ਵਾਤਾਵਰਨ, ਭ੍ਰਿਸ਼ਟਾਚਾਰ ਅਤੇ ਮਨੁੱਖ।

ਚਰਨਜੀਤ ਸਿੰਘ ਰਾਜੌਰ

(ਸਮਾਜ ਵੀਕਲੀ)

ਵਾਤਾਵਰਨ ਦਿਵਸ ਮੌਕੇ ਹੋ ਰਹੇ ਪ੍ਰੋਗਰਾਮ ਵਿੱਚ ਚਲ ਰਹੀਆਂ

ਵਾਤਾਵਰਨ ਦਿਵਸ ਨਾਲ ਸਬੰਧਤ ਕਵਿਤਾਵਾਂ, ਭਾਸ਼ਨਾਂ ਅਤੇ ਨਾਟਕਾਂ ਵਿੱਚ ਪ੍ਰਦੂਸ਼ਣ ਦੀਆਂ ਕਿਸਮਾਂ, ਕਾਰਨ ਅਤੇ ਪ੍ਰਦੂਸ਼ਣ ਤੋਂ ਹੋਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਸੰਸਥਾ ਦੇ ਵਿਦਿਆਰਥੀ ਬਹੁਤ ਸੂਝਵਾਨ ਤਰੀਕੇ ਨਾਲ ਆਪਣੇ ਵਿਚਾਰ ਪੇਸ਼ ਕਰ ਰਹੇ ਸਨ। ਵਿਦਿਆਰਥੀਆਂ ਅਨੁਸਾਰ ਸਾਡੇ ਵਾਤਾਵਰਣ ਨੂੰ ਪਾਣੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਲਗਾਤਾਰ ਪ੍ਰਦੂਸ਼ਿਤ ਕਰ ਰਹੇ ਹਨ, ਇੱਕ ਸਮਾਂ ਇਹੋ ਜਿਹਾ ਵੀ ਆਵੇਗਾ ਕਿ ਇਹ ਪ੍ਰਦੂਸ਼ਣ ਇੰਨਾ ਜ਼ਿਆਦਾ ਵੱਧ ਜਾਵੇਗਾ ਕਿ ਮਨੁੱਖ ਦਾ ਇੱਥੇ ਰਹਿਣਾ ਅਸੰਭਵ ਹੋ ਜਾਵੇਗਾ। ਭਾਸ਼ਣ ਅਤੇ ਕਵਿਤਾ ਲਗਾਤਾਰ ਚੱਲ ਰਹੇ ਸਨ, ਪ੍ਰੋਗਰਾਮ ਆਪਣੇ ਸਿਖਰਾਂ ਤੇ ਸੀ ਕਿ ‘ਮਨੁੱਖ’ ਸ਼ਬਦ ਸੁਣ ਕੇ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ‘ਕੀ ਕੇਵਲ ਮਨੁੱਖ!’ ਕੀ ਵਾਤਾਵਰਨ ਵਿੱਚ ਦਿਨ-ਬ-ਦਿਨ ਵੱਧ ਰਹੇ ਪ੍ਰਦੂਸ਼ਣ ਕਰਕੇ ਕੇਵਲ ਮਨੁੱਖ ਦਾ ਹੀ ਜੀਣਾ ਮੁਸ਼ਕਿਲ ਹੋ ਜਾਵੇਗਾ।

ਕੀ ਪਸ਼ੂ, ਪੰਛੀ, ਜਾਨਵਰ, ਰੁੱਖ, ਬੂਟੇ, ਹਵਾ, ਪਾਣੀ ਅਤੇ ਧਰਤੀ ਉੱਤੇ ਇਸ ਸਭ ਦਾ ਕੋਈ ਪ੍ਰਭਾਵ ਨਹੀਂ ਪੈ ਰਿਹਾ ਜਾਂ ਆਉਣ ਵਾਲੇ ਸਮੇਂ ਵਿੱਚ ਨਹੀਂ ਪਵੇਗਾ। ਇਹ ਸਭ ਸੋਚਦਿਆਂ ਮੈਨੂੰ ਸਵੇਰ ਵੇਲੇ ਵਾਪਰੀ ਆਪਣੇ ਨਾਲ ਸਬੰਧਤ ਇੱਕ ਘਟਨਾ ਯਾਦ ਆ ਗਈ ਕਿ ਕਿਵੇਂ ਮੈਂ ਖੇਤਾਂ ਵਿੱਚ ਲੱਗੀ ਅੱਗ ਦੇ ਧੂੰਏਂ ਕਰਕੇ ਕੁੱਝ ਨਾ ਦਿਸਣ ਕਾਰਨ ਆਪਣੀ ਗੱਡੀ ਖੇਤਾਂ ਵਿੱਚ ਪਲਟਾ ਦੇਣੀ ਸੀ, ਮੈਂ ਉਦੋਂ ਬਾਲ-ਬਾਲ ਬਚਿਆ। ਜੇਕਰ ਇਹ ਘਟਨਾ ਵਾਪਰ ਜਾਂਦੀ ਤਾਂ ਹੋ ਸਕਦਾ ਸੀ ਕਿ ਮੇਰੀ ਗੱਡੀ ਵੀ ਅੱਗ ਦੀ ਚਪੇਟ ਵਿੱਚ ਆ ਜਾਂਦੀ ਪਰ ਚਲੋ ਪਰਮਾਤਮਾ ਦਾ ਸ਼ੁਕਰ ਹੈ ਕਿ ਮੇਰੀ ਗੱਡੀ ਤੇਜ਼ ਨਹੀਂ ਸੀ ਅਤੇ ਮੇਰਾ ਬਚਾਅ ਹੋ ਗਿਆ, ਮੇਰਾ ਤਾਂ ਬਚਾਅ ਹੋ ਗਿਆ ਪਰ ਉੱਥੇ ਚਿੜੀਆਂ ਦੀ ਕੁਰਲਾਹਟ ਨੂੰ, ਟਟੀਹਰੀਆਂ ਦੀ ਟੇਂ-ਟੇਂ ਨੂੰ ਸੁਣ ਕੇ ਅਤੇ ਪਤਝੜ ਤੋਂ ਬਾਅਦ ਬਹਾਰ ਵਿੱਚ ਨਵੇਂ ਉਪਜੇ ਰੁਖਾਂ ਦੇ ਮਨ ਨੂੰ ਸਕੂਨ ਦੇਣ ਵਾਲੇ ਹਰੇ ਹਰੇ ਪੱਤਿਆਂ ਨੂੰ ਝੁਲਸਦਿਆਂ ਵੇਖ ਕੇ ਮੇਰਾ ਮਨ ਬਹੁਤ ਖਰਾਬ ਹੋਇਆ, ਇਹ ਸਭ ਮੰਜ਼ਰ ਵੇਖ ਕੇ ਮੇਰਾ ਮਨ ਅੰਦਰੋਂ ਝਿੰਜੋੜਿਆ ਗਿਆ ਕਿ ਇਹਨਾਂ ਬੇਜ਼ੁਬਾਨਾਂ ਦੀ ਜ਼ਿੰਦਗੀ ਜ਼ਿੰਦਗੀ ਨਹੀਂ, ਇਹ ਤਾਂ ਅਣਆਈ ਮੌਤ ਮਰ ਰਹੇ ਹਨ ਜਾਂ ਸ਼ਾਇਦ ਮਾਰੇ ਹੀ ਜਾਂ ਰਹੇ ਹਨ।

ਪਰ ਮੈਂ ਕਿਸ ਮੁਹਰੇ ਸ਼ਿਕਵਾ ਕਰਾਂ ਕਿਉਂਕਿ ਇਸ ਵਿੱਚ ਕਸੂਰ ਪੰਛੀ, ਜਾਨਵਰਾਂ, ਧਰਤੀ ਜਾਂ ਪਾਣੀ ਦਾ ਨਹੀਂ ਸੀ ਇਸ ਵਿੱਚ ਕਸੂਰ ਤਾਂ ਮੇਰੀ ਮਨੁੱਖ ਜਾਤੀ ਦਾ ਹੀ ਸੀ। ਅੱਜ ਦੇ ਸਮੇਂ ਵਿੱਚ ਧਰਤੀ, ਅਕਾਸ਼, ਪਾਣੀ, ਹਵਾ ਅਤੇ ਮਨੁੱਖ ਜਾਤੀ ਆਪ ਵੀ ਪ੍ਰਦੂਸ਼ਿਤ ਹੋ ਚੁੱਕੀ ਹੈ। ਹਣ ਸਵਾਲ ਇਹ ਉੱਠਦਾ ਹੈ ਕਿ ਇਹਨਾਂ ਸਭ ਨੂੰ ਪ੍ਰਦੂਸ਼ਿਤ ਕਰ ਕੌਣ ਰਿਹਾ ਹੈ। ਇਸ ਸਵਾਲ ਦਾ ਜਵਾਬ ਜਾਨਣ ਲਈ ਮੈਨੂੰ ਜ਼ਿਆਦਾ ਸੋਚਣ ਦੀ ਲੋੜ ਨਹੀਂ ਪਈ ਕਿਉਂਕਿ ਮੈਂ ਆਪਣੇ ਆਪ ਨੂੰ ਮਨੁੱਖ ਹੋਣ ਤੇ ਬਹੁਤ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ। ਹੋਰ ਕਿਸ ਹੱਦ ਤੱਕ ਜਾਵਾਂਗੇ ਅਸੀਂ, ਆਪਣੇ ਥੋੜ੍ਹੇ ਜਿਹੇ ਮੁਨਾਫ਼ੇ ਲਈ ਪਰਮਾਤਮਾ ਦੁਆਰਾ ਬਣਾਈ ਇਸ ਅਮੁੱਲ ਕੁਦਰਤ ਨੂੰ ਤਬਾਹ ਕਰਨ ਲਈ ਅੱਜ ਅਸੀਂ ਹਰ ਹੱਥਕੰਡਾ ਅਪਣਾ ਰਹੇ ਹਾਂ। ਕੀ ਸਾਡੇ ਗੁਰੂਆਂ ਵੱਲੋਂ ਦਿੱਤੀ ਸਿੱਖਿਆ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਅਸੀਂ ਸਿਰਫ਼ ਕੰਠ ਯਾਦ ਕਰਨ ਜਾਂ ਮੋਬਾਇਲਾਂ ਤੇ ਸਟੇਟਸ ਪਾਉਣ ਤੱਕ ਹੀ ਸੀਮਿਤ ਰੱਖ ਦਿੱਤਾ ਹੈ।

ਅਸੀਂ ਆਪਣੀ ਧਰਤੀ ਮਾਂ ਨੂੰ ਅੱਜ ਨਸ਼ੇੜੀ ਹੀ ਬਣਾ ਛੱਡਿਆ ਹੈ। ਪਾਣੀ ਦੀ ਵਰਤੋਂ ਅਸੀਂ ਅੰਨੇਵਾਹ ਕਰ ਰਹੇ ਹਾਂ। ਫ਼ਸਲ ਵੱਢਣ ਤੋਂ ਬਾਅਦ ਬਚੀ ਰਹਿਦ ਨੂੰ ਅੱਗ ਲਾ ਰਹੇ ਹਾਂ ਚਲੋ ਮਨੁੱਖ ਦੇ ਪੱਖ ਤੋਂ ਸੋਚਿਆ ਜਾਵੇ ਤਾਂ ਇਸ ਤੋਂ ਬਿਨਾਂ ਕੋਈ ਹੋਰ ਹਲ ਨਹੀਂ ਹੈ ਪਰ ਮੂਰਖ ਇਨਸਾਨੋਂ ਪਹਿਲਾਂ ਤਾਂ ਗੱਲ ਫ਼ਸਲ ਵੱਢਣ ਤੋਂ ਬਾਅਦ ਰਹਿਦ ਨੂੰ ਅੱਗ ਲਾਉਣ ਦੀ ਸੀ ਪਰ ਹੁਣ ਤਾਂ ਇਹ ਸੁਆਰਥੀ ਲੋਕ ਖੇਤਾਂ ਨੂੰ ਅੱਗ ਲਗਾ ਕੇ ਘਰ ਜਾ ਕੇ ਬਹਿ ਜਾਂਦੇ ਹਨ ਅਤੇ ਗਰਮੀ ਦਾ ਮੌਸਮ ਹੋਣ ਕਰਕੇ ਅੱਗ ਦਾ ਵਹਾਅ ਤੇਜ਼ ਹੋਣ ਕਾਰਨ ਇਹ ਅੱਗ ਸੜਕਾਂ ਤੱਕ ਵੀ ਪਹੁੰਚ ਜਾਂਦੀ ਹੈ ਅਤੇ ਜਿਸ ਦੇ ਨਤੀਜੇ ਵਜੋਂ ਸੜਕ ਕਿਨਾਰੇ ਖੜ੍ਹੇ ਰੁੱਖ ਤਬਾਹ ਹੋ ਜਾਂਦੇ ਹਨ। ਇਹਨਾਂ ਰੁੱਖਾਂ ਤੇ ਬਣੇ ਪੰਛੀਆਂ ਦੇ ਆਲ੍ਹਣੇ ਸੜ੍ਹ ਜਾਂਦੇ ਹਨ, ਆਲਣਿਆਂ ਵਿੱਚ ਪਏ ਇਹਨਾਂ ਪੰਛੀਆਂ ਦੇ ਅੰਡੇ ਅਤੇ ਨਾ ਉੱਡ ਸਕਣ ਵਾਲੇ ਨੰਨ੍ਹੇ ਬੱਚੇ ਸੜ੍ਹ ਕੇ ਸਵਾਹ ਹੋ ਜਾਂਦੇ ਹਨ। ਅੱਜ ਕਲ੍ਹ ਸੋਸ਼ਲ ਮੀਡੀਆ ਤੇ ਇਹਨਾਂ ਸਭ ਨਾਲ ਸਬੰਧਿਤ ਵੀਡੀਓ ਆਮ ਵੇਖਣ ਨੂੰ ਮਿਲ ਰਹੀਆਂ ਹਨ।

ਇੱਥੇ ਹੀ ਬਸ ਨਹੀਂ ਇਸ ਅੱਗ ਨਾਲ ਕਈ ਗਰੀਬ ਲੋਕਾਂ ਦੇ ਘਰ ਤੱਕ ਸੜ੍ਹ ਕੇ ਸਵਾਹ ਹੋ ਚੁੱਕੇ ਹਨ, ਸੜਕਾਂ ਤੇ ਧੂੰਏਂ ਕਰਕੇ ਕੁੱਝ ਵੀ ਨਾ ਦਿਖਣ ਕਰਕੇ ਹਾਦਸੇ ਵੀ ਬਹੁਤ ਹੋ ਰਹੇ ਹਨ। ਪਰ ਫਿਰ ਵੀ ਇਹਨਾਂ ਸਵਾਰਥੀ ਲੋਕਾਂ ਦੇ ਸਿਰ ਤੇ ਜੂੰ ਤੱਕ ਨਹੀਂ ਰਿੰਗ ਰਹੀ। ਇਹੋ ਜਿਹੇ ਘਟੀਆ ਮਾਨਸਿਕਤਾ ਵਾਲੇ ਲੋਕ ਸਾਰੇ ਤਾਂ ਨਹੀਂ ਹਨ ਪਰ ਇਹਨਾਂ ਦੀ ਗਿਣਤੀ ਬਹੁਤੀ ਹੈ। ਫੈਕਟਰੀਆਂ ਵਿੱਚੋਂ ਨਿਕਲਦਾ ਜ਼ਹਿਰੀਲਾ ਪਾਣੀ, ਧੂੰਆਂ ਅਤੇ ਨਾ ਸਹਿਣਯੋਗ ਸ਼ੋਰ ਮਨੁੱਖ ਦੀ ਹੀ ਦੇਣ ਹੈ ਅਤੇ ਜਿਸ ਦੇ ਨਤੀਜੇ ਭੁਗਤ ਵੀ ਮਨੁੱਖ ਹੀ ਰਿਹਾ ਹੈ। ਪੈਸੇ ਦੇ ਲਾਲਚ ਵਿੱਚ ਮਨੁੱਖ ਐਨਾਂ ਅੰਨਾਂ ਹੋ ਗਿਆ ਹੈ ਕਿ ਉਹ ਸਹੀ ਗਲਤ ਦੀ ਪਛਾਣ ਕਰਨੋਂ ਹੀ ਹਟ ਗਿਆ ਹੈ। ਮੈਂ ਆਪਣੀਆਂ ਹੀ ਸੋਚਾਂ ਦੇ ਵਿਸ਼ਾਲ ਸਮੁੰਦਰ ਵਿੱਚ ਸਭ ਕੁੱਝ ਜਾਣਦਿਆਂ ਵੀ ਗੁਮਨਾਮ ਤੈਰ ਰਿਹਾ ਸੀ, ਤੇ ਇਹਨਾਂ ਸਭ ਗੱਲਾਂ ਤੋਂ ਮੇਰਾ ਧਿਆਨ ਉਦੋਂ ਟੁੱਟਿਆ ਜਦੋਂ ਵਿਦਿਆਰਥੀਆਂ ਵੱਲੋਂ ਵਾਤਾਵਰਨ ਦੀ ਸੰਭਾਲ ਨਾਲ ਸਬੰਧਤ ਨਾਟਕ ਦੇ ਖ਼ਤਮ ਹੋਣ ਤੋਂ ਬਾਅਦ ਦਰਸ਼ਕ ਵਿਦਿਆਰਥੀਆਂ ਨੇ ਜ਼ੋਰਦਾਰ ਤਾਲੀਆਂ ਵਜਾਈਆਂ।

ਪਰ ਹੁਣ ਵੀ ਮੇਰੇ ਕੰਨਾਂ ਵਿੱਚ ਪਾਣੀ ਪ੍ਰਦੂਸ਼ਣ, ਹਵਾ ਪ੍ਰਦੂਸ਼ਣ, ਧਰਤੀ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਜਿਹੇ ਸ਼ਬਦ ਬਾਰ-ਬਾਰ ਗੂੰਜ ਰਹੇ ਸਨ। ਅਤੇ ਮੈਨੂੰ ਇਹ ਵੀ ਪਤਾ ਸੀ ਵੀ ਇਸ ਸਭ ਦੇ ਜ਼ਿੰਮੇਵਾਰ ਮੇਰੀ ਮਨੁੱਖ ਜਾਤੀ ਦੇ ਹੀ ਮੇਰੇ ਸਾਥੀ ਹਨ। ਮੇਰੇ ਇਹ ਸਾਥੀ ਵੀ ਤਾਂ ਲਿਪਤ ਹਨ ਪ੍ਰਦੂਸ਼ਣ ਦੀ ਇੱਕ ਹੋਰ ਕਿਸਮ ਕਹਿ ਲਓ ਜਾਂ ਪ੍ਰਦੂਸ਼ਣ ਦੀ ਜੜ੍ਹ ਨੂੰ ਉਤਸ਼ਾਹਿਤ ਕਰਨ ਵਿੱਚ ਜਿਸ ਦੇ ਸਿੱਟੇ ਵਜੋਂ ਇਹ ਸਾਰੇ ਪ੍ਰਦੂਸ਼ਣ ਹੋਂਦ ਵਿੱਚ ਆਏ ਹਨ, ਜਿਸ ਨੇ ਇਹਨਾਂ ਸਭਨਾਂ ਪ੍ਰਦੂਸ਼ਣਾ ਦਾ ਮੁੱਢ ਬੰਨ੍ਹਿਆ ਹੈ। ਹਾਂ ਉਹ ਪ੍ਰਦੂਸ਼ਣ ਭ੍ਰਿਸ਼ਟਾਚਾਰ ਦਾ ਹੈ ਮੇਰੇ ਸਾਥੀਓ। ਭ੍ਰਿਸ਼ਟਾਚਾਰ ਨਾਂ ਦੇ ਇਸ ਕਲੰਕ ਨੇ ਹੀ ਮਨੁੱਖ ਜਾਤੀ ਅੰਦਰ ਮੁਨਾਫ਼ਾਖੋਰੀ, ਜਮਾਂਖੋਰੀ, ਠੱਗੀ, ਚੋਰੀ, ਰਿਸ਼ਵਤ ਅਤੇ ਲਾਲਚ ਜਹੀਆਂ ਪ੍ਰਵਿਰਤੀਆਂ ਪੈਦਾ ਕੀਤੀਆਂ ਹਨ। ਇਹ ਸਾਰੀਆਂ ਹੀ ਭ੍ਰਿਸ਼ਟਾਚਾਰ ਦੀਆਂ ਉਹ ਸ਼ਾਖਾਵਾਂ ਹਨ ਜਿਹੜੀਆਂ ਵਾਤਾਵਰਨ ਵਿੱਚ ਅਤੇ ਸਾਡੇ ਸਮਾਜ ਵਿੱਚ ਫੈਲ ਰਹੇ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਦੀਆਂ ਹਨ। ਅਜੇ ਵੀ ਸਮਾਂ ਹੈ ਆਓ ਅਸੀਂ ਇਸ ਭ੍ਰਿਸ਼ਟਾਚਾਰੀ ਦੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਮਜ਼ਬੂਤ ਅਤੇ ਇਮਾਨਦਾਰ ਯੋਜਨਾਵਾਂ ਬਣਾਈਏ ਅਤੇ ਵਾਤਾਵਰਨ ਵਿੱਚ ਫੈਲ ਰਹੇ ਹਰ ਤਰ੍ਹਾਂ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰੀਏ।

ਚਰਨਜੀਤ ਸਿੰਘ ਰਾਜੌਰ
8427929558

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੁਸ਼ਨਸੀਬ
Next articleਸ਼ੁਭ ਸਵੇਰ ਦੋਸਤੋ,