(ਸਮਾਜ ਵੀਕਲੀ)
ਜੋਤੀ ਅਤੇ ਉਸਦੇ ਬੱਚੇ (ਬਬਲੀ ਅਤੇ ਪਿੰਕੀ) ਸਵੱਛ ਵਾਤਾਵਰਣ ਵਿੱਚ ਰਹਿਣਾ ਪਸੰਦ ਕਰਦੇ ਸਨ । ਉਸਦੇ ਪਿਤਾ ਜੀ ਪਾਰਕ ਦੇ ਇੱਕ ਕੋਨੇ ਵਿੱਚ ਬਾਸੀ ਰੋਟੀਆਂ ਦਾ ਚੂਰਾ ਕਰਕੇ ਚਿੜੀਆਂ ਨੂੰ ਪਾ ਰਹੇ ਸਨ , ਜਿੱਥੇ ਬਹੁਤ ਪ੍ਰਕਾਰ ਦੇ ਪੰਛੀ ਆਉਂਦੇ ਸਨ, ਵਧੀਆ ਅਤੇ ਸੁੰਦਰ ਵਾਤਾਵਰਣ ਬਣਿਆ ਹੋਇਆ ਸੀ । ਉੱਥੇ ਚਿੜੀਆਂ ਅਤੇ ਬਹੁਤ ਪ੍ਰਕਾਰ ਦੇ ਪੰਛੀ ਵੀ ਚਹਿ ਚਹਾ ਰਹੇ ਸਨ। ਬਬਲੀ ਅਤੇ ਪਿੰਕੀ ਉੱਥੇ ਮੁਰਗਿਆਂ ਅਤੇ ਮੋਰਾਂ ਨਾਲ ਖੇਡ ਰਹੇ ਸਨ, ਵਾਤਾਵਰਣ ਪਾਰਕ ਵਿੱਚ ਉਨ੍ਹਾਂ ਦਾ ਬਹੁਤ ਮਨ ਲਗਦਾ ਸੀ, ਕਿਉਂਕਿ ਉੱਥੇ ਭਾਂਤ -ਭਾਂਤ ਦੇ ਫੁੱਲ, ਬੂਟੇ ਲਗਾਏ ਹੋਣ ਕਰਕੇ ਵਧੀਆ ਅਤੇ ਸੁੰਦਰ ਵਾਤਾਵਰਣ ਪਾਰਕ ਬਣਾਇਆ ਹੋਇਆ ਸੀ । ਜਿਹੜਾ ਕੋਈ ਉੱਥੇ ਆਉਂਦਾ, ਉਸਦਾ ਵਾਪਸ ਪਰਤਣ ਨੂੰ ਜੀਅ ਨਾ ਕਰਦਾ ।
ਚਾਰ ਪੰਜ ਸਮਾਜ ਸੇਵਕ ਵਾਤਾਵਰਣ ਪਾਰਕ ਵਿੱਚ, ਦੀਵਾਲੀ ਦੇ ਪ੍ਰਦੂਸ਼ਣ ਅਤੇ ਵਾਤਾਵਰਣ ਬਚਾਓ ‘ਤੇ ਪ੍ਰਚਾਰ ਕਰਨ ਆਏ , ਉਹ ਆਪੋ ਆਪਣੇ ਵਿਚਾਰ ਸਾਂਝੇ ਕਰਨ ਲੱਗੇ । ਬਹੁਤ ਲੋਕ ਵਿਚਾਰ ਸੁਣਨ ਲਈ ਇਕੱਠੇ ਹੋ ਗਏ । ਜੋਤੀ ਨੇ “ਵਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਈ ਜਾ ਸਕਦੀ ਹੈ ।” ‘ਤੇ ਭਾਸ਼ਣ ਦਿੱਤਾ, ਵਾਤਾਵਰਣ ਨੂੰ ਚੰਗਾ ਤੇ ਵਧੀਆ ਬਣਾਉਣ ਲਈ ਸਾਰੇ ਲੋਕ ਵਾਤਾਵਰਣ ਪ੍ਰੇਮੀਆਂ ਦੇ ਵਿਚਾਰ ਬੜੀ ਉਤਸੁਕਤਾ ਨਾਲ ਸੁਣ ਰਹੇ ਸਨ, ਜਿਵੇੰ ਉਹ ਹੁਣੇ ਹੀ ਸਵੱਛ ਅਭਿਆਨ ਚਲਾ ਕੇ ਵਾਤਾਵਰਣ ਸਾਫ ਕਰ ਦੇਣਗੇ ।
ਕੋਈ ਕਹਿ ਰਿਹਾ ਸੀ , “ਮੈਂ ਪਿੰਡ ਦੀ ਡਿਸਪੈਂਸਰੀ ‘ਚ ਪੰਜ ਬੂਟੇ ਲਗਾਕੇ ਆਵਾਂਗਾ ।” ਕੋਈ 10 ਅਤੇ ਕੋਈ 50 ਬੂਟੇ ਲਗਾਉਣ ਦੀ ਗੱਲ ਕਰ ਰਿਹਾ ਸੀ । ਬਬਲੀ ਅਤੇ ਪਿੰਕੀ ਪਟਾਕਿਆਂ ਦੇ ਪ੍ਰਦੂਸ਼ਣ ਤੋਂ ਬਚਣ ਲਈ ਪਟਾਕੇ ਨਾ ਚਲਾਉਣ ਦੀ ਕਸਮ ਚੁਕਾਉਣ ਦੀ ਰਸਮ ਅਦਾ ਕਰਨ ਵਾਲੇ ਹੀ ਸਨ , ਦੋ ਨੌਜਵਾਨਾਂ ਨੇ ਦੋ ਤਿੰਨ ਵੱਡੀਆਂ ਕਿੱਟਾਂ ਲਿਆਕੇ ਵਾਤਾਵਰਣ ਪਾਰਕ ਵਿੱਚ ਰੱਖੀਆਂ, ਜਿੱਥੇ ਹੁਣੇ ‘ਵਾਤਾਵਰਣ ਬਚਾਓ’ ਤੇ ਭਾਸ਼ਣ ਹੋ ਕੇ ਹਟਿਆ ਸੀ ।
ਜੋਤੀ ਦੇ ਪਿਤਾ ਜੀ ਬੜੀ ਉਤਸੁਕਤਾ ਨਾਲ ਉਹਨਾਂ ਲੋਕਾਂ ਵੱਲ ਵੇਖ ਰਹੇ ਸਨ ਜੋ ਇੱਕ ਦੂਜੇ ਦੇ ਅੱਗੋਂ ਦੀ ਹੋ ਕੇ ਕਿੱਟਾਂ ਵਿੱਚੋਂ ਪਟਾਕੇ ਖਰੀਦ ਰਹੇ ਸਨ । ਇੱਕ ਘੰਟੇ ਦੇ ਅੰਦਰ ਅੰਦਰ ਸਾਰੇ ਪਟਾਕੇ ਵਿਕ ਚੁੱਕੇ ਸਨ ।
ਨਿਰਲੇਪ ਕੌਰ ਸੇਖੋਂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly