(ਸਮਾਜ ਵੀਕਲੀ)
ਸਾਹਿਤਕਾਰ ਵੱਡੇ ਛੋਟੇ ਨਹੀਂ ਹੁੰਦੇ।ਉਹ ਸਿਰਫ਼ ਸਾਹਿਤਕਾਰ ਹੁੰਦੇ ਹਨ।ਸਾਹਿਤ ਦੀ ਰਚਨਾ ਮਿਣਤੀਆਂ ਵਿੱਚ ਨਹੀਂ ਹੁੰਦੀ।ਹਰ ਸਾਹਿਤਕਾਰ ਆਪਣੇ ਅੰਦਾਜ਼ ਨਾਲ ਲਿਖਦਾ ਹੈ ਤੇ ਇਹ ਅੰਦਾਜ਼ੇ ਬਿਆਂ ਹੀ ਉਸ ਨੂੰ ਬਾਕੀਆਂ ਤੋਂ ਵੱਖਰਾ ਕਰਦਾ ਹੈ।ਅਸੀਂ ਇਹ ਨਹੀਂ ਕਹਿ ਸਕਦੀ ਕਿ ਕਿਸੇ ਦਾ ਰਚਿਆ ਸਾਹਿਤ ਜ਼ਿਆਦਾ ਪ੍ਰਭਾਵ ਪਾਉਂਦਾ ਹੈ ਤੇ ਕਿਸੇ ਦਾ ਘੱਟ।ਸਾਹਿਤ ਦੀ ਹਰ ਵਿਧਾ ਦਾ ਆਪਣਾ ਪ੍ਰਭਾਵ ਹੈ ਅਤੇ ਹਰ ਰਚਨਾ ਦਾ ਆਪਣਾ ਪ੍ਰਭਾਵ।ਹਰ ਪਾਠਕ ਆਪਣੇ ਹਿਸਾਬ ਨਾਲ ਰਚਨਾਵਾਂ ਨੂੰ ਪਸੰਦ ਕਰਦਾ ਹੈ।ਪਾਠਕਾਂ ਦੀ ਵੀ ਆਪਣੀ ਆਪਣੀ ਪਸੰਦ ਹੁੰਦੀ ਹੈ।ਸਾਹਿਤ ਦੀ ਹਰ ਵਿਧਾ ਕਿਸੇ ਨਾ ਕਿਸੇ ਵਰਗ ਨੂੰ ਪ੍ਰਭਾਵਿਤ ਕਰਦੀ ਹੈ।
ਕਵਿਤਾ ਦੇ ਹਜ਼ਾਰਾਂ ਰੰਗ ਹਨ।ਕਹਾਣੀਆਂ ਕਈ ਕਿਸਮ ਦੀਆਂ ਹੁੰਦੀਆਂ ਹਨ ।ਕਿਸੇ ਨੂੰ ਹਾਸਰਸ ਪਸੰਦ ਹੈ ਕਿਸੇ ਨੂੰ ਵੀਰਰਸ ਤੇ ਕਿਸੇ ਨੂੰ ਸੁੰਦਰਤਾ ਦਾ ਬਖਾਨ।ਕੋਈ ਉਪਰਲੀ ਸਤਾ ਤੇ ਪੜ੍ਹ ਕੇ ਖ਼ੁਸ਼ ਰਹਿੰਦਾ ਹੈ ਕੋਈ ਗਹਿਰਾ ਉਤਰ ਜਾਣਾ ਚਾਹੁੰਦਾ ਹੈ।ਕਿਸੇ ਮੌਕੇ ਗ਼ਮਗੀਨ ਸਾਹਿਤ ਚੰਗਾ ਲੱਗਦਾ ਹੈ ਕਿਸੇ ਵੇਲੇ ਖੁਸ਼ਨੁਮਾ।ਕਈ ਵਾਰ ਜ਼ਿੰਦਗੀ ਦੀਆਂ ਤਲਖ ਸੱਚਾਈਆਂ ਪੜ੍ਹਨ ਨੂੰ ਜੀਅ ਕਰਦਾ ਹੈ।ਕਈ ਵਾਰ ਹਲਕਾ ਫੁਲਕਾ ਸਾਹਿਤ ਅੱਛਾ ਲੱਗਦਾ ਹੈ।ਫਿਰ ਸੀ ਕਿਸੇ ਸਾਹਿਤਕਾਰ ਨੂੰ ਛੋਟਾ ਜਿਹਾ ਕਿਸੇ ਨੂੰ ਵੱਡਾ ਕਿਵੇਂ ਕਹਿ ਸਕਦੇ ਹਾਂ।ਹਰੇਕ ਦੇ ਆਪਣੇ ਪਾਠਕ ਹਨ ਜੋ ਉਸ ਨੂੰ ਪੜ੍ਹਨਾ ਪਸੰਦ ਕਰਦੇ ਹਨ।
ਕੋਈ ਐਵਾਰਡ ਕੋਈ ਇਨਾਮ ਸਾਹਿਤ ਦੇ ਗੁਣਾਂ ਨੂੰ ਨਹੀਂ ਪਛਾਣ ਸਕਦਾ।ਨਾ ਹੀ ਕਿਸੇ ਸਨਮਾਨ ਨੂੰ ਮਿਲਣ ਨਾਲ ਕੋਈ ਵੱਡਾ ਸਾਹਿਤਕਾਰ ਹੋ ਜਾਂਦਾ ਹੈ।ਸਾਹਿਤ ਦਾ ਸਿੱਧਾ ਸਬੰਧ ਪਾਠਕਾਂ ਨਾਲ ਹੈ ।ਪਾਠਕਾਂ ਦੀ ਪਸੰਦ ਹੋਣਾ ਜ਼ਰੂਰੀ ਹੈ।ਅੱਜ ਕਿਸੇ ਅਦੀਬ ਸਾਹਿਤਕਾਰਾਂ ਨਾਲ ਗੱਲ ਹੋ ਰਹੀ ਸੀ।ਉਨ੍ਹਾਂ ਕਿਹਾ ਕਿਸੇ ਬਾਰੇ ਕਿ ਓਹ ਵੱਡੇ ਸਾਹਿਤਕਾਰਾਂ ਨਾਲ ਪ੍ਰੋਗਰਾਮ ਕਰਨਾ ਲੋਚਦੇ ਹਨ ਪੁੰਗਰਦਿਆਂ ਨਾਲ ਨਹੀ। ਜ਼ਰੂਰ ਵੱਡੇ ਸਾਹਿਤਕਾਰਾਂ ਨਾਲ ਗੱਲ ਕਰੋ ਤੁਹਾਡੀ ਨਜ਼ਰ ਵਿਚ ਇਕ ਮਿਆਰ ਤੇ ਪਹੁੰਚ ਚੁੱਕੇ ਹਨ ਪਰ ਨਾਲ ਦੀ ਨਾਲ ਪੁੰਗਰਦੀਆਂ ਕਲਮਾਂ ਨੂੰ ਵੀ ਦਸ਼ਾ ਤੇ ਦਿਸ਼ਾ ਦਿਓ।ਫੌਜ ਵਿਚ ਨਵੇਂ ਅਫ਼ਸਰਾਂ ਨੂੰ ਸਹੀ ਤਰੀਕੇ ਨਾਲ ਸਭ ਕੁਝ ਸਿਖਾਉਣ ਦੇ ਏਸੀਆਰ ਵਿੱਚ ਨੰਬਰ ਹੁੰਦੇ ਹਨ।
ਇਹ ਸਭ ਕਿਤੇ ਜ਼ਰੂਰੀ ਹੈ।ਅਸੀਂ ਆਪਣੇ ਤਜਰਬਿਆਂ ਨਾਲ ਨਵੀਂ ਪੀੜ੍ਹੀ ਨੂੰ ਸਿਖਾਉਣਾ ਹੁੰਦਾ ਹੈ।ਖੁਸ਼ਕਿਸਮਤ ਨੇ ਜਿਨ੍ਹਾਂ ਨੂੰ ਕੋਈ ਰਾਹ ਦਸੇਰਾ ਮਿਲ ਜਾਂਦਾ ਹੈ।ਵੱਡਾ ਛੋਟਾ ਕੋਈ ਨਹੀਂ ਹੁੰਦਾ।ਮਨੁੱਖ ਦਾ ਨਜ਼ਰੀਆ ਹੀ ਉਸ ਨੂੰ ਵੱਡਾ ਜਾਂ ਛੋਟਾ ਬਣਾ ਦਿੰਦਾ ਹੈ।ਜੇਕਰ ਪ੍ਰਸਿੱਧੀ ਸਿਰ ਨੂੰ ਚੜ੍ਹ ਜਾਵੇ ਤਾਂ ਵੱਡਾ ਹੋ ਕੇ ਵੀ ਬੰਦਾ ਛੋਟਾ ਹੀ ਰਹਿੰਦਾ ਹੈ।ਸਾਹਿਤਕਾਰਾਂ ਦੇ ਕਈ ਗੁੱਟਾਂ ਦੀਆਂ ਲੜਾਈਆਂ ਬਾਰੇ ਸੁਣ ਕੇ ਮਨ ਬੜਾ ਪ੍ਰੇਸ਼ਾਨ ਹੁੰਦਾ ਹੈ।ਬੁੱਧੀਜੀਵੀਆਂ ਵਿੱਚ ਇਹ ਸਭ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ।ਉਹ ਤਾਂ ਸਾਡੇ ਮਾਰਗ ਦਰਸ਼ਕ ਹਨ।ਉਨ੍ਹਾਂ ਦੇ ਦੱਸੇ ਰਾਹਾਂ ਤੇ ਅਸੀਂ ਚੱਲਣਾ ਹੈ।ਸਾਹਿਤਕਾਰ ਹਉਮੈ ਦੀ ਸ਼ਿਕਾਰ ਨਹੀਂ ਹੋਣੇ ਚਾਹੀਦੇ।ਹਲੀਮੀ ਤੇ ਨਿਮਰਤਾ ਹੀ ਤਾਂ ਉਨ੍ਹਾਂ ਦੇ ਗੁਣ ਹਨ।
ਜਦੋਂ ਇਹ ਕਿਹਾ ਜਾਂਦਾ ਹੈ ਕਿ ਚੰਗਾ ਸਾਹਿਤ ਰਚਿਆ ਨਹੀਂ ਜਾ ਰਿਹਾ ਤਾਂ ਇਸ ਵਿੱਚ ਕਿਤੇ ਨਾ ਕਿਤੇ ਜ਼ਰੂਰ ਉਨ੍ਹਾਂ ਦਾ ਵੀ ਹੈ ਚੋਂ ਪੁੰਗਰਦੇ ਫੁੱਲਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਨਹੀਂ ਕਰਦੇ।ਬਹੁਤ ਜ਼ਰੂਰੀ ਹੈ ਕਿ ਨਵੀਂ ਪੀੜ੍ਹੀ ਨੂੰ ਸਹੀ ਮਾਰਗ ਦਰਸ਼ਨ ਦਿੱਤਾ ਜਾਵੇ।ਨਵੇਂ ਸਾਹਿਤਕਾਰਾਂ ਨੂੰ ਵੀ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਕੇ ਇੱਧਰ ਉੱਧਰ ਦੇ ਤਰੀਕਿਆਂ ਨਾਲ ਅੱਗੇ ਵਧਣ ਨਾਲੋਂ ਉਹ ਮਿਹਨਤ ਵੱਲ ਧਿਆਨ ਦੇਣ।ਚੰਗਾ ਸਾਹਿਤ ਪੜ੍ਹਨ ਤਾਂ ਜੋ ਚੰਗੀਆ ਰਚਨਾਵਾਂ ਲਿਖ ਸਕਣ। ਸਾਹਿਤ ਦਾ ਤਾਂ ਅਰਥੀ ਹੈ ਸਾਰਿਆਂ ਦਾ ਹਿੱਤ।ਇਸ ਨੂੰ ਧਿਆਨ ਵਿਚ ਰੱਖਦਿਆਂ ਤੇ ਆਪਣੀ ਛਵੀ ਸੁਧਾਰਨ ਲਈ ਬੜਾ ਜ਼ਰੂਰੀ ਹੈ ਕਿ ਸਾਡੇ ਸਾਹਿਤਕਾਰ ਨਿਮਰਤਾ ਤੇ ਹਲੀਮੀ ਦੇ ਪੁੰਜ ਬਣੇ ਰਹਿਣ।
ਹਉਮੈ ਦੀਰਘ ਰੋਗ ਹੈ।ਇਸ ਤੋਂ ਬਚਣਾ ਬਹੁਤ ਜ਼ਰੂਰੀ ਹੈ।ਨਵੀਂ ਪੀੜ੍ਹੀ ਨੂੰ ਦਸ਼ਾ ਤੇ ਦਿਸ਼ਾ ਦਿਓ।ਅਜਿਹੀ ਸੇਧ ਦਿਉ ਜਿਸ ਨਾਲ ਉਹ ਸਮਾਜ ਦਾ ਭਲਾ ਕਰ ਸਕਣ ।ਵ੍ਹੱਟਸਐਪ ਦੇ ਗਰੁੱਪਾਂ ਵਿੱਚ ਇੱਕ ਦੂਜੇ ਤੇ ਤੰਜ਼ ਕੱਸਣਾ, ਫੇਸਬੁੱਕ ਦੀਆਂ ਪੋਸਟਾਂ ਤੇ ਇੱਕ ਦੂਜੇ ਬਾਰੇ ਇਸ਼ਾਰੇ ਨਾਲ ਲਿਖਣਾ,ਗੁੱਟਬਾਜ਼ੀ ਦਾ ਸ਼ਿਕਾਰ ਹੋਣਾ,ਪ੍ਰਤਿਭਾ ਨੂੰ ਧਿਆਨ ਵਿੱਚ ਨਾ ਰੱਖ ਕੇ ਕੇਵਲ ਗੁੱਟਬਾਜ਼ੀ ਏ ਚਾਪਲੂਸੀ ਨੂੰ ਪਹਿਲ ਦੇਣਾ ਸਾਹਿਤਕਾਰਾਂ ਦੇ ਮੇਚ ਦਾ ਕੰਮ ਨਹੀਂ।ਮੇਰਾ ਕਹਿਣਾ ਇਹ ਨਹੀਂ ਕਿ ਸਾਰੇ ਸਾਹਿਤਕਾਰ ਇਹ ਸਭ ਕੁਝ ਕਰਦੇ ਹਨ ਪਰ ਜੋ ਥੋੜ੍ਹੀ ਬਹੁਤ ਇਸ ਵਿੱਚ ਗ਼ਲਤਾਣ ਹਨ ਉਨ੍ਹਾਂ ਨੂੰ ਲੋੜ ਹੈ ਇਸ ਦਲਦਲ ਚੋਂ ਬਾਹਰ ਨਿਕਲਣ ਦੀ ਤਾਂ ਜੋ ਸਮਾਜ ਵਿੱਚ ਸਾਹਿਤਕਾਰਾਂ ਦਾ ਵੱਕਾਰ ਬਣਿਆ ਰਹੇ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly