(ਸਮਾਜ ਵੀਕਲੀ) ਸਾਡੇ ਦੇਸ਼ ਵਿੱਚ ਬਹੁਤ ਸਾਰੀਆਂ ਰਾਸ਼ਟਰੀ ਅਤੇ ਖੇਤਰੀ ਰਾਜਨੀਤਿਕ ਪਾਰਟੀਆਂ ਹਨ ਜਿਵੇਂ ਕਾਂਗਰਸ, ਭਾਜਪਾ, ਕਮਨਿਸਟ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਤ੍ਰਿਣ ਮੂਲ ਕਾਂਗਰਸ ਆਦੀ। ਚੋਣਾਂ ਦੇ ਸਮੇਂ ਸਾਰੀਆਂ ਪਾਰਟੀਆਂ ਜਿਆਦਾ ਤੋਂ ਜਿਆਦਾ ਵੋਟ ਲੈਣ ਲਈ ਹੱਥ ਪੈਰ ਮਾਰਦੀਆਂ ਹਨ। ਸਾਡੇ ਦੇਸ਼ ਵਿੱਚ ਇਲੈਕਸ਼ਨ ਹੁਣ ਤਿਉਹਾਰਾਂ ਦੀ ਤਰ੍ਹਾਂ ਹੋ ਗਏ ਹਨ ,ਜਿਹੜੇ ਕਿ ਸਾਰੇ ਸਾਲ ਚਲਦੇ ਰਹਿੰਦੇ ਹਨ। ਕਦੇ ਵਿਧਾਨ ਸਭਾ ਅਤੇ ਕਦੇ ਸੰਸਦ ਦੇ ਇਲੈਕਸ਼ਨ ਹੁੰਦੇ ਹਨ ਅਤੇ ਕਦੇ ਕਦੇ ਇਹਨਾਂ ਦੋਵਾਂ ਦੇ ਬਾਈ ਇਲੈਕਸ਼ਨ ਹੁੰਦੇ ਰਹਿੰਦੇ ਹਨ। ਅੱਜ ਕੱਲ ਚੋਣਾਂ ਦਾ ਖੂਬ ਸ਼ੋਰ ਹੋ ਰਿਹਾ ਹੈ। ਕਈ ਰਾਜਾਂ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਲੈਕਸ਼ਨ ਲੜਨ ਵਾਸਤੇ ਉਮੀਦਵਾਰਾਂ ਦੀ ਚੋਣ ਹੋ ਰਹੀ ਹੈ। ਜਿਹੜੇ ਉਮੀਦਵਾਰਾਂ ਨੂੰ ਇਲੈਕਸ਼ਨ ਲੜਨ ਵਾਸਤੇ ਟਿਕਟ ਨਹੀਂ ਮਿਲਦੀ ਉਹ ਆਪਣਾ ਫਾਇਦਾ ਦੇਖ ਕੇ ਇਧਰ ਤੋਂ ਉਧਰ ਅਤੇ ਉਧਰ ਤੋਂ ਇਧਰ ਆਉਣ ਦਾ ਸਿਲਸਿਲਾ ਜਾਰੀ ਰੱਖਦੇ ਹਨ। ਚੋਣਾਂ ਜਿੱਤਣ ਤੋਂ ਬਾਅਦ ਵੀ ਜੇਕਰ ਕਿਸੇ ਜੇਤੂ ਉਮੀਦਵਾਰ ਨੂੰ ਆਪਣੀ ਮਰਜ਼ੀ ਦੀ ਕੁਰਸੀ ਨਹੀਂ ਮਿਲਦੀ ਤਾਂ ਉਹ ਇੱਕਦਮ ਪਲਟੀ ਮਾਰ ਕੇ ਆਪਣੀ ਸਰਕਾਰ ਦੇ ਖਿਲਾਫ ਦੂਜੀ ਪਾਰਟੀ ਨਾਲ ਮਿਲ ਜਾਂਦਾ ਹੈ ਤਾਂਜੋ ਉਸਨੂੰ ਮਨ ਪਸੰਦ ਮਹਿਕਮਾ ਮਿਲ ਸਕੇ। ਚੋਣਾਂ ਵਿੱਚ ਕਿਸਮਤ ਅਜਮਾਉਣ ਵਾਸਤੇ ਅਸੀਂ ਕੁਝ ਸਮਾਨ ਵਿਚਾਰਧਾਰਾ ਵਾਲੇ ਲੋਕਾਂ ਨੇ ਮਿਲ ਕੇ ਇੱਕ ਨਵੀਂ ਪਾਰਟੀ ਬਣਾਈ ਹੈ ਜਿਸ ਦਾ ਨਾਂ ਹੈ,,, ਸਭ ਕੁਝ ਮਾਫ ਪਾਰਟੀ,,,,। ਸਾਡੀ ਪਾਰਟੀ ਦਾ ਮੁੱਖ ਮੰਤਵ ਕਸੂਰਵਾਰ ਲੋਕਾਂ ਦੀਆਂ ਗਲਤੀਆਂ ਨੂੰ ਮਾਫ ਕਰਕੇ ਉਨ੍ਹਾਂ ਨੂੰ ਸਧਾਰਨ ਨਾਗਰਿਕ ਬਣਾਉਣ ਵਿੱਚ ਹੈ। ਜੇਕਰ ਅਲਗ ਅਲਗ ਪਾਰਟੀਆਂ ਚੋਣਾਂ ਜਿੱਤਣ ਵਾਸਤੇ ਬਿਜਲੀ, ਪਾਣੀ, ਬੇਕਾਰ ਲੋਕਾਂ ਨੂੰ ਬੇਕਾਰੀ ਅਲਾਉਂਸ, ਬਜ਼ੁਰਗ ਔਰਤਾਂ ਨੂੰ ਲਾਡਲੀ ਬਹਿਨਾ ਆਦੀ ਦੇ ਲਾਭ ਦੇ ਕੇ ਆਪਣੇ ਵੱਲ ਕਰ ਸਕਦੇ ਹਨ ਤਾ ਸਾਡੀ ਪਾਰਟੀ ਲੋਕਾਂ ਦੀਆਂ ਗਲਤੀਆਂ ਨੂੰ ਮਾਫ ਕਰਨ ਵਾਸਤੇ ਆਪਣੇ ਵੱਲ ਅਗਰ ਵੋਟ ਦੇਣ ਲਈ ਖਿਚੇ ਤਾਂ ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਕਿਉਂਕਿ ਚੋਣਾਂ ਹੋਣ ਵਾਲੀਆਂ ਹਨ ਸਾਡੀ ਸਭ ਕੁਝ ਮਾਫ ਪਾਰਟੀ ਨੇ ਆਪਣਾ ਇਲੈਕਸ਼ਨ ਮੈਨੀਫੈਸਟੋ ਜਾਰੀ ਕੀਤਾ ਹੈ। ਇਸ ਇਲੈਕਸ਼ਨ ਮੈਨੀਫੈਸਟੋ ਦੇ ਮੁਤਾਬਿਕ ਜਿਨਾਂ ਲੋਕਾਂ ਨੇ ਅਜੇ ਤੱਕ ਕੋਈ ਇਨਕਮ ਟੈਕਸ ਦੇਣਾ ਹੈ, ਜੀਐਸਟੀ ਜਮਾ ਨਹੀਂ ਕਰਾਇਆ, ਬਿਜਲੀ ਦਾ ਬਿੱਲ ਨਹੀਂ ਦਿੱਤਾ, ਕਿਸੇ ਜੁਰਮ ਕਰਕੇ ਜੇਲ ਵੀ ਸਜ਼ਾ ਕੱਟ ਰਹੇ ਹਨ, ਗੱਡੀ ਦਾ ਚਲਾਣ ਹੋ ਗਿਆ ਹੈ ਅਤੇ ਗੱਡੀ ਥਾਣੇ ਵਿੱਚ ਖੜੀ ਹੈ, ਕਿਸੇ ਨੇ ਕਿਸੇ ਬੈਂਕ ਤੋਂ ਉਧਾਰ ਲੈ ਰੱਖਿਆ ਹੈ ਅਤੇ ਉਸ ਵਾਸਤੇ ਮੂਲ ਅਤੇ ਵਿਆਜ ਵਾਪਸ ਕਰਨਾ ਮੁਸ਼ਕਿਲ ਹੋ ਰਿਹਾ ਹੈ, ਜੇਕਰ ਸਾਡੀ ਪਾਰਟੀ ਇਲੈਕਸ਼ਨ ਜਿੱਤ ਕੇ ਸਰਕਾਰ ਬਣਾਉਂਦੀ ਹੈ ਤਾਂ ਅਸੀਂ ਇਹ ਸਾਰਾ ਕੁਝ ਮਾਫ ਕਰ ਦਿਆਂਗੇ। ਲੋਕਾਂ ਨੂੰ ਜਿੰਨੀ ਵੀ ਚਾਹੁਣ ਰਿਸ਼ਵਤ ਲੈਣ ਦੀ ਪੂਰੀ ਛੁੱਟੀ ਹੋਏਗੀ, ਕਿਸੇ ਦੀ ਗੱਡੀ ਦਾ ਕੋਈ ਚਲਾਨ ਨਹੀਂ ਹੋਏਗਾ, ਜੇਕਰ ਕਿਸੇ ਤੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਹ ਮਾਫ ਕਰ ਦਿੱਤੀ ਜਾਏਗੀ। ਜੇਕਰ ਕਿਸੇ ਬੰਦੇ ਤੋਂ ਕੋਈ ਪਾਪ ਹੋ ਜਾਵੇ ਤਾਂ ਉਹ ਆਪਣੇ ਸ਼ਰਧਾ ਦੇ ਧਾਰਮਿਕ ਸਥਾਨ ਤੇ ਜਾ ਕੇ ਅਗਰ ਆਪਣੇ ਰੱਬ ਅੱਗੇ ਗਲਤੀ ਮੰਨ ਲਵੇ ਅਤੇ ਅੱਗੇ ਨੂੰ ਇਹੋ ਜਿਹੀ ਗਲਤੀ ਨਾ ਕਰਨ ਦਾ ਵਾਇਦਾ ਕਰੇ ਤਾਂ ਉਸ ਦਾ ਰੱਬ ਉਸਦੀ ਉਸ ਗਲਤੀ ਨੂੰ ਮਾਫ ਕਰ ਦਿੰਦਾ ਹੈ। ਠੀਕ ਇਸੇ ਤਰ੍ਹਾਂ ਸਾਡੇ ਸਰਕਾਰ ਵੀ ਲੋਕਾਂ ਦੀਆਂ ਗਲਤੀਆਂ ਮਾਫ ਕਰ ਦੇਵੇ। ਲੋਕਾਂ ਨੂੰ ਵੱਖ ਵੱਖ ਚੀਜ਼ਾਂ ਪੈਦਾ ਕਰਨ ਵਿੱਚ ਮਿਲਾਵਟ ਕਰਨ ਲਈ ਪੂਰੀ ਛੁੱਟੀ ਹੋਏਗੀ, ਮਹਿਕਮੇ ਦੇ ਇੰਸਪੈਕਟਰਾਂ ਨੂੰ ਕੋਈ ਰਿਸ਼ਵਤ ਦੇਣ ਦੀ ਲੋੜ ਨਹੀਂ ਹੋਵੇਗੀ। ਸਾਡੀ ਪਾਰਟੀ ਕੁਆਰਿਆਂ ਦਾ ਵਿਸ਼ੇਸ਼ ਧਿਆਨ ਰੱਖੇਗੀ। ਸਾਡੇ ਦੇਸ਼ ਵਿੱਚ ਲਿੰਗ ਅਨੁਪਾਤ ਔਰਤਾਂ ਦੇ ਖਿਲਾਫ ਹੈ ਅਰਥਾਤ ਇਥੇ ਆਦਮੀ ਜਿਆਦਾ ਹਨ ਅਤੇ ਔਰਤਾਂ ਘੱਟ ਹਨ। ਇਸ ਕਰਕੇ ਮੁੰਡਿਆਂ ਵਾਸਤੇ ਵਿਆਹ ਕਰਾਉਣ ਵਾਲੀਆਂ ਕੁੜੀਆਂ ਨਹੀਂ ਮਿਲਦੀਆਂ। ਕਈ ਵਾਰ ਤਾਂ ਆਪਣੇ ਇਲਾਕੇ ਵਿੱਚ ਕੋਈ ਚੱਜ ਦੀ ਕੁੜੀ ਨਹੀਂ ਮਿਲਦੀ ਇਸੇ ਕਰਕੇ ਦੂਜੇ ਪ੍ਰਾਂਤਾਂ ਵਿੱਚੋਂ ਕੁੜੀਆਂ ਖਰੀਦ ਕੇ ਉਹਨਾਂ ਦੇ ਨਾਲ ਘਰ ਵਸਾਇਆ ਜਾਂਦਾ ਹੈ। ਸਾਡੀ ਪਾਰਟੀ ਸਾਰੇ ਮੁੰਡਿਆਂ ਦਾ ਵਿਆਹ ਕਰਾਉਣ ਦੀ ਗਰੰਟੀ ਦਿੰਦੀ ਹੈ ਚਾਹੇ ਉਹ ਕੋਈ ਕੰਮ ਕਰ ਸਕਦੇ ਹੋਣ ਜਾਂ ਬੇਕਾਰ ਹੋਣ। ਸਾਨੂੰ ਉਮੀਦ ਹੈ ਕਿ ਸਾਡੇ ਇਸ ਇਲੈਕਸ਼ਨ ਮੈਨੀਫੈਸਟੋ ਦਾ ਸਾਨੂੰ ਬਹੁਤ ਫਾਇਦਾ ਹੋਵੇਗਾ। ਸਾਨੂੰ ਇਹ ਪਤਾ ਹੈ ਕਿ ਲੋਕਾਂ ਨੂੰ ਗੱਡੀਆਂ ਚਲਾਉਣ ਦੇ ਸਮੇਂ ਬਹੁਤ ਜਿਆਦਾ ਟੋਲ ਟੈਕਸ ਦੇਣਾ ਪੈਂਦਾ ਹੈ। ਜੇਕਰ ਸਾਡੀ ਸਰਕਾਰ ਆਈ ਤਾਂ ਅਸੀਂ ਟੋਲ ਟੈਕਸ ਬਿਲਕੁਲ ਮਾਫ ਕਰ ਦਿਆਂਗੇ ਅਤੇ ਸੜਕਾਂ ਵਿੱਚ ਬਹੁਤ ਜਿਆਦਾ ਸੁਧਾਰ ਕਰ ਦਿੱਤਾ ਜਾਏਗਾ।\ਲੋਕਾਂ ਨੂੰ ਆਪਣੇ ਕੋਲ ਜਿੰਨੀ ਵੀ ਬਲੈਕ ਮਨੀ ਉਹ ਰੱਖਣਾ ਚਾਹੁਣ ਰੱਖ ਸਕਦੇ ਹਨ। ਕੋਈ ਪਾਬੰਦੀ ਨਹੀਂ ਹੋਏਗੀ। ਕੋਈ ਛਾਪੇ ਨਹੀਂ ਪੈਣਗੇ। ਕੋਈ ਇਨਕਮ ਟੈਕਸ ਦਾ ਨੋਟਿਸ ਨਹੀਂ ਆਏਗਾ। ਜਦੋਂ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸਾਰੀਆਂ ਸਰਕਾਰਾਂ ਬਲੈਕ ਮਨੀ ਨੂੰ ਖਤਮ ਕਰਨ ਦਾ ਵਾਇਦਾ ਕਰਦੀਆਂ ਰਹੀਆਂ ਹਨ ਅਤੇ ਉਸਦੇ ਬਾਵਜੂਦ ਵੀ ਬਲੈਕ ਪਾਣੀ ਖਤਮ ਨਹੀਂ ਹੋਈ ਤਾਂ ਇਸ ਗੱਲ ਨੂੰ ਧਿਆਨ ਨੂੰ ਰੱਖਦੇ ਹੋਏ ਸਾਡੇ ਪਾਰਟੀ ਨੇ ਲੋਕਾਂ ਨੂੰ ਆਪਣੀ ਹੈਸੀਅਤ ਦੇ ਮੁਤਾਬਿਕ ਜਿੰਨੀ ਵੀ ਬਲੈਕ ਮਨੀ ਉਹ ਰੱਖਣਾ ਚਾਹੁਣ ਰੱਖਣ ਦੀ ਪੂਰੀ ਆਜ਼ਾਦੀ ਦਿੱਤੀ ਜਾਏਗੀ। ਜਿੰਨੇ ਵੀ ਸਜ਼ਾ ਜਾਫਤਾ ਲੋਕ ਹਨ ਉਹਨਾਂ ਨੂੰ ਅਸੀਂ ਆਪਣੀ ਪਾਰਟੀ ਵਿੱਚ ਮਿਲਾਵਾਂਗੇ ਤਾਂ ਜੋ ਉਹ ਮੇਨ ਸਟਰੀਮ ਵਿੱਚ ਸ਼ਾਮਿਲ ਹੋ ਕੇ ਲੋਕਾਂ ਦੀ ਸੇਵਾ ਕਰ ਸਕਣ ਅਤੇ ਉਹਨਾਂ ਤੇ ਜੇਲ ਜਾਣ ਦਾ ਕਲੰਕ ਦਾ ਧੱਬਾ ਹਟ ਸਕੇ। ਸਾਡੀ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਜਰੂਰਤ ਵੀ ਜਿਆਦਾ ਤਨਖਾਹ ਦੇਵੇਗੀ ਤਾਂ ਜੋ ਉਹਨਾਂ ਨੂੰ ਘਰ ਬਾਰ ਚਰਾਉਣ ਵਾਸਤੇ ਕੋਈ ਤਕਲੀਫ ਨਾ ਹੋਵੇ। ਸਾਡੀ ਇਸ ਸਹੂਲਤ ਨਾਲ ਮੁਲਾਜ਼ਮਾਂ ਦੀ ਸਰਕਾਰੀ ਕੰਮ ਨੂੰ ਨਿਪਟਾਣ ਵਿੱਚ ਨਿਪੁਣਤਾ ਵਿੱਚ ਵਾਧਾ ਹੋਏਗਾ। ਸਾਡੀ ਸਰਕਾਰ ਵਿਦਿਆਰਥੀਆਂ ਨੂੰ ਦਾਖਲਾ ਲੈਣ ਦੇ ਸਮੇਂ ਹੀ ਨੌਕਰੀ ਦੀ ਗਰੰਟੀ ਦੇਵੇਗੀ ਅਤੇ ਉਹਨਾਂ ਨੂੰ ਬੇਕਾਰ ਨਹੀਂ ਰਹਿਣ ਦੇਵੇਗੀ। ਪੜਾਈ ਪੂਰੀ ਕਰਨ ਤੋਂ ਬਾਅਦ ਜਿਹੜੀ ਨੌਕਰੀ ਉਹਨਾਂ ਨੂੰ ਮਿਲਣੀ ਹੈ ਉਸ ਦਾ ਅੱਧਾ ਹਿੱਸਾ ਉਹਨਾਂ ਨੂੰ ਪੜਾਈ ਦੇ ਦਰਮਿਆਨ ਮਿਲਦਾ ਰਹੇਗਾ ਤਾਂ ਜੋ ਪੜ੍ਹਾਈ ਤੇ ਖਰਚੇ ਦਾ ਬੋਝ ਉਹਨਾਂ ਦੇ ਮਾਪਿਆਂ ਤੇ ਨਾ ਪਵੇ। ਅਸੀਂ ਲੋਕ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿਆਂਗੇ, ਵੱਡੇ ਵੱਡੇ ਉਦੋਗਪਤੀਆਂ ਨੂੰ ਬੈਂਕਾਂ ਤੋਂ ਉਧਾਰ ਲੈ ਕੇ ਵਿਦੇਸ਼ਾਂ ਵਿੱਚ ਭੱਜ ਜਾਣ ਦਾ ਵੀ ਪੂਰਾ ਮੌਕਾ ਦੇਵਾਂਗੇ ਅਤੇ ਵਰਤਮਾਨ ਸਰਕਾਰ ਦੀ ਤਰ੍ਹਾਂ ਉਹਨਾਂ ਨੂੰ ਮੁੜ ਆਪਣੇ ਦੇਸ਼ ਵਿੱਚ ਲਿਆ ਕੇ ਮੁਕਤਮਾ ਚਲਾਉਣ ਦਾ ਡਰਾਮਾ ਨਹੀ ਰਚਾਂਗੇ। ਸਾਡੇ ਇਸ ਇਲੈਕਸ਼ਨ ਮੈਨੀਫੈਸਟੋ ਦੇ ਮੁਤਾਬਿਕ ਸਾਨੂੰ ਵੱਖ ਵੱਖ ਰਾਜਾਂ ਅਤੇ ਕੇਂਦਰ ਵਿੱਚ ਆਪਣੇ ਅਲਗ ਕਿਸਮ ਦੀ ਸਰਕਾਰ ਬਣਾਉਣ ਦੀ ਪੂਰੀ ਉਮੀਦ ਹੈ। ਸਾਡੀ ਪਾਰਟੀ ਦਾ ਭਵਿੱਖ ਬਹੁਤ ਉਜਵਲ ਹੈ। ਤਾਂ ਫਿਰ ਗੱਜ ਕੇ ਬੋਲੋ,,, ਸਭ ਕੁਝ ਮੁਫਤ ਪਾਰਟੀ,,,, ਜਿੰਦਾਬਾਦ, ਜਿੰਦਾਬਾਦ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 9045
ਰੋਹਤਕ 12 40 01 ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly