ਹਰ ਪਿੰਡ ਹੋਵੇ ਲਾਇਬ੍ਰੇਰੀ

ਜੋਬਨ ਖਹਿਰਾ

(ਸਮਾਜ ਵੀਕਲੀ)-ਹਰ ਪਿੰਡ ਸ਼ਹਿਰ ਅੱਜ ਦੋ ਜਾਂ ਦੋ ਤੋਂ ਜ਼ਿਆਦਾ ਗੁਰੂਦੁਆਰਾ ਸਾਹਿਬ ਹੋਣਗੇ, ਦੋ ਜਾਂ ਵੱਧ ਸ਼ਮਸ਼ਾਨ ਘਾਟ ਹੋਣਗੇ, ਧਰਮਸ਼ਾਲਾਵਾਂ ਹੋਣਗੀਆਂ, ਡੇਰੇ ਜਾਂ ਹੋਰ ਧਾਰਮਿਕ ਜਗਾਵਾਂ ਹੋਣਗੀਆਂ, ਖੂਹ ਟੋਭੇ ਹੋਣਗੇ, ਮੌੜ ਗਲੀਆਂ ਸੂਏ ਕੱਸੀਆਂ ਹੋਣਗੀਆਂ, ਨਸ਼ਾ ਕਰਨ ਜਾਂ ਵੇਚਣ ਲਈ ਬਣੇ ਅੱਡੇ ਹੋਣਗੇ, ਠੇਕੇ ਹੋਣਗੇ, ਪਰ ਪੜ੍ਹਨ ਲਈ ਲਾਇਬ੍ਰੇਰੀ ਨਹੀਂ ਹੋਵੇਗੀ।
ਜਦਕਿ ਮੌਜੂਦਾ ਸਮੇਂ “ਕਿਤਾਬ ਘਰ” ਹੋਣਾ ਸਮੇਂ ਦੀ ਮੁੱਖ ਲੋੜ ਹੈ। ਨੌਜਵਾਨ ਗਲਤਾਨ ਹੋ ਰਹੇ ਹਨ, ਨਸ਼ੇ ਕਰ ਰਹੇ ਹਨ, ਪੁੱਠੇ ਸਿੱਧੇ ਕੰਮਾਂ ਵੱਲ ਸਮਾਂ ਲੱਗਾ ਰਹੇ ਨੇ ਪਰ ਮੁੱਢਲੀ ਲੋੜ ਪੜਾਈ ਤੋਂ ਜਵਾਂ ਬਾਂਝੇ ਹੋ ਕੇ ਬੈਠ ਗਏ ਹਨ।
ਹਰ ਪਿੰਡ ਜੇ ਲਾਇਬ੍ਰੇਰੀ ਹੋਵੇਗੀ ਤਾਂ ਕਦੇ ਨਾ ਕਦੇ ਕੋਈ ਉੱਥੇ ਜਾਵੇਗਾ ਹੀ, ਕਿਤਾਬ ਚੁੱਕੇਗਾ ਹੀ, ਇੱਕ ਦੋ ਅੱਖਰ ਪੜ੍ਹੇਗਾ ਹੀ, ਪਤਾ ਨੀ ਕਿਸ ਸ਼ਬਦ ਨੇ ਕਿਸੇ ਦੀ ਜ਼ਿੰਦਗੀ ‘ਚ ਬਦਲਾਅ ਲੈ ਆਉਣਾ। ਪੰਜਾਹ ਨੀ ਤਾਂ ਪੰਜ ਤਾਂ ਜਾਣਗੇ ਹੀ ਲਾਇਬ੍ਰੇਰੀ, ਉਨ੍ਹਾਂ ਪੰਜਾਂ ‘ਚੋ ਕੋਈ ਇੱਕ ਤਾਂ ਮਾਸਟਰ, ਡਾਕਟਰ, ਇੰਜਨੀਅਰ, ਪੱਤਰਕਾਰ, ਕਲਾਕਾਰ, ਅਫ਼ਸਰ ਤਾਂ ਜ਼ਰੂਰ ਬਣੇਗਾ, ਅਗਰ ਉਹ ਇੱਕ ਵੀ ਨਸ਼ੇ ਕਰਨ ਦੀ ਜਗ੍ਹਾ ਕਿਤਾਬਾਂ ਲੜ੍ਹ ਲੱਗ ਕੇ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕਰ ਦੇਵੇ ਤਾਂ ਸਮਝੋ ਤੁਹਾਡੇ ਪਿੰਡ ਲਾਇਬ੍ਰੇਰੀ ਦਾ ਮੁੱਲ ਪੈ ਗਿਆ।
ਯਕੀਨ ਮੰਨੋ ਕਿਤਾਬਾਂ ਪੜ੍ਹ ਕੇ ਬੰਦਾ ਪੁਲਾਂਘ ਅਗਾਂਹ ਨੂੰ ਹੀ ਪੁੱਟੇਗਾ ਪਿਛਾਂਹ ਨੂੰ ਨਹੀਂ।
ਬਾਹਰ ਦੇਸ਼ਾਂ ‘ਚ ਬੈਠੇ ਪੰਜਾਬ ਪ੍ਰੇਮੀਆਂ ਅਤੇ ਪੰਜਾਬ ‘ਚ ਹੀ ਬੈਠੇ ਪੰਜਾਬ ਲਈ ਚਾਰ ਪੈਸੇ ਖਰਚਣ ਵਾਲਿਆਂ ਨੂੰ ਵੀ ਅਰਜ਼ ਹੈ ਕਿ ਬਹੁਤ ਬਣ ਗਏ ਧਾਰਮਿਕ ਅਸਥਾਨ, ਬਹੁਤ ਲੰਗਰ ਪ੍ਰਸ਼ਾਦੇ ਛਕਾ ਲੈ , ਬਹੁਤ ਮੜੀਆਂ ਮਸਾਣਾਂ ਨੂੰ ਚਮਕਾ ਲਿਆ, ਬਥੇਰੇ ਹੋਰ ਪੁੱਠੇ ਸਿੱਧੇ ਰਾਹੇ ਪੈਸੇ ਖਰਚ ਲੈ, ਜੇ ਇਹਨਾਂ ਸਭ ਜਗ੍ਹਾ ਪੈਸਾ ਖਰਚ ਕੇ ਸਮਾਜ ਦਾ ਭਲਾ ਹੁੰਦਾ ਹੁੰਦਾ ਤਾਂ ਅੱਜ ਇੱਕ ਵੀ ਕਤਲ, ਬਲਾਤਕਾਰ, ਲੁੱਟ ਖੋਹ ਚੋਰੀ ਨਾ ਹੁੰਦੀ।
ਸੋ ਹੁਣ ਲੋੜ ਆ ਸਮਾਜ ਨੂੰ ਪੜਿਆ-ਲਿਖਿਆ ਬਣਾਉਣ ਦੀ, ਸਿੱਖ ਇਤਿਹਾਸ, ਗਲੋਬਲ ਲਿਟਰੇਚਰ, ਕਹਾਣੀਆਂ ਕਿੱਸੇ, ਵੰਨਗੀਆਂ, ਨਾਵਲ, ਲੇਖ, ਸ਼ਿਵ, ਪਾਤਰ, ਉਦਾਸੀ, ਪਾਸ, ਅੰਮ੍ਰਿਤਾ ਪ੍ਰੀਤਮ ਪੜਾਉਣ ਦੀ, ਸਿੱਖ ਰਾਜ ਕਿਵੇਂ ਗਿਆ, ਕਾਮਾਗਾਟਾਮਾਰੂ, ਮਹਾਰਾਣੀ ਜ਼ਿੰਦ ਕੌਰ, ਨਵੇਂ ਪੁਰਾਣੇ ਸਾਹਿਤਕਾਰਾਂ ਦੀਆਂ ਕਿਤਾਬਾਂ ਪੜਾਉਣ ਦੀ,
ਦੇਖਣਾ ਕਿਤਾਬਾਂ ਪੜ੍ਹਨ ਦਾ ਨਸ਼ਾ ਹੋਰਨਾਂ ਨਸ਼ਿਆਂ ਉੱਤੇ ਕਿਵੇਂ ਭਾਰੂ ਪੈਂਦਾ।

ਜੋਬਨ ਖਹਿਰਾ
8872902023

Previous articleकिसान मिले सांसद संगीता आजाद से, सांसद ने सदन में किसानों का पक्ष रखने का दिया आश्वासन
Next article“ਪਿਤਾ ਦਿਵਸ ਮਨਾਉਣਾ ਸਾਡਾ ਸੱਭਿਆਚਾਰ ਨਹੀਂ ਪਿਤਾ ਪੁਰਖੀ ਹੋਣਾ ਸਾਡਾ ਵਿਰਸਾ ਹੈ”