ਆਜ਼ਾਦੀ ਤੋਂ ਬਾਅਦ ਨੇਤਾਵਾਂ ਨੇ ਪੰਜਾਬ ਨੂੰ ਗਲੀਆਂ ਨਾਲੀਆਂ ਤੱਕ ਸੀਮਤ ਰੱਖਿਆ                                           

(ਸਮਾਜ ਵੀਕਲੀ)

ਸਾਡੇ ਦੇਸ਼ ਨੇ ਬਹੁਤ ਕੁਰਬਾਨੀਆਂ ਦੇ ਕੇ ਆਜ਼ਾਦੀ ਹਾਸਿਲ ਕੀਤੀ,ਸ਼ਹੀਦੀਆਂ ਦੇਣ ਵਿਚ ਅਸੀਂ ਪੰਜਾਬੀ ਮੋਹਰੀ ਸਾਂ।ਆਜ਼ਾਦੀ ਪ੍ਰਾਪਤ ਕਰ ਲਈ ਪੰਜਾਬੀਆਂ ਦਾ ਕਿਤੇ ਨਾਮ ਹੀ ਨਹੀਂ ਕਦੇ ਦੇਸ਼ ਭਗਤਾਂ ਰਾਜਗੁਰੂ ਸੁਖਦੇਵ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਅਤੇ ਊਧਮ ਸਿੰਘ ਦੇ ਨਾਮ ਸਿਰਫ਼ ਕਿਤਾਬਾਂ ਵਿੱਚ ਦਰਜ ਹਨ ਪਰ ਸਥਾਪਤ ਸਰਕਾਰਾਂ ਨੇ ਕਦੇ ਵੀ ਇਨ੍ਹਾਂ ਦੀ ਸੋਚ ਬਾਰੇ ਨਹੀਂ ਸੋਚਿਆ,ਇਨ੍ਹਾਂ ਦੇ ਜਨਮ ਜਾਂ ਸ਼ਹੀਦੀ ਦਿਨਾਂ ਤੇ ਸਥਾਪਤ ਸਰਕਾਰ ਵੱਲੋਂ ਕੋਈ ਖ਼ਾਸ ਦਿਨ ਵੀ ਨਹੀਂ ਮਨਾਇਆ ਜਾਂਦਾ।ਸਾਡੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਸਿਰਫ਼ ਨਾਮ ਬਣ ਕੇ ਰਹਿ ਗਈਆਂ।ਖਾਸ ਸਥਾਨ ਵੀ ਇਨ੍ਹਾਂ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਥਾਪਤ ਨਹੀਂ ਕੀਤੇ ਗਏ।ਆਜ਼ਾਦੀ ਤੋਂ ਬਾਅਦ ਸਰਕਾਰਾਂ ਬਣਨ ਲੱਗੀਆਂ ਪੰਜਾਬ ਵਿਚ ਦੋ ਰਾਜਨੀਤਕ ਪਾਰਟੀਆਂ ਬਦਲ ਬਦਲ ਕੇ ਕੁਰਸੀ ਤੇ ਸੁਸ਼ੋਭਿਤ ਹੁੰਦੀਆਂ ਆਪਣੀਆਂ ਜੇਬਾਂ ਭਰਦੀਆਂ ਹਨ ਜਨਤਾ ਦੇ ਭਲੇ ਬਾਰੇ ਕੋਈ ਨਹੀਂ ਸੋਚਦਾ ਪੈਸੇ ਤੇ ਨਸ਼ਿਆਂ ਨਾਲ ਵੋਟਰਾਂ ਨੂੰ ਖ਼ਰੀਦ ਦੇ ਹਨ ਪਰ ਅਸੀਂ ਕੁਝ ਨਹੀਂ ਸਮਝ ਰਹੇ।ਮੈਂ ਜ਼ਿੰਦਗੀ ਦੇ ਪੰਜ ਦਹਾਕੇ ਹੰਢਾ ਚੁੱਕਿਆ ਹਾਂ  ਪਿੰਡ ਦੀ ਪੰਚਾਇਤ ਐੱਮ ਐੱਲ ਏ ਤੇ ਐਮ ਪੀ ਪਿੰਡਾਂ ਚ ਸੁਧਾਰ ਕਰਦੇ ਕਿਤੇ ਵੀ ਵਿਖਾਈ ਨਹੀਂ ਦਿੱਤੇ  ਸਿਰਫ਼ ਗਲੀਆਂ ਨਾਲੀਆਂ ਤੱਕ ਹੀ ਸੀਮਤ ਹਨ।

ਆਪਣੇ ਵੱਲ  ਭੁਗਤੇ ਵੋਟਰਾਂ ਦੀਆਂ ਗਲੀਆਂ ਨਾਲੀਆਂ ਉੱਚੀਆਂ ਨੀਵੀਆਂ ਕਰ ਦਿੱਤੀਆਂ ਜਾਂਦੀਆਂ ਹਨ।ਜੋ ਹੱਕ ਵਿਚ ਨਹੀਂ ਭੁਗਤੇ  ਉਨ੍ਹਾਂ ਦੀਆਂ ਗਲੀਆਂ ਨਾਲੀਆਂ ਉੱਥੇ ਹੀ ਖਡ਼੍ਹੀਆਂ ਰਹਿ ਜਾਂਦੀਆਂ ਹਨ।ਸੱਤ ਦਹਾਕੇ ਆਜ਼ਾਦੀ ਪ੍ਰਾਪਤ ਕੀਤੀ ਨੂੰ ਹੋ ਗਏ ਪਿੰਡਾਂ ਦੀਆਂ ਗਲੀਆਂ ਨਾਲੀਆਂ ਦਾ ਮਸਲਾ ਹੱਲ ਨਹੀਂ ਹੋਇਆ।ਇਹੋ ਹਾਲ ਕਸਬਿਆਂ ਤੇ ਸ਼ਹਿਰਾਂ ਦਾ ਹੈ ਉਥੋਂ ਦੇ ਵੀ ਚੁਣੇ ਮੈਂਬਰ ਹੀ ਆਪਣੇ ਵੋਟਰਾਂ ਵੱਲ ਭੁਗਤਦੇ ਹਨ। ਸਰਕਾਰੀ ਸਕੂਲ ਡਿਸਪੈਂਸਰੀਆਂ ਤੇ ਸਰਕਾਰੀ ਹਸਪਤਾਲ  ਕੁਝ ਕੁ ਸਾਲ ਪਹਿਲਾਂ ਬਣਾਏ ਗਏ ਸਨ ਜੋ ਕੇ ਜ਼ਿਆਦਾ ਖੰਡਰਾਂ ਦਾ ਰੂਪ ਧਾਰਨ ਕਰ ਚੁੱਕੇ ਹਨ।ਸਾਡੀ ਵੋਟਰ ਗਿਣਤੀ ਨੇ ਇਨ੍ਹਾਂ ਨੂੰ ਸੁਧਾਰਨ  ਦੀ ਕਦੇ ਮੰਗ ਨਹੀਂ ਕੀਤੀ ਤੇ ਰਾਜਨੀਤਕ ਪਾਰਟੀਆਂ ਦਾ ਧਿਆਨ ਆਪਣੀਆਂ ਕੁਰਸੀਆਂ ਤੇ ਜੇਬਾਂ ਵੱਲ ਹੁੰਦਾ ਹੈ।ਸਕੂਲਾਂ ਤੇ ਹਸਪਤਾਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੈ ਉਨ੍ਹਾਂ ਵਿੱਚ ਅਧਿਆਪਕ ਅਤੇ ਡਾਕਟਰ ਵੀ ਪੂਰਨ ਤੌਰ ਤੇ ਸਥਾਪਤ ਨਹੀਂ ਕੀਤੇ ਜਾਂਦੇ।ਸਾਡੇ ਵੋਟਰਾਂ ਜਾਣੀ ਕਿ ਜਨਤਾ ਨੇ ਕਦੀ ਇਸ ਸੁਧਾਰਵਾਦੀ ਨੀਤੀ ਵੱਲ ਗੱਲ ਨਹੀਂ ਕੀਤੀ ਤੇ ਸਰਕਾਰ ਇਸ ਬਾਰੇ ਸੋਚਦੀ ਵੀ ਨਹੀਂ।ਦੋ ਰਾਜਨੀਤਕ ਪਾਰਟੀਆਂ ਹਨ ਜੋ ਅਦਲਾ ਬਦਲੀ ਨਾਲ ਕੁਰਸੀ ਤੇ ਬਿਰਾਜਮਾਨ ਹੋ ਜਾਂਦੀਆਂ ਹਨ ਪਰ ਜਨਤਾ ਦਾ ਭਲਾ ਸੋਚਣਾ ਉਨ੍ਹਾਂ ਦਾ ਕੰਮ ਨਹੀਂ।ਰਾਜਨੀਤਕ ਪਾਰਟੀਆਂ ਪੈਸੇ ਵਾਲੇ ਵੋਟਰਾਂ ਦੇ ਸਿਰ ਤੇ ਹੀ ਚੱਲਦੀਆਂ ਹਨ ਕਿਉਂਕਿ ਉਨ੍ਹਾਂ ਦੇ ਹੀ ਇਹ ਕੰਮ ਕਰਦੀਆਂ ਹਨ।ਬਾਕੀ ਵੋਟਰਾਂ ਨੂੰ ਪੈਸੇ ਤੇ ਨਸ਼ੇ ਪੱਤੇ ਨਾਲ ਖਰੀਦ ਲਿਆ ਜਾਂਦਾ ਹੈ।ਹੁਣ ਨਵੀਂ ਭੀਖ ਰੂਪੀ ਖ਼ੈਰਾਤ ਜਨਤਾ ਨੂੰ ਦੇਣ ਦੇ ਨਾਅਰੇ ਰਾਜਨੀਤਕ ਪਾਰਟੀਆਂ ਲਗਾ ਰਹੀਆਂ ਹਨ।ਸਰਕਾਰੀ ਬੱਸਾਂ ਵਿਚ ਬੀਬੀਆਂ ਭੈਣਾਂ ਦਾ ਕਿਰਾਇਆ ਮੁਆਫ਼ ਕਰਨਾ ਬਿਜਲੀ ਦੀਆਂ ਯੂਨਿਟਾਂ ਮੁਆਫ ਕਰਨੀ ਆਂ ਆਟਾ ਦਾਲ ਵੰਡਣਾ ਜੋ ਕੇ ਸਾਨੂੰ ਭਿਖਾਰੀਆਂ ਵਾਲੀ ਲਾਈਨ ਵਿੱਚ ਲੈ ਕੇ ਜਾਂਦਾ ਹੈ ਪਰ ਅਸੀਂ ਸੋਚਦੇ ਕਦੇ ਨਹੀਂ। ਕੇਂਦਰ ਸਰਕਾਰ ਨੇ ਖੇਤੀ ਸਬੰਧੀ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸਨ ਤਾਂ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੇ ਕਿਵੇਂ ਵਾਪਸ ਕਰਵਾਏ ਅਸੀਂ ਸਾਰੇ ਜਾਣਦੇ ਹਾਂ।ਕਿਸੇ ਵੀ ਰਾਜਨੀਤਕ ਪਾਰਟੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਾਥ ਨਹੀਂ ਦਿੱਤਾ।

ਸੰਯੁਕਤ ਕਿਸਾਨ ਮੋਰਚੇ ਤੋਂ ਪੰਜਾਬ ਭਾਰਤ ਕੀ ਪੂਰੀ ਦੁਨੀਆਂ ਸਬਕ ਸਿੱਖ ਚੁੱਕੀ ਹੈ।ਆਓ ਜਾਗੋ ਵਿਧਾਨ ਸਭਾ ਦੀਆਂ ਚੋਣਾਂ ਬਹੁਤ ਨੇੜੇ ਹਨ।ਪਿੰਡਾਂ ਤੇ ਸ਼ਹਿਰ ਵਿੱਚ ਵੋਟਾਂ ਮੰਗਣ ਆਏ ਨੇਤਾਵਾਂ ਨੂੰ ਪੁੱਛੋ ਕਿ ਤੁਸੀਂ ਸਾਡੇ ਲਈ ਹੁਣ ਤਕ ਕੀ ਕੀਤਾ ਹੈ।ਜਿੰਨੀਆਂ ਵੀ ਰਾਜਨੀਤਕ ਪਾਰਟੀਆਂ ਚੋਣਾਂ ਵਿੱਚ ਉਤਰੀਆਂ ਹਨ ਕਿਸੇ ਦੇ  ਮੈਨੀਫੈਸਟੋ ਵਿੱਚ ਨੌਕਰੀਆਂ ਤੇ ਹੋਰ ਸਮਾਜਿਕ ਸੁਧਾਰਾਂ ਵੱਲ ਕੋਈ ਬਿਆਨ ਦਰਜ ਨਹੀਂ ਕੀਤਾ ਗਿਆ ਉਥੇ ਵੀ ਕੁਝ ਭੀਖ ਰੂਪੀ ਗੱਲਾਂ ਲਿਖੀਆਂ ਗਈਆਂ ਹਨ।ਜਾਗੋ ਤੇ ਆਪਣੇ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਾਲੇ ਵੋਟਰੋ ਹਲਫੀਆ ਬਿਆਨ ਬਣਾ ਕੇ ਰੱਖੋ ਜੋ ਵੀ ਨੇਤਾ ਵੋਟਾਂ ਮੰਗਣ ਆਉਂਦਾ ਹੈ ਤਾਂ ਕਾਨੂੰਨੀ ਤੌਰ ਤੇ ਉਸ ਤੋਂ ਦਸਤਖ਼ਤ ਕਰਾ ਲਵੋ।ਜੋ ਵੀ ਨੇਤਾ ਚੋਣਾਂ ਵਿੱਚ ਜਿੱਤੇਗਾ ਉਸ ਨੂੰ ਕਾਨੂੰਨੀ ਤੌਰ ਤੇ ਆਪਣੇ ਵਾਅਦੇ ਪੂਰੇ ਕਰਨੇ ਪੈਣਗੇ ਨਹੀਂ ਫਿਰ ਅਦਾਲਤੀ ਕਾਰਵਾਈ ਘੜੀਸੇਗੀ। ਹੁਣ ਨਸ਼ਿਆਂ ਪੱਤਿਆਂ ਤੇ ਪੈਸਿਆਂ ਲਈ ਜੇ ਵੋਟਾਂ ਪਾ ਦਿੱਤੀਆਂ ਤਾਂ ਪੰਜਾਬ ਨਿਵਾਸੀਆਂ ਦੀ ਬਹੁਤ ਵੱਡੀ ਹਾਰ ਹੋਵੇਗੀ।

ਰਾਜਨੀਤਕ ਪਾਰਟੀਆਂ ਨੂੰ ਭੁੱਲ ਜਾਓ ਆਪਣੇ ਉਮੀਦਵਾਰ ਨੂੰ ਦੇਖ ਕੇ ਵੋਟ ਪਾਓ ਜੋ ਤੁਹਾਡੇ ਇਲਾਕੇ ਦਾ ਕੰਮ ਕਰ ਸਕਣ।ਨਹੀਂ ਤਾਂ ਇਨ੍ਹਾਂ ਦਾ ਪੁਰਾਣਾ ਰਾਗ ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਂਗੇ ਤੇ ਮੜ੍ਹੀਆਂ ਦੀਆਂ ਕੰਧਾਂ ਪੱਕੀਆਂ ਕਰਾਂਗੇ।ਸਾਡੇ ਪੰਜਾਬ ਵਿੱਚ ਸਿਹਤ ਸਿੱਖਿਆ ਤੇ ਸਰਵਿਸ ਨੌਕਰੀਆਂ ਦੀ ਮੰਗ ਮੁੱਖ ਹੈ।ਸਾਡਾ ਪਾਣੀ ਧਰਤੀ ਵਿੱਚੋਂ ਖ਼ਤਮ ਤੇ ਗੰਧਲਾ ਹੋ ਰਿਹਾ ਹੈ ਤੇ ਪ੍ਰਦੂਸ਼ਣ ਨਾਲ ਬਿਮਾਰੀਆਂ ਫੈਲ ਰਹੀਆਂ ਹਨ।ਇਹ ਮੰਗਾਂ ਚੋਣ ਤੋਂ ਪਹਿਲਾਂ ਦਸਤਖਤ ਰੂਪੀ ਕਰਵਾ ਕੇ ਰੱਖੋ ਨਹੀਂ ਤਾਂ ਫੇਰ ਪੰਜਾਬ ਵਿੱਚ ਪੰਜ ਸਾਲ ਆਪਾਂ ਫੇਰ ਨੇਤਾਵਾਂ ਦੇ ਰਾਹ ਦੇਖਦੇ ਰਹਾਂਗੇ ਸਾਡੀਆਂ ਗਲੀਆਂ ਨਾਲੀਆਂ ਅਸੀਂ ਖ਼ੁਦ ਮਿਲ ਕੇ ਪੱਕੀਆਂ ਕਰ ਸਕਦੇ ਹਾਂ।ਸੰਯੁਕਤ ਕਿਸਾਨ ਮੋਰਚੇ ਚੋਂ ਆਪਾਂ ਬਹੁਤ ਕੁਝ ਸਿੱਖ ਚੁੱਕੇ ਹਾਂ ਸਾਹਮਣੇ ਕੰਧ ਤੇ ਉੱਕਰਿਆ ਹੋਇਆ ਹੈ ਜ਼ਰੂਰ ਪੜ੍ਹ ਲਵੋ -ਆਮੀਨ।

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ-9914880392

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ 
Next articleਕੀ ਮੇਰੀ ਸਰਕਾਰ ਬਣਾ ਦਿਓਗੇ?