ਸ੍ਰੀ ਅਕਾਲ ਤਖਤ ਨੇੜੇ ਖੁਦਾਈ ਦੌਰਾਨ ਪੁਰਾਤਨ ਇਮਾਰਤੀ ਢਾਂਚਾ ਮਿਲਿਆ

ਅੰਮ੍ਰਿਤਸਰ, (ਸਮਾਜ ਵੀਕਲੀ): ਸਿੱਖ ਸਦਭਾਵਨਾ ਦਲ ਦੇ ਕਾਰਕੁਨਾਂ ਅਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵਿਚਾਲੇ ਅੱਜ ਉਸ ਵੇਲੇ ਖਿੱਚ-ਧੂਹ ਹੋ ਗਈ ਜਦੋਂ ਸਿੱਖ ਜਥੇਬੰਦੀ ਦੇ ਕਾਰਕੁਨਾਂ ਨੇ ਇੱਥੇ ਅਕਾਲ ਤਖਤ ਦੇ ਸਕੱਤਰੇਤ ਨੇੜੇ ਖੁਦਾਈ ਦੌਰਾਨ ਨਿਕਲੀ ਪੁਰਾਤਨ ਇਮਾਰਤ ਦੇ ਢਾਂਚੇ ਨੂੰ ਢਹਿ-ਢੇਰੀ ਕਰਨ ਤੋਂ ਰੋਕਣ ਦਾ ਯਤਨ ਕੀਤਾ। ਫਿਲਹਾਲ ਪੁਲੀਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੰਮ ਰੁਕਵਾ ਦਿੱਤਾ ਹੈ।

ਸ੍ਰੀ ਅਕਾਲ ਤਖਤ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਗਲਿਆਰੇ ਵਾਲੀ ਥਾਂ ਵਿੱਚ ਸੰਗਤ ਦੀ ਸਹੂਲਤ ਵਾਸਤੇ ਇਕ ਜੋੜਾ ਘਰ ਅਤੇ ਦੋ ਪਹੀਆ ਵਾਹਨ ਸਟੈਂਡ ਬਣਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਹੈ। ਇੱਥੇ ਖੁਦਾਈ ਦੌਰਾਨ 8 ਤੋਂ 10 ਫੁੱਟ ਹੇਠਾਂ ਸੁਰੰਗਨੁਮਾ ਇਮਾਰਤੀ ਢਾਂਚੇ ਮਿਲੇ ਹਨ। ਇਹ ਤਿੰਨ ਇਮਾਰਤੀ ਢਾਂਚੇ ਪੁਰਾਤਨ ਨਾਨਕਸ਼ਾਹੀ ਇੱਟਾਂ ਦੇ ਬਣੇ ਹੋਏ ਹਨ। ਇਨ੍ਹਾਂ ਅੰਦਰ ਪਾਣੀ ਇਕੱਠਾ ਸੀ। ਇਮਾਰਤ ਦਾ ਕੁਝ ਹਿੱਸਾ ਖੁਦਾਈ ਕਰਨ ਵਾਲਿਆਂ ਨੇ ਮਿੱਟੀ ਨਾਲ ਪੂਰ ਦਿੱਤਾ ਤੇ ਕੁਝ ਹਿੱਸਾ ਢਹਿ-ਢੇਰੀ ਕਰ ਦਿਤਾ। ਇਸ ਦੀ ਜਾਣਕਾਰੀ ਮਿਲਣ ਮਗਰੋ ਸਿੱਖ ਸਦਭਾਵਨਾ ਦਲ ਦੇ ਮੁਖੀ ਭਾਈ ਬਲਦੇਵ ਸਿੰਘ ਵਡਾਲਾ ਤੇ ਉਨ੍ਹਾਂ ਦੇ ਸਾਥੀ ਮੌਕੇ ’ਤੇ ਪੁੱਜ ਗਏ ਸਨ ਜਿਨ੍ਹਾਂ ਪੁਰਾਤਨ ਇਮਾਰਤੀ ਢਾਂਚੇ ਨੂੰ ਢਾਹੁਣ ਤੋਂ ਰੋਕਣ ਦਾ ਯਤਨ ਕੀਤਾ।

ਦੂਜੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਤੇ ਟਾਸਕ ਫੋਰਸ ਦੇ ਕਰਮਚਾਰੀ ਵੀ ਹਾਜ਼ਰ ਸਨ ਜਿਸ ਕਾਰਨ ਦੋਵਾਂ ਧਿਰਾਂ ਵਿਚਾਲੇ ਤਿੱਖੀ ਤਕਰਾਰ ਤੇ ਖਿੱਚ ਧੂਹ ਹੋਈ। ਇਸ ਦੌਰਾਨ ਵਡਾਲਾ ਸਮਰਥਕ ਇਕ ਬਜੁਰਗ ਦੇ ਹੱਥ ’ਤੇ ਸੱਟ ਵੀ ਲੱਗ ਗਈ। ਭਾਈ ਵਡਾਲਾ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਥੇ ਧਰਨਾ ਦੇਣ ਦਾ ਵੀ ਯਤਨ ਕੀਤਾ ਪਰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਨੇ ਧਰਨੇ ’ਤੇ ਬੈਠਣ ਨਾ ਦਿੱਤਾ। ਕਾਰਸੇਵਾ ਸੰਪਰਦਾ ਨੇ ਕਾਰਕੁਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਭਾਈ ਵਡਾਲਾ ਦੇ ਸਮਰਥਕਾਂ ਵਿਚਾਲੇ ਵੀ ਤਕਰਾਰ ਹੋਈ। ਇਸ ਦੌਰਾਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਰੋਕਣ ਦਾ ਯਤਨ ਕੀਤਾ।

ਭਾਈ ਵਡਾਲਾ ਨੇ ਮੀਡੀਆ ਨਾਲ ਗੱਲ ਕਰਦਿਆਂ ਆਖਿਆ ਕਿ ਇੱਥੋ ਖੁਦਾਈ ਵੇਲੇ ਨਿਕਲੇ ਪੁਰਾਤਨ ਇਮਾਰਤੀ ਢਾਂਚੇ ਨੂੰ ਢਹਿ-ਢੇਰੀ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਹ ਕੋਈ ਇਤਿਹਾਸਕ ਇਮਾਰਤ ਤਾਂ ਨਹੀਂ ਹੈ। ਜੇਕਰ ਇਹ ਗੁਰੂ ਕਾਲ ਵੇਲੇ ਦੀ ਕੋਈ ਇਮਾਰਤ ਹੈ ਤਾਂ ਇਸ ਨੂੰ ਸਿੱਖ ਧਰੋਹਰ ਵਜੋਂ ਬਚਾਉਣ ਦੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਹੀ ਕਾਰਸੇਵਾ ਦੇ ਨਾਂ ਹੇਠ ਕਈ ਇਤਿਹਾਸਕ ਨਿਸ਼ਾਨੀਆਂ ਖਤਮ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਪੁਰਾਤੱਤਵ ਵਿਭਾਗ ਪਤਾ ਲਗਾਵੇ ਕਿ ਇਹ ਇਮਾਰਤ ਕਿੰਨੀ ਪੁਰਾਤਨ ਹੈ ਅਤੇ ਇਸ ਦਾ ਪਿਛੋਕੜ ਕੀ ਹੈ।

ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਹ ਇਤਿਹਾਸਕ ਇਮਾਰਤ ਨਹੀਂ ਹੈ ਪਰ ਇਸ ਦੇ ਬਾਵਜੂਦ ਇਸ ਨੂੰ ਢਾਹੁਣ ਦੀ ਥਾਂ ਬੰਦ ਕਰ ਦਿੱਤਾ ਹੈ। ਮੈਨੇਜਰ ਗੁਰਿੰਦਰ ਸਿੰਘ ਨੇ ਕਿਹਾ ਕਿ ਇਸ ਇਲਾਕੇ ਵਿਚ ਵੱਡੀ ਗਿਣਤੀ ਵਿਚ ਨਾਨਕਸ਼ਾਹੀ ਇੱਟਾਂ ਦੀਆਂ ਬਣੀਆਂ ਇਮਾਰਤਾਂ ਸਨ, ਜੋ ਸਾਕਾ ਨੀਲਾ ਤਾਰਾ ਤੋਂ ਬਾਅਦ ਇੱਥੇ ਸਰਕਾਰ ਵੱਲੋਂ ਬਣਾਏ ਗਲਿਆਰੇ ਵਿੱਚ ਆ ਗਈਆਂ ਸਨ। ਇਹ ਪੁਰਾਤਨ ਢਾਂਚਾ ਵੀ ਕਿਸੇ ਅਜਿਹੀ ਇਮਾਰਤ ਦਾ ਹਿੱਸਾ ਹੋ ਸਕਦਾ ਹੈ।

ਮਿਲੇ ਵੇਰਵਿਆਂ ਮੁਤਾਬਿਕ ਭਾਵੇਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜਾਣ ਤੋ ਬਾਦ ਕਾਰਸੇਵਾ ਸੰਪਰਦਾ ਨੇ ਕੰਮ ਮੁੜ ਸ਼ੁਰੂ ਕਰ ਦਿੱਤਾ ਸੀ। ਇਹ ਵੀ ਪਤਾ ਲਗਾ ਹੈ ਕਿ ਇਹ ਇਮਾਰਤ ਗਲਿਆਰੇ ਦੀ ਜ਼ਮੀਨ ’ਤੇ ਬਣਾਉਣ ਖ਼ਿਲਾਫ਼ ਪੁੱਡਾ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਭੇਜਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePalamaner ‘goshala’ to be developed as hub for ‘desi’ cow breeds: TTD
Next articlePM, HM for out-of-court solution to NE border issue: Arunachal CM