ਬ੍ਰਿਸਬਨ (ਸਮਾਜ ਵੀਕਲੀ): ਇੱਥੇ ਪੰਜਾਬੀ ਸਾਹਿਤ ਅਤੇ ਮਾਤ ਭਾਸ਼ਾ ਦੇ ਲਗਾਤਾਰ ਪਸਾਰੇ ਲਈ ਕਾਰਜਸ਼ੀਲ ਸੰਸਥਾ ਆਸਟਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬਨ ਵੱਲੋਂ ਕਮਿਊਨਿਟੀ ਰੇਡੀਓ ਫਾਰ ਈਬੀ ਵਿੱਚ ਪੰਜਾਬੀ ਭਾਸ਼ਾ ਗਰੁੱਪ ਅਤੇ ਮਾਝਾ ਯੂਥ ਕਲੱਬ ਦੇ ਸਹਿਯੋਗ ਨਾਲ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਮਹਿੰਦਰ ਸਾਥੀ ਦੀ ‘ਸਿਦਕ ਸਵਾਸਾਂ ਸੰਗ’ ਅਤੇ ਬਿੰਦਰ ਮਾਨ ਦੀ ‘ਧੂੜਾਂ ਨੇ ਸਰਬੱਤ’ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਸਮਾਗਮ ਦੀ ਸ਼ੁਰੂਆਤ ਮੰਚ ਸੰਚਾਲਕ ਹਰਮਨ ਨੇ ਕੀਤੀ। ਹਰਮਨਦੀਪ ਗਿੱਲ ਵੱਲੋਂ ਦੋਵੇਂ ਕਿਤਾਬਾਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ।
ਕਵੀ ਦਿਨੇਸ਼ ਸ਼ੇਖ਼ੂਪੁਰ ਨੇ ਆਪਣੀ ਕਵਿਤਾ ‘ਸਕੂਨ’ ਅਤੇ ‘ਪਿਆਰ’ ਰਾਹੀਂ ਸਮਾਜਿਕ ਚੇਤਨਾ ਦੀ ਗੱਲ ਕੀਤੀ। ਗੁਰਵਿੰਦਰ ਨੇ ‘ਚੜ੍ਹਦੇ ਸੂਰਜ’ ਅਤੇ ‘ਦਿੱਲੀਏ’ ਰਾਹੀਂ ਜੁਝਾਰੂ ਸੁਨੇਹਾ ਦਿੱਤਾ। ਪ੍ਰਧਾਨ ਵਰਿੰਦਰ ਅਲੀਸ਼ੇਰ ਨੇ ਵਿਦੇਸ਼ਾਂ ’ਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਚੇਟਕ ਲਾਉਣ ਦੀ ਅਪੀਲ ਕੀਤੀ। ਪਾਕਿਸਤਾਨ ਤੋਂ ਲਹਿੰਦੇ ਪੰਜਾਬ ਦੇ ਸ਼ਾਇਰ ਨਦੀਮ ਅਕਬਰ ਨੇ ਉਰਦੂ ਸ਼ਾਇਰੀ ’ਚ ਮਾਤ ਭਾਸ਼ਾ ਪੰਜਾਬੀ ਦੀ ਉਸਤਤ ਅਤੇ ਮਨੁੱਖੀ ਰਿਸ਼ਤਿਆਂ ਦੀ ਪ੍ਰੋੜ੍ਹਤਾ ਕੀਤੀ। ਇਸ ਮੌਕੇ ਕੰਵਰਜੀਤ, ਬ੍ਰਿਸਬਨ ਪੰਜਾਬੀ ਪ੍ਰੈੱਸ ਕਲੱਬ ਦੇ ਪ੍ਰਧਾਨ ਦਲਜੀਤ ਸਿੰਘ, ਕਵਿਤਰੀ ਹਰਕੀ ਵਿਰਕ, ਰਿਤਿਕਾ ਅਹੀਰ, ਪ੍ਰਨਾਮ ਸਿੰਘ ਹੇਅਰ, ਮਾਝਾ ਪੰਜਾਬੀ ਸਕੂਲ ਤੋਂ ਅਧਿਆਪਕਾ ਗੁਰਵਿੰਦਰ ਕੌਰ ਨੇ ਵੀ ਵਿਚਾਰ ਰੱਖੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly