ਲੰਬੀ (ਸਮਾਜ ਵੀਕਲੀ): ਅਕਾਲੀ-ਬਸਪਾ ਗੱਠਜੋੜ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜੜ੍ਹ, ਸੋਚ ਤੇ ਦਿਮਾਗ ਲੰਬੀ ਵਿੱਚ ਹੈ। ਇੱਥੋਂ ਦੇ ਲੋਕਾਂ ਦੀ ਮਿਹਰ ਨੇ 50-60 ਸਾਲਾਂ ਤੋਂ ਉਨ੍ਹਾਂ ਨੂੰ ਸਾਧਾਰਨ ਕਿਸਾਨ ਤੋਂ ਸਰਪੰਚ, ਬਲਾਕ ਸਮਿਤੀ ਚੇਅਰਮੈਨ ਤੇ ਪੰਜ ਵਾਰ ਬਤੌਰ ਮੁੱਖ ਮੰਤਰੀ ਪੰਜਾਬ ਦੀ ਸੇਵਾ ਦਾ ਮੌਕਾ ਦਿੱਤਾ। ਸ੍ਰੀ ਬਾਦਲ ਨੇ ਕਿਹਾ ਕਿ ਮੇਰਾ ਜਿਉਣਾ-ਮਰਨਾ ਅਤੇ ਆਖ਼ਰੀ ਸਾਹ ਲੰਬੀ ਹਲਕੇ ਦੀ ਸੇਵਾ ਨੂੰ ਸਮਰਪਿਤ ਹੈ।
ਸ੍ਰੀ ਬਾਦਲ ਨੇ ਕਿਹਾ ਕਿ ਦਾਅਵਾ ਕੀਤਾ ਕਿ ਅਕਾਲੀ-ਬਸਪਾ ਸਰਕਾਰ ਪੰਜਾਬ ਦੀ ਕਾਇਆ ਕਲਪ ਕਰੇਗੀ ਅਤੇ ਨਵਾਂ ਪੰਜਾਬ ਬਣੇਗਾ। ਸ੍ਰੀ ਬਾਦਲ ਨੇ ਤਕਰੀਰ ’ਚ ਮਾਸਟਰ ਤਾਰਾ ਸਿੰਘ, ਫਤਿਹ ਸਿੰਘ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲਾ ਦਾ ਵੀ ਜ਼ਿਕਰ ਕੀਤਾ। ਸਟੇਜ ’ਤੇ ਬਾਦਲ ਪਿਓ-ਪੁੱਤ, ਮੇਜਰ ਭੁਪਿੰਦਰ ਸਿੰਘ ਅਤੇ ਪਰਮਜੀਤ ਸਿੰਘ ‘ਲਾਲੀ’ ਮੌਜੂਦ ਸਨ। ਸਾਬਕਾ ਮੁੱਖ ਮੰਤਰੀ ਨੇ ਕਾਂਗਰਸ ਸਰਕਾਰ ਨੂੰ ਘੇਰਦਿਆਂ ਆਖਿਆ ਕਿ ਬੇਰਹਿਮ ਸਰਕਾਰ ਨੇ ਕਿਸਾਨਾਂ ਨੂੰ ਟਿਊਬਵੈੱਲ ਕੁਨੈਕਸ਼ਨ ਵੀ ਦੇਣੇ ਬੰਦ ਕਰ ਦਿੱਤੇ। ਉਨ੍ਹਾਂ ਲੰਬੀ ਵਿੱਚ ‘ਆਪ’ ਉਮੀਦਵਾਰ ਨੂੰ ਦਲ-ਬਦਲੂ ਦੱਸਦਿਆਂ ਆਖਿਆ ਕਿ ਜਿਹੜਾ ਮਾਂ-ਪਾਰਟੀ ਦਾ ਸਕਾ ਨਹੀਂ ਹੋਇਆ, ਉਹ ਲੋਕ-ਪੱਖੀ ਕਿਵੇਂ ਹੋ ਸਕਦਾ ਹੈ। ਇਸੇ ਦੌਰਾਨ ਭਗਵਾਨ ਵਾਲਮੀਕਿ ਆਸ਼ਰਮ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਮੁੱਖ ਸੇਵਾਦਾਰ ਨਛੱਤਰ ਨਾਥ ਸ਼ੇਰਗਿੱਲ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਇੱਕ ਮੁਲਾਕਾਤ ਦੌਰਾਨ ਵਾਲਮੀਕਿ ਅਤੇ ਮਜ਼੍ਹਬੀ ਸਿੱਖ ਸਮਾਜ ਵੱਲੋਂ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੀ ਹਮਾਇਤ ਕਰਨ ਦਾ ਐਲਾਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly