ਹਰ ਦਿਨ ਹੈ ਔਰਤ ਦੀ ਅਹਿਮੀਅਤ

( ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ )
ਘਰ ਦਾ ਸ਼ਿੰਗਾਰ ਹੈ ਔਰਤ, ਕੁਦਰਤ ਦੀ ਸੌਗਾਤ ਹੈ ਔਰਤ, ਔਰਤ ਬਿਨ ਸੁੰਨਾ ਹੈ ਘਰ,ਜੀਵਨ ਦੀ ਹਰ ਪ੍ਰਭਾਤ ਹੈ ਔਰਤ।
ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਕਹਿੰਦੇ ਹਨ “ਜਿਸ ਘਰ ਔਰਤ ਨਹੀਂ, ਉਹ ਘਰ, ਘਰ ਨਹੀਂ।” ਔਰਤ ਹਰੇਕ ਘਰ ਦੀ ਸ਼ੋਭਾ, ਰੌਣਕ, ਅਤੇ ਰੂਹ ਹੁੰਦੀ ਹੈ। ਉਹ ਚਾਹੇ ਮਾਂ, ਧੀ, ਭੈਣ ਜਾਂ ਪਤਨੀ ਦੇ ਰੂਪ ‘ਚ ਹੋਵੇ, ਘਰ ਨੂੰ ਸੱਚਮੁੱਚ ਸਵਰਗ ਬਣਾਉਂਦੀ ਹੈ। ਉਸਦੇ ਬਿਨਾਂ ਇਹ ਸੰਸਾਰ ਅਧੂਰਾ ਅਤੇ ਬੇਰੰਗੀ ਹੋ ਜਾਂਦਾ। ਇੱਕ ਔਰਤ ਹੀ ਮਨੁੱਖ ਨੂੰ ਜੀਵਨ ਦਿੰਦੀ ਹੈ, ਮਾਂ ਬਣ ਕੇ ਉਸ ਨੂੰ ਪਿਆਰ ਅਤੇ ਮਿਲਣਵਰਤਣ ਦੀ ਨਵੀਂ ਪਰਿਭਾਸ਼ਾ ਸਮਜਾਉਂਦੀ ਹੈ।ਸਮਾਜਿਕ ਰੂਪ ਵਿੱਚ ਔਰਤਾਂ ਨੂੰ ਹਮੇਸ਼ਾ ਤੋਂ ਸੱਭਿਆਚਾਰ ਅਤੇ ਆਰਥਿਕ ਤੰਤਰ ‘ਚ ਮਹੱਤਵਪੂਰਨ ਯੋਗਦਾਨ ਪਾਉਣ ਦੇ ਬਾਵਜੂਦ ਵੀ ਹਰੇਕ ਪੜਾਅ ‘ਚ ਦਬਾਇਆ ਗਿਆ। ਉਨ੍ਹਾਂ ਉੱਤੇ ਅਤਿਆਚਾਰ ਹੋਏ ਅਤੇ ਉਨ੍ਹਾਂ ਦੇ ਹੱਕਾਂ ਨੂੰ ਅਣਗੌਲਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਉਹ ਹਮੇਸ਼ਾ ਮਜ਼ਬੂਤੀ ਨਾਲ ਉਭਰ ਕੇ ਸਾਹਮਣੇ ਆਈਆਂ ਹੈ। ਅੱਜ ਦੀ ਔਰਤ ਕੌਮਾਂਤਰੀ ਪੱਧਰ ‘ਤੇ ਖੇਡਾਂ, ਸਿਆਸਤ, ਵਿਗਿਆਨ, ਸਿਹਤ ਤੋਂ ਇਲਾਵਾਂ ਹਰ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੀ ਹੈ। ਜੇਕਰ ਅਸੀਂ ਆਪਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਅਸੀਂ ਦੇਖਦੇ ਹਾਂ ਕਿ ਮਾਤਾ ਭਾਗ ਕੌਰ ਅਤੇ ਰਾਣੀ ਝਾਂਸੀ ਵਰਗੀਆਂ ਮਹਿਲਾਵਾਂ ਨੇ ਇੱਕ ਮਜ਼ਬੂਤ ਰਾਹ ਬਣਾਇਆ। ਉਨ੍ਹਾਂ ਨੇ ਦੱਸਿਆ ਕਿ ਔਰਤ ਮਾਤਰ ਘਰ ਸਾਂਭਣ ਲਈ ਹੀ ਨਹੀਂ, ਸਗੋਂ ਉਹ ਮੈਦਾਨ-ਏ-ਜੰਗ ਵਿੱਚ ਵੀ ਮਰਦਾਂ ਦੇ ਬਰਾਬਰ ਖੜ੍ਹੀ ਹੋ ਸਕਦੀ ਹੈ। ਅੱਜ ਭਾਰਤ ਦੀ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਵੀ ਇਕ ਔਰਤ ਹੈ। ਮਦਰ ਟਰੇਸਾ, ਕਲਪਨਾ ਚਾਵਲਾ, ਅਤੇ ਡਾ. ਇੰਦਰਜੀਤ ਕੌਰ (ਪਿੰਗਲਵਾੜਾ) ਵਰਗੀਆਂ ਹਸਤੀਆਂ ਨੇ ਆਪਣੇ ਬੇਮਿਸਾਲ ਯੋਗਦਾਨ ਨਾਲ ਸਾਬਤ ਕਰ ਦਿੱਤਾ ਕਿ ਜੇਕਰ ਔਰਤ ਨੂੰ ਸਹੀ ਮੌਕੇ ਮਿਲਣ ਤਾਂ ਉਹ ਮਨੁੱਖੀ ਸੇਵਾ ਦੇ ਨਾਲ-ਨਾਲ ਅੰਬਰਾਂ ਤਕ ਵੀ ਉਡਾਣ ਭਰ ਸਕਦੀ ਹੈ। ਪੰਜਾਬੀ ਸਾਹਿਤ ਦੀ ਦੁਨੀਆਂ ਵਿੱਚ ਅੰਮ੍ਰਿਤਾ ਪ੍ਰੀਤਮ ਅਤੇ ਦਲੀਪ ਕੌਰ ਟਿਵਾਣਾ ਵਰਗੀਆਂ ਲੇਖਿਕਾਵਾਂ ਨੇ ਆਪਣੀ ਅਮਿੱਟ ਛਾਪ ਛੱਡੀ। ਗਾਇਕੀ ਵਿੱਚ ਸੁਰਿੰਦਰ ਕੌਰ ਅਤੇ ਲਤਾ ਮੰਗੇਸ਼ਕਰ ਜਹੀਆਂ ਗਾਇਕਾਵਾਂ ਨੇ ਆਪਣੇ ਸੰਗੀਤਕ ਸੁਰੀਲੇ ਸੁਰਾਂ ਨਾਲ ਸੰਸਾਰ ਨੂੰ ਮੋਹ ਲਿਆ। ਫਿਲਮ ਜਗਤ ‘ਚ ਬੇਬੇ ਨਿਰਮਲ ਰਿਸ਼ੀ ਵਰਗੀਆਂ ਹਸਤੀਆਂ ਨੇ ਲੋਕਾਂ ਦੇ ਦਿਲਾਂ ‘ਚ ਆਪਣੀ ਵਖਰੀ ਪਛਾਣ ਬਣਾਈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਔਰਤਾਂ ਬੰਦਿਆਂ ਨਾਲੋਂ ਅੱਗੇ ਵੱਧ ਰਹੀਆਂ ਹਨ। ਔਰਤਾਂ ਨੇ ਹਰ ਖੇਤਰ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਅਤੇ ਹੁਣ ਉਨ੍ਹਾਂ ਖੇਤਰਾਂ ਵਿੱਚ ਵੀ ਸਫ਼ਲਤਾ ਹਾਸਲ ਕਰ ਰਹੀਆਂ ਹਨ ਜਿੱਥੇ ਕਦੇ ਔਰਤਾਂ ਨੇ ਪ੍ਰਵੇਸ਼ ਹੀ ਨਹੀਂ ਕੀਤਾ ਸੀ।  ਹਰੇਕ ਸਾਲ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਜੋ ਕਿ ਔਰਤਾਂ ਦੀ ਮਹਿਮਾ ਗਾਉਣ ਅਤੇ ਉਨ੍ਹਾਂ ਦੇ ਹੱਕਾਂ ਦੀ ਪਛਾਣ ਕਰਨ ਲਈ ਮਹੱਤਵ ਰੱਖਦਾ ਹੈ। ਪਰ ਕੀ ਸਿਰਫ਼ ਇੱਕ ਦਿਨ ਹੀ ਔਰਤ ਦੀ ਮਹੱਤਤਾ ਦਰਸਾਉਣ ਲਈ ਕਾਫ਼ੀ ਹੈ। ਜਦਕਿ ਸੱਚਾਈ ਇਹ ਹੈ ਕਿ ਔਰਤ ਬਿਨਾਂ ਤਾਂ ਕੋਈ ਦਿਨ ਹੀ ਨਹੀਂ ਤੇ ਕੋਈ ਸੰਸਾਰ ਵੀ ਨਹੀਂ। ਸਮਾਜ ਵਿੱਚ ਅੱਜ ਵੀ ਔਰਤਾਂ ਖਿਲਾਫ਼ ਹੋ ਰਹੇ ਅਨਿਆਏ ਅਤੇ ਭੇਦਭਾਵ ਨੂੰ ਦੂਰ ਕਰਨ ਦੀ ਬਹੁਤ ਲੋੜ ਹੈ। ਜਦੋਂ ਤਕ ਅਸੀਂ ਔਰਤ ਨੂੰ ਉਸਦਾ ਬਣਦਾ ਹੱਕ , ਮਾਣ-ਸਨਮਾਨ, ਸਤਿਕਾਰ ਨਹੀਂ ਦਿੰਦੇ ਤਦੋਂ ਤਕ ਅਸੀਂ ਇੱਕ ਵਿਕਸਤ ਸਮਾਜ ਦੀ ਕਲਪਨਾ ਨਹੀਂ ਕਰ ਸਕਦੇ। ਔਰਤ ਨਾ ਸਿਰਫ਼ ਇੱਕ ਜੀਵਨ-ਦਾਤਰੀ ਹੈ, ਸਗੋਂ ਉਹ ਸਮਾਜ ਦੇ ਬਾਗ਼ ਵਿੱਚ ਮਹਿਕਦਾ ਇਕ ਅਜਿਹਾ ਫੁੱਲ ਹੈ ਜੋਕਿ ਦੋ ਪਰਿਵਾਰਾਂ ਨੂੰ ਆਪਸ ‘ਚ  ਜੋੜ ਵੀ ਰਿਹਾ ਹੈ। ਜਿੱਥੇ ਔਰਤਾਂ ਦੀ ਇੱਜ਼ਤ ਹੁੰਦੀ ਹੈ, ਉੱਥੇ ਹੀ ਸਮਾਜ ਉੱਚਾਈਆਂ ਨੂੰ ਛੂਹੰਦਾ ਹੈ। ਇਸ ਲਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝਾਉਣਾ ਅਤੇ ਔਰਤਾਂ ਨੂੰ ਉਹਨਾਂ ਦੇ ਸਾਰੇ ਹੱਕ, ਆਜ਼ਾਦੀ ਅਤੇ ਮਾਣ-ਮਰਿਆਦਾ ਦੇਣਾ ਹੀ ਸਾਡੇ ਵਲੋਂ ਮਹਿਲਾ ਦਿਵਸ ਮੌਕੇ ਸਭ ਤੋਂ ਵੱਡੀ ਭੇਂਟ ਹੋ ਸਕਦੀ ਹੈ।

 ਬਲਦੇਵ ਸਿੰਘ ਬੇਦੀ ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ
Next articleਏਕ ਜੋਤ ਵਿਕਲਾਂਗ ਸਕੂਲ ਲਈ ਸ੍ਰ: ਚਰਨਜੀਤ ਸਿੰਘ ਸਹੋਤਾ ਨੇ ਇੱਕ ਲੱਖ ਰੁਪਏ ਦਾਨ ਦਿੱਤਾ