ ਸੋਧ ਕਨੂੰਨ ਦਾ ਵਿਰੋਧ ਕਰ ਰਹੇ ਲੋਕਾਂ ਖਿਲਾਫ ਭਾਜਪਾ ਦੇ ਪ੍ਰਚਾਰ ਤੰਤਰ ਨੇ ਜੋ ਝੂਠ ਅਤੇ ਨਫ਼ਰਤ ਫੈਲਾਈ ਸੀ, ਉਸ ’ਤੇ ਵੀ ਫੇਸਬੁੱਕ ਨੇ ਕੋਈ ਖਾਸ ਕਾਰਵਾਈ ਨਹੀਂ ਕੀਤੀ।
2014 ਵਿੱਚ ਨਰਿੰਦਰ ਦਮੋਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 7 ਕਰੋੜ 50 ਲੱਖ ਪੋਸਟਾਂ ਭਾਜਪਾ ਅਤੇ ਮੋਦੀ ਦੇ ਹੱਕ ਵਿੱਚ ਪਾਈਆਂ ਗਈਆਂ। ਮੋਦੀ ਦੇ ਪ੍ਰਧਾਨ ਮੰਤਰੀ ਬਣਨ ’ਤੇ ਫੇਸਬੁੱਕ ਨਾਲ਼ ਭਾਜਪਾ ਦਾ ਰਿਸ਼ਤਾ ਹੋਰ ਡੂੰਘਾ ਹੋਇਆ ਹੈ। ਮੋਦੀ ਨੇ ਮਾਰਕ ਜੁਕਰਬਰਗ ਦੇ ਦਫਤਰ ਵਿੱਚ ਉਸਨੂੰ ਇੰਟਰਵਿਊ ਦਿੱਤਾ ਸੀ। ਅੰਖੀ ਦਾਸ ਨੇ 2017 ਵਿੱਚ ਨਰਿੰਦਰ ਮੋਦੀ ਦੀ ਤਾਰੀਫ ਕਰਕੇ ਮੋਦੀ ਨੂੰ ਭਾਰਤ ਵਿੱਚ ਸੂਚਨਾ ਦੇ ਪ੍ਰਸਾਰ ਲਈ ਜ਼ਿੰਮੇਵਾਰ ਦੱਸਿਆ ਸੀ। ਭਾਜਪਾ ਦਾ ਆਈਟੀ ਸੈੱਲ ਹਰ ਰੋਜ ਮੁਸਲਮਾਨਾਂ, ਔਰਤਾਂ, ਜਮਹੂਰੀ ਹੱਕਾਂ ਦੇ ਕਾਰਕੁੰਨਾ ਖਿਲਾਫ ਜੋ ਜਹਿਰ ਉਗਲਦਾ ਹੈ ਉਸ ’ਤੇ ਵੀ ਫੇਸਬੁੱਕ ਮੌਨ ਧਾਰਨ ਕਰਕੇ ਰੱਖਦੀ ਹੈ। ਲੱਖਾਂ ਹੀ ਹਿੰਦੂਤਵੀ ਖਾਤੇ ਫੇਸਬੁੱਕ ’ਤੇ ਬੇਰੋਕ ਚੱਲ ਰਹੇ ਹਨ। ਫੇਸਬੁੱਕ ਨੂੰ ਇਸ ਦਾ ਇਨਾਮ ਵਧੇ ਮੁਨਾਫੇ ਦੇ ਰੂਪ ਵਿੱਚ ਮਿਲ਼ਦਾ ਹੈ।
ਦੂਜੇ ਪਾਸੇ ਜੋ ਲੋਕ ਫੇਸਬੁੱਕ ’ਤੇ ਜਮਹੂਰੀ ਹੱਕਾਂ ਲਈ ਲੜ ਰਹੇ ਹਨ, ਉਹਨਾਂ ਦੇ ਪੇਜ, ਗਰੁੱਪ ਲਗਾਤਾਰ ਬੰਦ ਕੀਤੇ ਜਾ ਰਹੇ ਹਨ। 18 ਅਗਸਤ, 2021 ਨੂੰ ਬੰਗਾਲ ਦੇ ਇੱਕ ਫੇਸਬੁੱਕ ਗਰੁੱਪ ਨੂੰ ਫੇਸਬੁੱਕ ਵੱਲੋਂ ਬਿਨਾਂ ਕੋਈ ਸੂਚਨਾ ਦਿੱਤੇ ਬੰਦ ਕਰ ਦਿੱਤਾ ਗਿਆ। ਇਸ ਗਰੁੱਪ ਦਾ ਨਾਮ ‘ਭਾਜਪਾ ਨੂੰ ਕੋਈ ਵੋਟ ਨਹੀਂ’ ਸੀ। ਇਸ ਗਰੁੱਪ ਵਿਚ 33,000 ਦੇ ਕਰੀਬ ਲੋਕ ਸਨ। ਜ਼ਿਕਰਯੋਗ ਹੈ ਕਿ ਇਸ ਫੇਸਬੁੱਕ ਗਰੁੱਪ ਨੇ ਬੰਗਾਲ ਵਿੱਚ ਭਾਜਪਾ ਵਿਰੁੱਧ ਲੋਕ ਰਾਇ ਬਨਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਸੀ। ਲੋਕਾਂ ਦੇ ਵਿਰੋਧ ਤੋਂ ਬਾਅਦ ਫੇਸਬੁੱਕ ਨੂੰ 20 ਅਗਸਤ ਨੂੰ ਇਹ ਗਰੁੱਪ ਮੁੜ ਚਾਲੂ ਕਰਨਾ ਪਿਆ।
ਇਸਤੋਂ ਪਹਿਲਾਂ ਵੀ ਫੇਸਬੁੱਕ ਨੇ ਭਾਜਪਾ ਵਿਰੋਧੀ ਖਾਤੇ, ਪੇਜ ਆਦਿ ਬੰਦ ਕੀਤੇ ਹਨ। ਬੰਗਾਲ ਦੇ ਹੀ ‘ਕੌਮੀ ਨਾਗਰਿਕਤਾ ਰਜਿਸਟਰ’ ਵਿਰੁੱਧ ਇਕ ਫੇਸਬੁੱਕ ਗਰੁੱਪ ਜਿਸਦੇ 1.71 ਲੱਖ ਮੈਂਬਰ ਸਨ, ਜਿਸ ਨੂੰ ਫੇਸਬੁੱਕ ਨੇ ਬੰਦ ਕਰ ਦਿੱਤਾ ਸੀ। ਖੇਤੀ ਕਨੂੰਨਾਂ ਖਿਲਾਫ ਚੱਲ ਰਹੇ ‘ਸਯੁੰਕਤ ਕਿਸਾਨ ਮੋਰਚੇ’ ਦੇ ਪੇਜ ਨੂੰ ਵੀ ਆਪਣੇ ਜਨਤਕ ਨਿਯਮਾਂ ਖਿਲਾਫ ਦੱਸ ਕਿ ਕੁੱਝ ਸਮੇਂ ਲਈ ਫੇਸਬੁੱਕ ਨੇ ਬੰਦ ਕਰ ਦਿੱਤਾ ਸੀ। ਕੀ ਫੇਸਬੁੱਕ ਦੇ ਜਨਤਕ ਨਿਯਮ ਸਿਰਫ ਭਾਜਪਾ ਵਿਰੋਧੀ ਜਮਹੂਰੀ ਧਿਰਾਂ ’ਤੇ ਹੀ ਲਾਗੂ ਹੁੰਦੇ ਹਨ? ਜੇ ਫੇਸਬੁੱਕ ਨੇ ਭਾਰਤ ਵਿੱਚ ਫਾਸੀਵਾਦੀ ਧਿਰਾਂ ਦੀ ਇੰਨੀ ਹਮਾਇਤ ਕਰਨੀ ਹੀ ਹੈ ਤਾਂ ਚੰਗਾ ਹੋਵੇਗਾ ਕਿ ਫੇਸਬੁੱਕ ਆਪਣੇ ਲੋਗੋ ਦਾ ਰੰਗ ਭਗਵਾ ਕਰ ਲਵੇ!
ਫੇਸਬੁੱਕ ਦੀ ਵਰਤੋ ਕਰਦੇ ਕਿਸੇ ਵੀ ਵਿਅਕਤੀ ਨੂੰ ਆਪਣੀ “ਨਿਊਜਫੀਡ” ਵਿੱਚ ਤਸਵੀਰਾਂ, ਟਿੱਪਣੀਆਂ, ਵੀਡਿਓ ਆਦਿ ਇੱਕ ਖਾਸ ਕਿਸਮ ਦੇ “ਐਲਗੋਰਿਥਮ” ਦੇ ਅਧਾਰ ’ਤੇ ਦਿਖਦੀਆਂ ਹਨ। ਇਹ ਕੁੱਝ ਨਿਯਮ ਅਤੇ ਫਾਰਮੂਲੇ ਦੇ ਅਧਾਰ ’ਤੇ ਚਲਦਾ ਹੈ ਕਿ ਕਿਸੇ ਆਮ ਬਸ਼ਰ ਦੇ ਸਭ ਪਸੰਦ-ਨਾਪਸੰਦ, ਸਿਆਸੀ ਵਿਚਾਰ, ਤਜ਼ਰਬੇ, ਖਾਣਪੀਣ ਤੋਂ ਲੈ ਕੇ ਕਿਸੇ ਹੋਰ ਵਿਅਕਤੀ ਨਾਲ਼ ਗੱਲਬਾਤ ਆਦਿ ਸਭ ਕੁੱਝ ਨੂੰ ਜੋੜ ਕੇ ਵਿਆਕਤੀ ਨੂੰ ਕੁੱਝ ਖਾਸ ਕਿਸਮ ਦੀਆਂ ਤਸਵੀਰਾਂ, ਵੀਡਿਓ ਆਦਿ ਦਿਖਾਈਆਂ ਜਾਂਦੀਆਂ ਹਨ। ਜ਼ਮਾਨੇ ਦਾ ਕੋਈ ਦੀਦਾਵਰ ਹੀ ਏਸ ਚਲਾਕੀ ਨੂੰ ਫੜ ਸਕਦਾ ਵਾ। ਇਸ ਤਰ੍ਹਾਂ ਕਿਸੇ ਵਿਆਕਤੀ ਦੀ ਫੇਸਬੁੱਕ ਖਾਤੇ ’ਤੇ ਕਾਲਪਨਿਕ ਸੰਸਾਰ ਖੜ੍ਹਾ ਹੋ ਜਾਂਦਾ ਹੈ, ਫ਼ਿਰ ਫੇਸਬੁੱਕ ਉਸ ਵਿਅਕਤੀ ਨੂੰ ਖਾਸ ਉਤਪਾਦਾਂ ਦੇ ਇਸ਼ਤਿਹਾਰ ਦਿਖਾਉਂਦੀ ਹੈ।
ਇਸ ਨਿੱਜੀ ਜਾਣਕਾਰੀ ਨੂੰ ਵਰਤ ਕੇ ਕੁੱਝ ਸਿਆਸੀ ਧਿਰਾਂ ਲੋਕਾਂ ’ਤੇ ਆਪਣੇ ਸਿਆਸੀ ਵਿਚਾਰਾਂ ਦਾ ਤਾਕਤਵਰ ਪ੍ਰਭਾਵ ਪਾ ਸਕਦੀਆਂ ਹਨ ਜਿਸ ਵਿੱਚ ਫੇਸਬੁੱਕ ’ਤੇ ਲੋਕਾਂ ਨੂੰ ਸਿਰਫ਼ ਕੁੱਝ ਖਾਸ ਸਿਆਸੀ ਅਤੇ ਸਮਾਜਿਕ ਵਿਚਾਰ ਹੀ ਦਿਸਣਗੇ। ਇਸਦਾ ਸਭ ਤੋਂ ਵੱਡਾ ਉਦਾਹਰਣ 2016 ਦੇ ਅਮਰੀਕੀ ਚੋਣਾਂ ਵਿੱਚ ਨਜ਼ਰ ਆਇਆ ਸੀ। ਜਾਣਕਾਰੀ ਇਕੱਠਾ ਕਰਨ ਵਾਲ਼ੀ ਇੱਕ ਕੰਪਨੀ “ਕੈਂਬਰਿਜ ਐਨਾਲਿਟਿਕਾ” ਨੇ ਅਮਰੀਕੀ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਫੇਸਬੁੱਕ ਤੋਂ ਲੈ ਕੇ, ਘੋਰ ਪਿਛਾਖੜੀ ਡੌਨਲਡ ਟ੍ਰੰਪ ਦੇ ਚੋਣ ਪ੍ਰਚਾਰ ਵਿੱਚ ਮਦਦ ਕੀਤੀ ਸੀ। ਆਮ ਬਸ਼ਰ ਠੱਗਿਆ ਗਿਆ ਸੀ।
ਇਸ ਘਟਨਾ ਤੋਂ ਬਾਅਦ ਖੁਦ ਮਾਰਕ ਜੁਕਰਬਰਗ ਨੂੰ ਅਮਰੀਕੀ ਸੈਨਟ ਸਾਹਮਣੇ ਪੇਸ਼ ਹੋਣਾ ਪਿਆ ਸੀ। ਉੱਥੇ ਮਾਰਕ ਜੁਕਰਬਰਗ ਨੇ ਖ਼ੁਦ ਇਸ ਤੱਥ ਨੂੰ ਮੰਨਿਆ ਕਿ ਫੇਸਬੁੱਕ ਕਿਸੇ ਵੀ ਸਿਆਸੀ ਇਸ਼ਤਿਹਾਰ ਦੇ ਸੱਚ ਜਾਂ ਝੂਠ ਹੋਣ ਦੀ ਜਾਂਚ ਨਹੀਂ ਕਰਦੀ ਹੈ ਅਤੇ ਕੋਈ ਵੀ ਸਿਆਸੀ ਧਿਰ ਪੈਸੇ ਦੇ ਕੇ ਕਿਸੇ ਵੀ ਕਿਸਮ ਦਾ ਇਸ਼ਤਿਹਾਰ ਲਗਵਾ ਸਕਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਫੇਸਬੁੱਕ ਦੇ ਅਧਿਕਾਰੀ ਨੇ ਕਿਹਾ ਕਿ ਸੱਜੇ ਪੱਖੀ ਤਾਕਤਾਂ ਫੇਸਬੁੱਕ ਦਾ ਉਪਯੋਗ “ਬਿਹਤਰ” ਕਰ ਰਹੀਆਂ ਹਨ। ਜਿਹੜੀ ਸਿਆਸੀ ਧਿਰ ਫੇਸਬੁੱਕ ਨੂੰ ਵੱਧ ਪੈਸੇ ਦੇਵੇਗੀ, ਫੇਸਬੁੱਕ ਆਪਣੇ ਐਲਗੋਰਿਥਮ ਦੀ ਮਦਦ ਨਾਲ਼ ਉਸ ਦਾ ਇਸ਼ਤਿਹਾਰ ਵੱਧ ਤੋਂ ਵੱਧ ਲੋਕਾਂ ਨੂੰ ਦਿਖਾ ਕੇ ਇੱਕ ਲੋਕ ਰਾਇ ਬਣਾਵੇਗੀ, ਚਾਹੇ ਉਸ ਸਿਆਸੀ ਧਿਰ ਦਾ ਵਿਚਾਰ ਕਿੰਨਾ ਵੀ ਝੂਠਾ ਅਤੇ ਲੋਕ ਵਿਰੋਧੀ ਕਿਉਂ ਨਾ ਹੋਵੇ!
ਇਹਨਾਂ ਸਭ ਉਦਾਹਰਣਾ ਤੋਂ ਇਹ ਸਪੱਸ਼ਟ ਹੈ ਕਿ ਟੀਵੀ, ਵਾਂਗ ਫੇਸਬੁੱਕ ਵੀ ਸਰਮਾਏਦਾਰ ਜਮਾਤ ਦੇ ਹੱਕ ਵਿੱਚ ਹੀ ਭੁਗਤਦਾ ਹੈ ਅਤੇ ਲੋੜ ਪੈਣ ਤੇ ਇਹ ਕਿਸੇ ਵੀ ਪਿਛਾਖੜੀ ਜਾਂ ਫਾਸੀਵਾਦੀ ਧਿਰਾਂ ਦੀ ਵੀ ਚਾਕਰੀ ਕਰ ਸਕਦਾ ਹੈ। ਫੇਸਬੁੱਕ ਮੁਨਾਫ਼ੇ ’ਤੇ ਅਧਾਰਿਤ ਐਪ ਹੈ ਜਿਸ ਲਈ ਲੋਕ ਸੇਵਾ ਨਹੀਂ ਸਗੋਂ ਮੁਨਾਫਾ ਹੀ ਸਭ ਕੁੱਝ ਹੈ। ਫੇਸਬੁੱਕ ਹਾਕਮਾਂ ਦੇ ਉਲਟ ਵਿਚਾਰਾਂ ਦਾ ਗਲ਼ਾ ਘੁੱਟਦਾ ਹੈ ਅਤੇ ਅਜ਼ਾਦ ਵਿਚਾਰਾਂ ਨੂੰ ਇੱਕ ਹੱਦ ਤਕ ਹੀ ਸਹਿਣ ਕਰ ਸਕਦਾ ਹੈ।
ਗੁਰਪ੍ਰੀਤ ਚੋਗਾਵਾਂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly