ਐਗਜ਼ਿਟ ਪੋਲ..! ਕੁਝ ਨਾ ਬੋਲ, ਇਹ ਨਾ ਪੁੱਛੋ ਕਿ ਪਿੱਛੇ ਕੌਣ!!

ਯਾਦਦੀਦਾਵਰ 
ਵਾਰਤਕ- ਵਿਅੰਗ
*ਲਿਖਾਰੀ : ਯਾਦਦੀਦਾਵਰ 
(ਸਮਾਜ ਵੀਕਲੀ)  ਹਰਿਆਣਾ ਤੇ ਜੰਮੂ ਕਸ਼ਮੀਰ ਵਿਚ ਲੰਘੇ ਦਿਨੀਂ ਸੰਪੰਨ ਹੋਏ ਚੋਣ ਅਮਲ ਤੋਂ ਐਨ੍ਹ ਬਾਅਦ ਐਗਜ਼ਿਟ ਪੋਲ ਨਸ਼ਰ ਕੀਤੇ ਗਏ ਸਨ। ਨਿਕਲਿਆ ਕੀ?
ਨਿਕਲਿਆ ਇਹ ਕਿ “ਐਗਜ਼ਿਟ ਪੋਲ ਦੀ ਖੁੱਲ੍ਹ ਗਈ ਆ ਪੋਲ”।
     ***
 ਜਿਹੜੇ ਪਾਠਕ ਭੈਣਾਂ ਤੇ ਵੀਰ ਐਗਜ਼ਿਟ ਪੋਲ ਬਾਰੇ ਨ੍ਹੀ ਜਾਣਦੇ, ਓਹ ਇਹ ਸਮਝ ਲੈਣ ਕਿ ਵੋਟਾਂ ਪੈਣ ਮਗਰੋਂ ਨਤੀਜਿਆਂ ਬਾਰੇ ਲਾਏ ਅੰਦਾਜ਼ੇ ਐਗਜ਼ਿਟ ਪੋਲ ਕਹੇ ਜਾਂਦੇ ਨੇ।
 ਖ਼ੈਰ, ਅਸੀਂ ਇਹ ਬਲਾਅ ਐਗਜ਼ਿਟ ਪੋਲ ਕਿੱਥੋਂ ਸਹੇੜੀ ਏ? ਇਹਦਾ ਸਟੀਕ ਉੱਤਰ ਹੈ : ਪਰਦੇਸਾਂ ਤੋਂ। ਭਾਵ ਇਹ ਹੈ ਕਿ ਪੱਛਮੀ ਮੁਲਕਾਂ ਵਿਚ ਕੁਝ ਖ਼ਬਰੀ ਤੇ ਲੋਕਾਈ ਸੰਪਰਕ ਏਜੰਸੀਆਂ ਓਥੇ ਇਹ ਰਾਏ-ਸ਼ੁਮਾਰੀ ਕਰਦੀਆਂ ਨੇ, ਤੇ ਸਾਰਾ ਕੰਮ ਈਮਾਨਦਾਰੀ ਨਾਲ ਨੇਪੜੇ ਚੜ੍ਹਦਾ ਐ। ਓਥੋਂ ਅਸੀਂ ਜਾਂ ਸਾਡੀ ਵਪਾਰ ਅਧਾਰਤ ਮੀਡੀਆ ਸਨਅਤ ਨੇ ਐਗਜ਼ਿਟ ਪੋਲ ਦਾ ਆਈਡੀਆ ਨਕਲ ਕੀਤਾ ਐ।
     ***
 ਭਾਰਤ ਵਿਚ ਐਗਜ਼ਿਟ ਪੋਲ ਦਾ ਵਪਾਰ ਜ਼ਿਆਦਾਤਰ, ਸਰਕਾਰ ਦੇ ਪਿੱਠੂ ਖ਼ਬਰੀ ਚੈਨਲ ਕਰਦੇ ਨੇ। ਇਹ ਧੰਦਾ ਜਨਤਕ ਅਗਿਆਨਤਾ, ਸਿਆਸੀ ਦੁਨੀਆ ਵਿਚ ਤੁਰੇ ਫਿਰਦੇ ਟੁਚੇ ਕਿਸਮ ਦੇ ਲੀਡਰਾਂ, ਹੰਕਾਰੀ ਰਾਜਨੀਤਕ ਵਰਕਰਾਂ ਦਾ ਸ਼ੋਸ਼ਣ ਕਰ ਕੇ, ਅੱਗੇ ਵਧਾਇਆ ਜਾਂਦਾ ਐ। ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਆਪਣੀ ਸਾਰੀ ਜ਼ਿੰਦਗੀ ਵਿਚ ਕਦੇ ਵੀ, ਕਿਸੇ ਵੀ ਅਖਾਉਤੀ ਸਰਵੇ ਏਜੰਸੀ ਦਾ ਸਰਵੇਖਣ ਕਾਮਾ ਚੋਣ ਨਤੀਜਿਆਂ ਸਬੰਧੀ ਲੋਕਾਈ ਕੋਲ ਪਹੁੰਚ ਕਰਦਾ ਨ੍ਹੀ ਦੇਖਿਆ। ਸਾਰਾ ਕੰਮ ਜਾਅਲਸਾਜ਼ੀ ਵਾਂਗ ਕੀਤਾ ਜਾਂਦਾ ਏ।
 ***
 ਹੁੰਦਾ ਇਹ ਹੈ ਕਿ 1,000 ਕੁ ਸਿਆਸੀ ਚੱਲਦੇ ਪੁਰਜ਼ਿਆਂ ਨਾਲ ਸਰਵੇਖਣ ਕਾਮੇ ਰਾਬਤਾ ਕਰਦੇ ਸੁਣੇ ਗਏ ਨੇ। ਓਹ “ਹਜ਼ਾਰ ਬੰਦੇ” ਵੱਖ ਵੱਖ ਸਿਆਸੀ ਪਾਰਟੀਆਂ ਦੇ ਅਹੁਦੇਦਾਰ ਤੇ ਅਹੁਦੇਦਾਰਾਂ ਦੇ ਚਮਚੇ ਹੁੰਦੇ ਨੇ। ਆਗੂ ਤੇ ਆਗੂਆਂ ਦੇ ਪਾਛੂ (ਵਰਕਰ) ਹੀ ਸਰਵੇਖਣ ਕਰਨ ਆਏ ਬੰਦੇ ਯਾਂ ਜ਼ਨਾਨੀ ਨੂੰ ਜਿੱਤ/ਹਾਰ ਬਾਰੇ ਅੰਦਾਜ਼ੇ ਨੋਟ ਕਰਾਅ ਦਿੰਦੇ ਨੇ। …ਤੇ ਏਸ ਤਰੀਕੇ ਨਾਲ ਜਾਅਲੀ ਐਗਜ਼ਿਟ ਪੋਲ “ਲਿਖ” ਲਿਆ ਜਾਂਦਾ ਏ।
 ***
  100 ਵਿੱਚੋਂ 96.4 ℅ ਐਗਜ਼ਿਟ ਪੋਲ ਫਰਜ਼ੀ, ਗੁਮਰਾਹਕੁੰਨ ਤੇ ਇਕ ਪਾਸੜ ਹੁੰਦੇ ਨੇ। ਵਜ੍ਹਾ ਇਹ ਐ ਕਿ ਦਰ ਦਰ ਫਿਰ ਕੇ ਇਸ਼ਤਿਹਾਰ ਇਕੱਤਰ ਕਰਨ ਵਾਲੇ ਬੰਦੇ ਜ਼ਨਾਨੀਆਂ ਹੀ ਸਿਆਸੀ ਪਾਰਟੀਆਂ ਤੇ “ਕਾਹਲੇ ਸਿਆਸੀ ਲੀਡਰਾਂ” ਦੀ ਖਾਹਿਸ਼ ਮੁਤਾਬਕ ਫਰਜ਼ੀ ਐਗਜ਼ਿਟ ਪੋਲ “ਘੜ੍ਹ” ਦਿੰਦੇ ਨੇ।
 ਫੇਰ, ਇਕ ਹਜ਼ਾਰ ਬੰਦਿਆਂ ਨਾਲ ਸੰਪਰਕ ਕਰਨ ਦੀ ਰਸਮ ਨਿਭਾਈ ਜਾਂਦੀ ਏ। ਚਵਲ ਕਿਸਮ ਦੇ ਸਿਆਸੀ ਲੀਡਰਾਂ ਤੇ ਚਮਚਾ ਕਿਸਮ ਦੇ ਵਰਕਰਾਂ ਨਾਲ ਰਾਬਤਾ ਕਰ ਕੇ, ਫਰਜ਼ੀ ਸਵਾਲਾਂ ਦੇ ਮਨ ਭਾਉਂਦੇ ਜਵਾਬ ਰੀਕਾਰਡ ਵਿਚ ਦਰਜ ਕਰ ਲਏ ਜਾਂਦੇ ਨੇ। “ਅੱਗੇ ਤੇਰੇ ਭਾਗ ਲੱਛੀਏ” ਦੀ ਤਰਜ਼ ਉੱਤੇ ਇਹ ਐਗਜ਼ਿਟ ਪੋਲ ਭਰਮਾਊ ਸੂਚਨਾ ਵਾਂਗ ਵਾਇਰਲ ਕਰ ਦਿੱਤੇ ਜਾਂਦੇ ਨੇ।  ਸਿਆਸੀ ਆਕਾ ਜਿੱਤ ਗਿਆ ਤਾਂ ਪੋਂ ਬਾਰ੍ਹਾਂ ਨਹੀਂ ਤਾਂ “ਜਨਤਾ ਦਾ ਮੂਡ” ਕਹਿ ਕੇ ਗੱਲਾਂ ਦੀਆਂ ਜਲੇਬੀਆਂ ਕੱਢ ਦਿੱਤੀਆਂ ਜਾਂਦੀਆਂ ਨੇ।
***
    ਇਹ ਹੈ ਐਗਜ਼ਿਟ ਪੋਲ ਆਲਿਆਂ ਦੀ ਹੇਰਾ ਫੇਰੀ ਦਾ ਰਾਜ਼। ਆਓ, ਰਲ਼ ਕੇ ਬੋਲੀਏ, ਐਗਜ਼ਿਟ ਪੋਲ, ਖੁੱਲ੍ਹ ਗਈ ਪੋਲ, ਪਤਾ ਲੱਗ ਗਿਆ ਪਿੱਛੇ ਕੌਣ!
 ਸੰਪਰਕ : ਸਰੂਪ ਨਗਰ, ਰਾਓਵਾਲੀ, ਦਬਾਬਾ। +916284336773
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੈਸਟ ਫੈਕਲਟੀ ਸਹਾਇਕ ਪੋ੍ਰਫ਼ੈਸਰਾਂ ਵਲੋਂ ਮੰਗਾਂ ਨਾ ਮੰਨੇ ਜਾਣ ‘ਤੇ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ
Next article“ਦਿਲ ਤਰੰਗ”