ਨਵੀਂ ਦਿੱਲੀ (ਸਮਾਜ ਵੀਕਲੀ): ਕਰਮਚਾਰੀ ਭਵਿੱਖ ਫੰਡ ਸੰਗਠਨ ਸੰਗਠਿਤ ਖੇਤਰ ਦੇ 15,000 ਰੁਪਏ ਤੋਂ ਵੱਧ ਮੁੱਢਲੀ ਤਨਖਾਹ ਲੈਣ ਵਾਲੇ ਅਤੇ ਕਰਮਚਾਰੀ ਪੈਨਸ਼ਨ ਯੋਜਨਾ-1995 (ਈਪੀਐੱਸ-95) ਅਧੀਨ ਜ਼ਰੂਰੀ ਤੌਰ ’ਤੇ ਨਾ ਆਉਣ ਵਾਲੇ ਕਰਮਚਾਰੀਆਂ ਲਈ ਇਕ ਨਵੀਂ ਪੈਨਸ਼ਨ ਯੋਜਨਾ ਲੈ ਕੇ ਆਉਣ ’ਤੇ ਵਿਚਾਰ ਕਰ ਰਿਹਾ ਹੈ।
ਮੌਜੂਦਾ ਸਮੇਂ ਵਿਚ ਸੰਗਠਿਤ ਖੇਤਰ ਦੇ ਉਹ ਕਰਚਮਾਰੀ, ਜਿਨ੍ਹਾਂ ਦੀ ਮੁੱਢਲੀ ਤਨਖ਼ਾਹ (ਮੁੱਢਲੀ ਤਨਖਾਹ ਤੇ ਮਹਿੰਗਾਈ ਭੱਤਾ) 15,000 ਰੁਪਏ ਤੱਕ ਹੈ, ਜ਼ਰੂਰੀ ਤੌਰ ’ਤੇ ਈਪੀਐੱਸ-95 ਅਧੀਨ ਆਉਂਦੇ ਹਨ। ਇਕ ਸੂਤਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, ‘‘ਈਪੀਐੱਫਓ ਦੇ ਮੈਂਬਰਾਂ ਵਿਚਾਲੇ ਉੱਚੇ ਯੋਗਦਾਨ ’ਤੇ ਵਧੇਰੇ ਪੈਨਸ਼ਨ ਦੀ ਮੰਗ ਕੀਤੀ ਗਈ ਹੈ। ਇਸ ਤਰ੍ਹਾਂ ਉਨ੍ਹਾਂ ਲੋਕਾਂ ਲਈ ਇਕ ਨਵਾਂ ਪੈਨਸ਼ਨ ਉਤਪਾਦ ਜਾਂ ਯੋਜਨਾ ਲੈ ਕੇ ਆਉਣ ਬਾਰੇ ਸਰਗਰਮੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਮਹੀਨਾਵਾਰ ਮੁੱਢਲੀ ਤਨਖਾਹ 15,000 ਰੁਪਏ ਤੋਂ ਵੱਧ ਹੈ।’’
ਸੂਤਰ ਅਨੁਸਾਰ, ਇਸ ਨਵੇਂ ਪੈਨਸ਼ਨ ਉਤਪਾਦ ’ਤੇ ਪ੍ਰਸਤਾਵ 11 ਅਤੇ 12 ਮਾਰਚ ਨੂੰ ਗੁਹਾਟੀ ਵਿਚ ਈਪੀਐੱਫਓ ਦੀ ਫੈਸਲਾ ਲੈਣ ਵਾਲੀ ਚੋਟੀ ਦੀ ਬਾਡੀ ਸੈਂਟਰਲ ਬੋਰਡ ਆਫ਼ ਟਰੱਸਟੀਜ਼ (ਸੀਬੀਟੀ) ਦੀ ਮੀਟਿੰਗ ਵਿਚ ਆ ਸਕਦਾ ਹੈ। ਮੀਟਿੰਗ ਦੌਰਾਨ ਸੀਬੀਟੀ ਵੱਲੋਂ ਨਵੰਬਰ 2021 ਵਿਚ ਪੈਨਸ਼ਨ ਸਬੰਧੀ ਮੁੱਦਿਆਂ ’ਤੇ ਗਠਿਤ ਇਕ ਉਪ ਕਮੇਟੀ ਵੀ ਆਪਣੀ ਰਿਪੋਰਟ ਪੇਸ਼ ਕਰੇਗੀ। ਸੂਤਰ ਨੇ ਦੱਸਿਆ ਕਿ ਅਜਿਹੇ ਈਪੀਐੱਫਓ ਅੰਸ਼ਧਾਰਕ ਹਨ ਜਿਨ੍ਹਾਂ ਨੂੰ 15,000 ਰੁਪਏ ਤੋਂ ਵੱਧ ਦੀ ਮਹੀਨਾਵਾਰ ਮੁੱਢਲੀ ਤਨਖਾਹ ਮਿਲ ਰਹੀ ਹੈ, ਪਰ ਉਹ ਈਪੀਐੱਸ-95 ਅਧੀਨ 8.33 ਫੀਸਦ ਦੀ ਘੱਟ ਦਰ ਨਾਲ ਹੀ ਯੋਗਦਾਨ ਦੇ ਸਕੇ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਘੱਟ ਪੈਨਸ਼ਨ ਮਿਲਦੀ ਹੈ।
ਈਪੀਐੱਫਓ ਨੇ 2014 ਵਿਚ ਮਹੀਨਾਵਾਰ ਪੈਨਸ਼ਨ ਯੋਗ ਮੁੱਢਲੀ ਤਨਖਾਹ 15,000 ਰੁਪੲੇ ਤੱਕ ਸੀਮਿਤ ਕਰਨ ਲਈ ਯੋਜਨਾ ਵਿਚ ਸੋਧ ਕੀਤੀ ਸੀ। 15,000 ਰੁਪਏ ਦੀ ਸੀਮਾ ਸਿਰਫ਼ ਸੇਵਾ ਵਿਚ ਸ਼ਾਮਲ ਹੋਣ ਵੇਲੇ ਲਾਗੂ ਹੁੰਦੀ ਹੈ। ਸੰਗਠਿਤ ਖੇਤਰ ਵਿਚ ਤਨਖ਼ਾਹ ਸੋਧ ਅਤੇ ਮਹਿੰਗਾਈ ਕਰ ਕੇ ਇਸ ਨੂੰ ਪਹਿਲੀ ਸਤੰਬਰ, 2014 ਤੋਂ 6500 ਰੁਪਏ ਤੋਂ ਉੱਪਰ ਤੱਕ ਸੋਧਿਆ ਗਿਆ ਸੀ। ਬਾਅਦ ਵਿਚ ਮਹੀਨਾਵਾਰ ਮੁੱਢਲੀ ਤਨਖਾਹ ਦੀ ਸੀਮਾ ਵਧਾ ਕੇ 25,000 ਰੁਪਏ ਕਰਨ ਦੀ ਮੰਗ ਹੋਈ ਅਤੇ ਉਸ ਉੱਪਰ ਚਰਚਾ ਕੀਤੀ ਗਈ ਪਰ ਪ੍ਰਸਤਾਵ ਨੂੰ ਮਨਜ਼ੂਰੀ ਨਹੀਂ ਮਿਲ ਸਕੀ।
ਸਾਬਕਾ ਕਿਰਤ ਮੰਤਰੀ ਬੰਡਾਰੂ ਦੱਤਾਤ੍ਰੇਅ ਨੇ ਦਸੰਬਰ 2016 ਵਿਚ ਲੋਕ ਸਭਾ ’ਚ ਇਕ ਲਿਖਤ ਜਵਾਬ ਵਿਚ ਕਿਹਾ ਸੀ, ‘‘ਕਰਮਚਾਰੀ ਭਵਿੱਖ ਫੰਡ ਅਤੇ ਫੁਟਕਲ ਪ੍ਰਬੰਧ ਐਕਟ, 1952 ਅਧੀਨ ਕਵਰੇਜ ਲਈ ਤਨਖਾਹ ਸੀਮਾ 15000 ਰੁਪਏ ਮਹੀਨਾ ਤੋਂ ਵਧਾ ਕੇ 25000 ਰੁਪਏ ਮਹੀਨਾ ਕਰਨ ਦਾ ਪ੍ਰਸਤਾਵ ਈਪੀਐੱਫਓ ਨੇ ਪੇਸ਼ ਕੀਤਾ ਸੀ, ਪਰ ਉਸ ਬਾਰੇ ਕੋਈ ਫੈਸਲਾ ਨਹੀਂ ਹੋਇਆ।’’ ਸੂਤਰ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ ਇਕ ਨਵੇਂ ਪੈਨਸ਼ਨ ਉਤਪਾਦ ਦੀ ਲੋੜ ਹੈ ਜਿਹੜੇ ਜਾਂ ਤਾਂ ਘੱਟ ਯੋਗਦਾਨ ਪਾਉਣ ਲਈ ਮਜਬੂਰ ਹਨ ਜਾਂ ਜਿਹੜੇ ਇਸ ਯੋਜਨਾ ਦੀ ਮੈਂਬਰਸ਼ਿਪ ਨਹੀਂ ਲੈ ਸਕੇ ਹਨ, ਕਿਉਂਕਿ ਸੇਵਾ ਵਿਚ ਸ਼ਾਮਲ ਹੋਣ ਵੇਲੇ ਉਨ੍ਹਾਂ ਦੀ ਮਹੀਨਾਵਾਰ ਮੁੱਢਲੀ ਤਨਖਾਹ 15000 ਰੁਪਏ ਤੋਂ ਵੱਧ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly