(ਸਮਾਜ ਵੀਕਲੀ)
ਭਾਰਤ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ। ਅਠਾਰਾਂ ਸਾਲ ਦੀ ਉਮਰ ਪੂਰੀ ਹੋਣ ਤੇ ਸੰਵਿਧਾਨਿਕ ਤੌਰ ਤੇ ਵੋਟ ਪਾਉਣ ਦਾ ਅਧਿਕਾਰ ਹਰ ਭਾਰਤੀ ਨਾਗਰਿਕ ਨੂੰ ਹੈ। ਬਿਨਾਂ ਕਿਸੇ ਭੇਦ-ਭਾਵ ਦੇ ਚੋਣਾਂ ਤੋਂ ਪਹਿਲਾਂ ਚੋਣ ਵਿਭਾਗ ਦੁਆਰਾ ਤਿਆਰ ਕੀਤੀਆਂ ਵੋਟਰ ਸੂਚੀਆਂ ਵਿੱਚ ਦਰਜ ਹਰ ਨਾਮ ਵਾਲੇ ਵੋਟਰ ਨੂੰ ਆਪਣੇ-ਆਪਣੇ ਰਾਜਾਂ ਦੀਆਂ ਵਿਧਾਨ ਸਭਾਵਾਂ ਅਤੇ ਭਾਰਤ ਦੀ ਸੰਸਦ ਦੇ ਲੋਕ ਸਭਾ ਸਦਨ ਲਈ ਆਪਣੀ ਮਰਜ਼ੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਵੋਟ ਪਾਉਣ ਦੀ ਪ੍ਕਿਰਿਆ ਪੂਰਣ ਤੌਰ ਤੇ ਚੋਣ ਵਿਭਾਗ ਦੁਆਰਾ ਗੁਪਤ ਰੱਖੀ ਜਾਂਦੀ ਹੈ। ਵੋਟਰ ਆਪਣੀ ਮਰਜ਼ੀ ਨਾਲ਼ ਚੋਣ ਵਿਭਾਗ ਦੁਆਰਾ ਸੰਵਿਧਾਨਕ ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਕਰਦੇ ਹੋਏ ਉਮੀਦਵਾਰ ਸੂਚੀ ਵਿੱਚ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਜਾਂ ਕਿਸੇ ਆਜ਼ਾਦ ਉਮੀਦਵਾਰ ਨੂੰ ਆਪਣੀ ਵੋਟ ਦੇ ਸਕਦਾ ਹੈ।
ਪੰਜਾਬ ਰਾਜ ਦੀ ਸਰਕਾਰ ਵੀ ਲੋਕਤੰਤਰੀ ਤਰੀਕੇ ਨਾਲ਼ ਲੋਕਾਂ ਦੁਆਰਾ ਸਿੱਧੀ ਚੁਣੀ ਜਾਂਦੀ ਹੈ। ਸਰਕਾਰ ਵਿੱਚ ਵਿਧਾਨ ਸਭਾ ਦੇ 117 ਮੈਂਬਰ ਪੰਜਾਬ ਦੇ ਵੋਟਰਾਂ ਦੀ ਪ੍ਰਤੀਨਿੱਧਤਾ ਕਰਦੇ ਹਨ। ਇਹ ਚੋਣਾਂ ਹਰ ਪੰਜ ਸਾਲਾਂ ਬਾਅਦ ਭਾਰਤ ਦੇ ਸਾਰਿਆਂ ਰਾਜਾਂ ਵਿੱਚ ਕਰਵਾਈਆਂ ਜਾਂਦੀਆ ਹਨ। ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਨੇ ਆਪਣੇ ਆਪਣੇ ਹਲਕੇ ਦੇ ਲੋਕਾਂ ਲਈ ਸਮਾਜਿਕ ਸੇਵਾਵਾਂ ਵਿੱਚ ਅਗਵਾਈ ਕਰਨੀ ਹੁੰਦੀ ਹੈ। ਆਪਣੇ ਹਲਕੇ ਦੇ ਲੋਕਾਂ ਦੀਆਂ ਸਾਂਝੀਆਂ ਮੁਸ਼ਕਲਾਂ ਅਤੇ ਚਿੰਤਾਵਾ ਦੇ ਹੱਲ ਲਈ ਆਪਣੀਆਂ ਸੇਵਾਵਾਂ ਵਿਆਕਤੀਗਤ ਅਤੇ ਸੰਵਿਧਾਨਿਕ ਤੌਰ ਤੇ ਦੇਣੀਆਂ ਹੁੰਦੀਆਂ ਹਨ। ਵਿਧਾਨ ਸਭਾਵਾਂ ਦੇ ਮੈਂਬਰ ਪ੍ਸ਼ਾਸ਼ਨ ਦੀਆਂ ਗਤੀ ਵਿਧੀਆ ਤੇ ਕਾਰਜਪ੍ਣਾਲੀ ਨੂੰ ਹੋਰ ਬੇਹਤਰ ਕਰਨ ਲਈ ਲੋਕਾਂ ਤੇ ਪ੍ਸ਼ਾਸ਼ਨ ਦੇ ਵਿੱਚ ਇਕ ਕੜੀ ਦਾ ਕੰਮ ਕਰਦੇ ਹਨ। ਰਾਜ ਦੇ ਵਸਨੀਕਾਂ ਲਈ ਜਨ ਜੀਵਨ ਦੀਆਂ ਸਹੂਲਤਾਂ ਦੇਣ ਦੇ ਲਈ ਉਪਰਾਲੇ ਕਰਨ ਲਈ ਸਰਕਾਰ ਦੁਆਰਾ ਬਿੱਲ ਪਾਸ ਕਰਵਾ ਕੇ ਕਾਨੂੰਨ ਦਾ ਰੂਪ ਦਿੱਤਾ ਜਾਂਦਾ ਹੈ। ਇਹਨਾਂ ਕਾਨੂੰਨਾਂ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਜ ਦੀ ਸਰਕਾਰੀ ਮਸ਼ੀਨਰੀ ਕੰਮ ਕਰਦੀ ਹੈ। ਜਿਲ੍ਹਾ ਪ੍ਸ਼ਾਸ਼ਨ ਆਪਣੀ ਆਪਣੀ ਹੱਦ ਅੰਦਰ ਕਾਨੂੰਨਾਂ ਮੁਤਾਬਕ ਆਪਣੇ ਕਾਰਜਾਂ ਨੂੰ ਅਮਲੀ ਰੂਪ ਦਿੰਦੇ ਹਨ।
ਆਮ ਤੌਰ ਤੇ ਲੋਕਾਂ ਦੁਆਰਾ ਚੁਣੀ ਸਰਕਾਰ ਦੇ ਨੁਮਾਇੰਦੇ ਸੱਤਾ ਵਿੱਚ ਆ ਕੇ ਕੁਰਸੀ ਤੇ ਕਾਬਿਜ਼ ਹੋ ਕੇ ਆਪਣੀਆਂ ਮਨਮਰਜ਼ੀਆਂ ਕਰਨ ਲੱਗ ਜਾਂਦੇ ਹਨ। ਆਪਣੀ ਪਾਰਟੀ ਜਾਂ ਦਲ ਦੇ ਹਿੱਤਾਂ ਲਈ ਜਿਆਦਾ ਉਤਸੁਕਤਾ ਦਿਖਾ ਕੇ ਆਪਣੇ ਪ੍ਭਾਵ ਦੀ ਧਾਂਕ ਬਣਾਈ ਰੱਖਣ ਲਈ ਆਮ ਲੋਕਾਂ ਦੇ ਅਧਿਕਾਰਾਂ ਵਿੱਚ ਦਾਖਲਅੰਦਾਜ਼ੀ ਕਰ ਜਾਂਦੇ ਹਨਂ। ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਮਾਜਿਕ ਕਦਰਾਂ-ਕੀਮਤਾਂ ਨੂੰ ਆਪਣੀ ਸੱਤਾ ਸ਼ਕਤੀ ਦੇ ਪੈਰਾਂ ਦੇ ਥੱਲੇ ਰੌਧਦੇ ਜਾਂਦੇ ਹਨ। ਸਿਆਸੀ ਸ਼ਕਤੀ ਤੇ ਸਰਕਾਰ ਤੱਕ ਸਿੱਧੀ ਪਹੁੰਚ ਕਾਰਣ ਪ੍ਸ਼ਾਸ਼ਨ ਦੀ ਨਿਰਪੱਖਤਾ ਨੂੰ ਅਨੈਤਿਕ ਤਰੀਕਿਆਂ ਨਾਲ਼ ਪ੍ਭਾਵਤ ਕਰਦੇ ਹਨ। ਇਹੋ ਜਿਹੇ ਪੰਜ ਸਾਲਾਂ ਲਈ ਚੁਣੇ ਗਏ ਉਮੀਦਵਾਰ ਲੋਕਤੰਤਰ ਪ੍ਣਾਲੀ ਲਈ ਸਰਾਪ ਬਣਦੇ ਜਾ ਰਹੇ ਹਨ। ਆਜ਼ਾਦੀ ਤੋਂ ਬਾਅਦ ਭਾਰਤੀ ਲੋਕਾਂ ਨੂੰ ਇਹੋ ਜਿਹੇ ਉਮੀਦਵਾਰਾਂ ਦੀਆਂ ਅਨੈਤਿਕ ਗਤੀਵਿਧੀਆਂ ਨੂੰ ਨੱਥ ਪਾਉਣ ਲਈ ਰੋਸ ਦਿਖਾਵੇ ਜੇਂ ਰੋਸ ਅੰਦੋਲਨ ਦੇ ਰਾਹ ਤੁਰਨ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜਿਸ ਨਾਲ਼ ਆਮ ਜਨਜੀਵਨ ਪ੍ਭਾਵਤ ਹੁੰਦਾ ਹੈ। ਹੜਤਾਲਾਂ ਹੋਣ ਨਾਲ਼ ਦੇਸ਼ ਅਤੇ ਸੂਬੇ ਦੀ ਆਰਥਿਕ ਸਥਿਤੀ ਡਾਂਵਾਡੋਲ ਹੋ ਜਾਂਦੀ ਹੈ । ਸਰਕਾਰੀ ਮਸ਼ੀਨਰੀ ਨੂੰ ਜੋ ਨੁਕਸਾਨ ਹੁੰਦਾ ਹੈ , ਉਹ ਦੇਸ਼ ਦੇ ਹਿੱਤਾਂ ਲਈ ਨੁਕਸਾਨ ਦਾਇਕ ਸਾਬਿਤ ਹੁੰਦਾ ਹੈ।
ਵਿਦਿੱਅਕ ਅਦਾਰੇ ਬੰਦ ਹੋਣ ਕਾਰਣ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਵਿਘਨ ਪੈਂਦਾ ਹੈ।
ਭਾਰਤ ਦੇ ਗਰੀਬ ਤੇ ਅਨਪੜ੍ਹ ਲੋਕਾਂ ਨੂੰ ਸਮਾਜ ਦੇ ਮੁੱਠੀ ਭਰ ਚਾਤੁਰ ਤੇ ਪਾਖੰਡੀ ਲੋਕਾਂ ਨੇ ਧਰਮ ਦੇ ਜਾਲ਼ ਵਿੱਚ ਫਸਾ ਕੇ ਬੁੱਧੂ ਬਣਾਈ ਰੱਖਿਆ। ਉਹਨਾਂ ਦਾ ਮਾਨਸਿਕ ,ਆਰਥਿਕ ਤੇ ਸਮਾਜਿਕ ਸ਼ੋਸਣ ਕਰਨ ਦੀ ਸ਼ਾਜਿਸ ਤਹਿਤ ਉਹਨਾਂ ਨੂੰ ਧਰਮ ਦੇ ਅਡੰਬਰਾਂ ਵਿੱਚ ਉਲਝਾ ਕੇ ਪਹਿਲਾਂ ਘ੍ਰਿਣਾ ਦਾ ਸ਼ਿਕਾਰ ਬਣਾ ਕੇ ਮਾਨਸਿਕ ਤੌਰ ਤੇ ਡਰਾਇਆ-ਧਮਕਾਇਆ ਜਾਂਦਾ ਰਿਹਾ ।ਇਹਨਾਂ ਲੋਕਾਂ ਨੂੰ ਸਮਾਜਿਕ ਤੌਰ ਤੇ ਦੁਰਕਾਰ ਕੇ ਭਗਵਾਨਾਂ ਦੇ ਖੌਫ਼ ਤਹਿਤ ਜਿਸਮਾਨੀ ਸ਼ੋਸਣ ਦਾ ਸ਼ਿਕਾਰ ਬਣਾਇਆ ਜਾਂਦਾ ਰਿਹਾ। ਅੱਖਰ ਗਿਆਨ ਤੋਂ ਵਾਂਝੇ ਕਰਨ ਲਈ ਗਰੀਬ ਮਿਹਨਤਕਸ਼ ਲੋਕਾਂ ਨੂੰ ਸਮਾਜਿਕ ਸੰਸਥਾਵਾਂ ਦੇ ਵਿੱਚ ਬਰਾਬਰਤਾ ਦੇ ਅਧਿਕਾਰਾਂ ਤੋਂ ਵਾਂਝੇ ਰੱਖਿਆ ਜਾਂਦਾ ਹੈ। ਜਿਸ ਕਾਰਣ ਪੀੜ੍ਹੀ ਦਰ ਪੀੜ੍ਹੀ ਉਹ ਵਿੱਦਿਅਕ ਗਿਆਨ ਤੋਂ ਸੱਖਣੇ ਕਰ ਦਿੱਤੇ ਗਏ । ਉਹਨਾਂ ਅੰਦਰ ਗਿਆਨ ਦੀ ਰੌਸ਼ਨੀ ਪਹੁੰਚਣ ਹੀ ਨਹੀਂ ਦਿੱਤੀ ਗਈ । ਜਿਸ ਕਾਰਣ ਦੇਸ਼ ਦੀ ਆਜ਼ਾਦੀ ਦੇ ਤਹੇਤਰ ਸਾਲਾਂ ਬਾਅਦ ਵੀ ਇਹ ਗਿਆਨ ਤੋਂ ਕੋਰੇ ਲੋਕ ਭਾਰਤ ਦੀ ਰਾਜਨੀਤਿਕ ਵਿਵੱਸਥਾ ਨੂੰ ਸਮਝਣ ਤੋਂ ਅਸਮਰੱਥ ਹਨ। ਅੱਜ ਵੀ ਆਮ ਕਿਰਤੀ ਤੇ ਕਿਸਾਨ ਲੋਕ ਰਾਜਨੀਤਿਕ ਵਿਵਸਥਾ ਦੀਆਂ ਬਰੀਕੀਆਂ ਤੇ ਰਾਜਨੀਤਿਕ ਲੋਕਾਂ ਦੀਆਂ ਚਲਾਕੀਆਂ ਨੂੰ ਸਮਝਣ ਦੇ ਕਾਬਲ ਨਹੀਂ ਹੋ ਸਕੇ। ਵੋਟਰ ਲੋਕ ਸਿਰਫ਼ ਸਿਆਸਤ ਦੇ ਤੰਦੂਰ ਦਾ ਸੁੱਕਾ ਬਾਲਣ ਬਣ ਕੇ ਰਹਿ ਗਏ । ਜਿਸ ਨੇ ਜਿੰਨਾਂ ਵੱਧ ਪ੍ਰਾਪੇਗੰਡਾ ਕੀਤਾ ਉਹਨੀਆਂ ਵੱਧ ਰੋਟੀਆਂ ਸੇਕੀਆਂ। ਨਸ਼ੇ ਵੰਡ ਵੰਡ ਵੋਟਾਂ ਬਟੋਰ ਕੇ ਪੰਜ ਸਾਲ ਲਈ ਰਫੂ ਚੱਕਰ ਹੋ ਜਾਂਦੇ ਹਨ।
ਪੰਜਾਬ ਅਸੈਂਬਲੀ ਦੀਆਂ ਆ ਰਹੀਆਂ ਚੋਣਾਂ ਲਈ ਆਉ ਆਪਾਂ ਚੇਤੰਨ ਹੋ ਕੇ ਆਪਣੇ ਆਪਣੇ ਵੋਟ ਪਾਉਣ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕਰੀਏ। ਆਪਣੇ ਹਲਕੇ ਦੇ ਉਮੀਦਵਾਰਾਂ ਦੇ ਕਿਰਦਾਰਾਂ ਦੀ ਪਹਿਚਾਣ ਕਰਨੀ ਆਪ ਸਭ ਲਈ ਬਹੁਤ ਜਰੂਰੀ ਹੈ। ਜੋ ਉਮੀਦਵਾਰ ਸਮਾਜ ਦੀਆਂ ਮਨੁੱਖੀ ਕਦਰਾਂ ਕੀਮਤਾਂ ਦੇ ਅਨੁਸਾਰ ਆਪਣਾ ਜੀਵਨ ਵਿਚਰਦਾ ਹੈ। ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਬੱਚਨ -ਬੱਧ ਹੈ। ਜੋ ਉਮੀਦਵਾਰ ਜਾਤ-ਮਹਜਬੵ ਦੇ ਨਾਮ ਉਪਰ ਵੋਟਰਾਂ ਨੂੰ ਉਕਸਾ ਕੇ ਵੋਟ ਨਹੀਂ ਬਟੋਰਦਾ। ਜੋ ਉਮੀਦਵਾਰ ਉੱਚ ਵਿਦਿਆ ਪ੍ਰਾਪਤ ਹੈ। ਸਾਫ਼ ਕਿਰਦਾਰ, ਨੇਕ ਆਚਰਣ, ਵਾਲਾ ਹੈ। ਦੂਰ-ਅੰਦੇਸ਼ੀ ਤੇ ਵਿਦਵਾਨ ਹੈ। ਇਮਾਨਦਾਰੀ ਨਾਲ਼ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਵਾਲੀ ਪ੍ਰਭਾਵਸ਼ਾਲੀ ਸਖਸ਼ੀਅਤ ਹੈ। ਰਾਜ ਦੇ ਕੁਦਰਤੀ ਸੋਮਿਆ ਦੀ ਰਖ਼ਵਾਲੀ ਲਈ ਜੂਝਣਵਾਲਾ ਹੈ। ਆਮ ਲੋਕਾਂ ਨਾਲ਼ ਵਿਚਰਣ ਵਾਲਾ ਤੇ ਜ਼ਮੀਨੀ ਪੱਧਰ ਉਪਰ ਵਿਚਰਣ ਵਾਲਾ ਇਨਸਾਨ ਹੈ। ਜੋ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ ਉਸ ਨੂੰ ਆਪਣੀ ਵੋਟ ਲਈ ਚੁਣੋ। ਧਰਮ, ਕਬੀਲੇ ਜਾਂ ਜਾਤ-ਪਾਤ ਦੇ ਨਾਮ ਤੇ ਵੋਟਾਂ ਮੰਗਣ ਵਾਲੇ ਸਮਾਜ ਲਈ ਕੋਹੜ ਹਨ, ਇਹਨਾਂ ਨੂੰ ਆਪਣੀ ਵੋਟ ਕਦੇ ਨਾ ਦਿਓ।
ਸਮਾਜ ਵਿੱਚ ਅਨੈਤਿਕ ਕਾਰਵਾਈਆਂ ਕਰਦਿਆਂ , ਸਮਾਜ ਨੂੰ ਕੁਰਾਹੇ ਪਾਉਣ ਵਾਲਾ ਭਾਂਵੇ ਤੁਹਾਡਾ ਆਪਣਾ ਹੋਵੇ, ਰਿਸ਼ਤੇਦਾਰ , ਸਕਾ-ਸੰਬੰਧੀ ਹੋਵੇ ਉਸ ਨੂੰ ਕਦੇ ਵੋਟ ਨਾ ਦਿਓ।
ਭਾਈਚਾਰੇ ਵਿੱਚ ਫੁੱਟ ਪਾ ਕੇ, ਜਾਤੀਵਾਦ ਤੇ ਧਰਮ ਦੀ ਫ਼ਾਸ਼ੀਵਾਦ ਲ਼ਕੀਰਾਂ ਖਿੱਚਣ ਵਾਲਾ ਹਰ ਉਮੀਦਵਾਰ ਸਮਾਜ ਲਈ ਖਤਰਨਾਕ ਹੈ।
ਜ਼ੁਮਲਿਆ ਤੇ ਗੱਪਾਂ ਨਾਲ਼ ਉਕਸਾ ਕੇ ਤੁਹਾਡੀ ਵੋਟ ਪ੍ਰਾਪਤ ਕਰਨ ਵਾਲਾ ਤਾਹਾਡੇ ਅਤੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਦੁਸ਼ਮਣ ਸਾਬਿਤ ਹੋਵੇਗਾ । ਵਿਸ਼ੇਸ ਧਰਮ ਨੂੰ ਖਤਰਾ ਦੱਸ ਕੇ ਵੋਟਾਂ ਬਟੋਰਣ ਵਾਲੇ ਉਮੀਦਵਾਰਾਂ ਤੋਂ ਸੁਚੇਤ ਹੋਵੋ ਤੇ ਪਾਸਾ ਵੱਟੋ। ਚੋਣ ਮੈਨੀਫੈਸਟੋ ਵਿੱਚ ਤੇ ਚੋਣ ਰੈਲ਼ੀਆਂ ਵਿੱਚ ਮੁਫ਼ਤ ਵਸਤੂਆਂ, ਮੁਫਤ ਉਪਕਰਨ, ਮੁਫ਼ਤ ਉਪਹਾਰ ਤੇ ਨਕਦ ਰਾਸ਼ੀ ਦੇਣ ਵਾਲੇ ਤੁਹਾਡੇ ਨਾਲ਼ ਠੱਗੀ ਲਾਉਣ ਠੱਗ ਹਨ , ਤੁਹਾਡੇ ਸੇਵਾਦਾਰ ਨਹੀਂ। ਇਹਨਾਂ ਤੋਂ ਸੁਚੇਤ ਹੋਵੋ।
ਰਾਜ ਦੇ ਖ਼ਜ਼ਾਨੇ ਨੂੰ ਦੋਹਾਂ ਹੱਥਾਂ ਨਾਲ਼ ਲੁੱਟਣ ਵਾਲੇ ਰਾਜ ਦੇ ਲੋਕਾਂ ਲਈ ਖੂਨ ਪੀਣ ਵਾਲੀਆਂ ਜੋਕਾਂ ਹਨ। ਆਪ ਖੁਦ ਇਹਨਾਂ ਦਾ ਬਾਈਕਾਟ ਕਰੋ ਤੇ ਆਪਣੇ ਪਰਿਵਾਰ, ਗਵਾਂਡ ਨੂੰ ਇਹਨਾਂ ਤੋ ਬਚਾ ਕੇ ਰੱਖੋ। ਤੁਹਾਡੀ ਇਕ ਇਕ ਵੋਟ ਬਹੁ-ਕੀਮਤੀ ਹੈ। ਨਸ਼ਿਆਂ ਦੀ ਵੰਡ ਕਰਨ ਵਾਲੇ ਉਮੀਦਵਾਰ ਤੁਹਾਡੀ ਨੌਜਵਾਨ ਪੀੜ੍ਹੀ ਨੂੰ ਗੁੰਮਰਾਹ ਕਰਕੇ ਅਪਰਾਧ ਦੇ ਰਾਹਾਂ ਤੇ ਤੋਰਨ ਵਾਲੇ ਹਨ। ਇਹੋ ਜਿਹੇ ਉਮੀਦਵਾਰਾਂ ਤੇ ਰਾਜਨੀਤਿਕ ਦਲਾਂ ਤੋਂ ਸੁਚੇਤ ਹੋਵੋ । ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ, ਸ਼ੋਸਲ ਮੀਡੀਆ ਤੇ ਪੁੱਠੇ-ਸਿੱਧੇ ਬਿਆਨ ਦਾਗ਼ਣ ਵਾਲੇ ਤੁਹਾਡੀ ਵੋਟ ਲੈਣ ਦੇ ਅਧਿਕਾਰੀ ਨਹੀਂ। ਚੋਣਾਂ ਦੇ ਸਮੇਂ ਚੋਣ ਇਕੱਠਾ ਤੇ ਚੋਣ ਰੈਲ਼ੀਆਂ ਤੋਂ ਕਿਨਾਰਾ ਕਰਕੇ ਆਪਣੇ ਆਪ ਤੇ ਆਪਣੇ ਪਰਿਵਾਰਾਂ ਨੂੰ ਚੇਤੰਨ ਕਰਨ ਲਈ ਆਪਣੇ ਤੀਸਰੇ ਨੇਤਰ ਦਾ ਇਸਤੇਮਾਲ ਕਰਨਾ ਹੀ ਵੋਟ ਦੇ ਅਧਿਕਾਰ ਦਾ ਸਹੀ ਮਾਇਨਾ ਹੋਵੇਗਾ ।
ਬਲਜਿੰਦਰ ਸਿੰਘ” ਬਾਲੀ ਰੇਤਗੜੵ “
+919465129168
+917087629168
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly