ਹਰ ਦਮ ਮੰਗਾਂ ਖੈਰਾਂ

(ਸਮਾਜ ਵੀਕਲੀ)

ਵੱਸਦਾ ਰਹੇ ਉਹ ਨੱਗਰ ਖੇੜਾ,
ਜਿੱਥੇ ਵੱਸਦਾ ਟੱਬਰ ਮੇਰਾ,
ਔਂਦਾ ਰਹਿੰਦਾ ਮੋਹ ਬਥੇਰਾ,
ਸੀਨੇ ਦੇ ਵਿੱਚ ਹਰ ਦਮ ਭਾਵੇਂ ਵੱਖੋ ਵੱਖ ਨੇ ਠਹਿਰਾਂ,
ਅੱਖੋਂ ਓਹਲੇ ਵਸੇ ਪੰਜਾਬ ਦੀਆਂ ਮੈਂ ਹਰ ਦਮ ਮੰਗਾਂ ਖੈਰਾਂ।

ਵੱਸਦੇ ਰਹਿਣ ਸਦਾ ਉਹ ਪਿੱਪਲ ਬੋਹੜ ਧਰੇਕਾਂ,
ਨਿੱਤ ਸੁਪਨੇ ਵਿੱਚ ਕਰ ਦਰਸ਼ਨ ਸੌ ਸੌ ਮੱਥੇ ਟੇਕਾਂ,
ਜਿੰਨਾ ਥੱਲੇ ਕੱਢੀਆਂ ਸੀ ਕਦੇ ਤੱਤੀਆਂ ਸਿਖ਼ਰ ਦੁਪਹਿਰਾਂ,
ਅੱਖੋਂ ਓਹਲੇ ਵਸੇ ਪੰਜਾਬ ਦੀਆਂ ਮੈਂ ਹਰ ਦਮ ਮੰਗਾਂ ਖੈਰਾਂ।

ਕਦੇ ਸਦਾ ਵਾਸਤੇ ਹੋਣ ਨਾਂ ਊਣੇ ਉਹ ਛੱਪੜ ਟੋਭੇ,
ਸੋਕੇ ਵਾਲੀਆਂ ਪੈਣ ਨਾਂ ਮਾਰਾਂ ਬੰਦ ਹੋਵਣ ਨਾਂ ਮੋਘੇ,
ਉਸ ਧਰਤੀ ਤੇ ਰਹਿਣ ਵਗਦੀਆਂ ਸੂਏ ਕੱਸੀਆਂ ਨਹਿਰਾਂ,
ਅੱਖੋਂ ਓਹਲੇ ਵਸੇ ਪੰਜਾਬ ਦੀਆਂ ਮੈਂ ਹਰ ਦਮ ਮੰਗਾਂ ਖੈਰਾਂ।

ਹੋਣ ਬਰਕਤਾਂ ਉਸ ਧਰਤੀ ਤੇ ਜਦ ਕੋਈ ਅੰਨ ਉਗਾਵੇ,
ਕੋਈ ਕਿਸੇ ਟਾਇਮ ਨਾਂ ਬੈਠੇ ਥੁੜ ਕੇ ਰੱਜਵੀਂ ਰੋਟੀ ਖਾਵੇ,
ਮਾਲ ਡੰਗਰ ਵਿੱਚ ਹੋਵਣ ਵਾਧੇ ਬੱਝੀਆਂ ਰਹਿਣ ਹੀ ਲਹਿਰਾਂ,
ਅੱਖੋਂ ਓਹਲੇ ਵਸੇ ਪੰਜਾਬ ਦੀਆਂ ਮੈਂ ਹਰ ਦਮ ਮੰਗਾਂ ਖੈਰਾਂ।

ਜੀਅ ਕਰਦਾ ਇਕਬਾਲ ਮੈਂ ਜਾਵਾਂ ਛੇਤੀ ਮਾਰ ਉਡਾਰੀ,
ਇਸ ਧਰਤੀ ਤੇ ਵਾਂਗੂੰ ਉਹ ਵੀ ਲੱਗਦੀ ਬਹੁਤ ਪਿਆਰੀ,
ਧਾਲੀਵਾਲਾ ਕਰਾਂ ਰੱਜ ਰੱਜ ਗੱਲਾਂ ਮੈਂ ਚੜਦੇ ਛਿਪਦੇ ਪਹਿਰਾਂ,
ਅੱਖੋਂ ਓਹਲੇ ਵਸੇ ਪੰਜਾਬ ਦੀਆਂ ਮੈਂ ਹਰ ਦਮ ਮੰਗਾਂ ਖੈਰਾਂ।

ਇਕਬਾਲ ਧਾਲੀਵਾਲ
9464909589
ਪਿੰਡ ‌ਸਰਾਏ‌‌ ਨਾਗਾ
ਜ਼ਿਲਾ ਸ੍ਰੀ ਮੁਕੱਤਸਰ ਸਹਿਬ।

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਵਾਰਾ ਪਸ਼ੂਆਂ ਦਾ ਹੱਲ ?
Next articleਉੱਲੂ ਆਕਾ