(ਸਮਾਜ ਵੀਕਲੀ)-ਸ਼ਾਮ ਦੇ ਛੇ ਕੁ ਵੱਜੇ ਸਨ। ਅਚਾਨਕ ਮਾਸਟਰ ਪਿਆਰਾ ਸਿੰਘ ਦੇ ਘਰ ਦਾ ਗੇਟ ਕਿਸੇ ਨੇ ਆ ਖੜਕਾਇਆ। ਉਸ ਨੇ ਗੇਟ ਕੋਲ ਜਾ ਕੇ ਵੇਖਿਆ, ਉਸ ਦੇ ਪਿੰਡ ਦਾ ਖੜਕ ਸਿੰਘ ਗੇਟ ਖੜਕਾ ਰਿਹਾ ਸੀ। ਉਸ ਨੂੰ ਵੇਖ ਕੇ ਉਹ ਬੋਲਿਆ,” ਮਾਸਟਰ ਜੀ, ਮੈਂ ਤੁਹਾਡੇ ਕੋਲ ਇੱਕ ਕੰਮ ਆਇਆਂ।”
” ਪਹਿਲਾਂ ਅੰਦਰ ਆ ਕੇ ਬੈਠ ਜਾਉ। ਫੇਰ ਵੇਖਦੇ ਆਂ।” ਮਾਸਟਰ ਪਿਆਰਾ ਸਿੰਘ ਨੇ ਉਸ ਨੂੰ ਆਖਿਆ।
ਖੜਕ ਸਿੰਘ ਅੰਦਰ ਆ ਕੇ ਕੁਰਸੀ ਤੇ ਬੈਠ ਗਿਆ। ਉਸ ਨੇ ਆਪਣੀ ਜੇਬ ਵਿੱਚੋਂ ਇੱਕ ਲਿਫਾਫਾ ਕੱਢਦੇ ਹੋਏ ਮਾਸਟਰ ਪਿਆਰਾ ਸਿੰਘ ਨੂੰ ਆਖਿਆ,” ਮਾਸਟਰ ਜੀ, ਮੇਰੇ ਮੁੰਡੇ ਦੀ ਆਹ ਚਿੱਠੀ ਕਨੇਡਾ ਤੋਂ ਆਈ ਆ। ਅੱਗੇ ਮੈਂ ਉਸ ਦੀਆਂ ਚਿੱਠੀਆਂ ਆਪਣੇ ਗੁਆਂਢੀ ਮਾਸਟਰ ਲੇਖ ਰਾਜ ਤੋਂ ਪੜ੍ਹਵਾ ਲੈਂਦਾ ਸਾਂ। ਪਰ ਆਹ ਚਿੱਠੀ ਮੈਂ ਤੁਹਾਡੇ ਕੋਲ ਲੈ ਕੇ ਆਇਆਂ। ਵੇਖੋ ਤਾਂ ਇਸ ਵਿੱਚ ਕੀ ਆ?”
ਮਾਸਟਰ ਪਿਆਰਾ ਸਿੰਘ ਨੇ ਲਿਫਾਫੇ ਨੂੰ ਬੜੇ ਧਿਆਨ ਨਾਲ ਖੋਲ੍ਹਿਆ। ਉਸ ਵਿੱਚੋਂ ਤਿੰਨ, ਚਾਰ ਫੋਟੋ ਅਤੇ ਇੱਕ ਲਿਖਿਆ ਹੋਇਆ ਕਾਗਜ਼ ਨਿਕਲਿਆ। ਉਸ ਦੇ ਮੁੰਡੇ ਨੇ ਕੁੱਝ ਦਿਨ ਪਹਿਲਾਂ ਕਨੇਡਾ ਵਿੱਚ ਆਪਣੇ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਸੀ। ਇਹ ਫੋਟੋ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਵੇਲੇ ਦੇ ਸਨ। ਫੋਟੋਆਂ ਨੂੰ ਵੇਖ ਕੇ ਉਹ ਅੱਗ ਬਬੂਲਾ ਹੋ ਗਿਆ। ਉਹ ਮਾਸਟਰ ਪਿਆਰਾ ਸਿੰਘ ਦੇ ਹੱਥਾਂ ਵਿੱਚੋਂ ਫੋਟੋ ਤੇ ਲਿਖਿਆ ਹੋਇਆ ਕਾਗਜ਼ ਲੈਂਦਾ ਹੋਇਆ ਬੋਲਿਆ,” ਮੇਰਾ ਮੁੰਡਾ ਤਾਂ ਪਹਿਲਾਂ ਤੋਂ ਮੂਰਖ ਆ। ਭਲਾ ਇਹ ਫੋਟੋ ਮੈਨੂੰ ਭੇਜਣ ਦੀ ਕੀ ਲੋੜ ਸੀ? ਮੈਂ ਤਾਂ ਸੋਚਿਆ ਸੀ ਕਿ ਲਿਫਾਫੇ ਚੋਂ ਕੋਈ ਚੈੱਕ ਬਗੈਰਾ ਨਿਕਲੂ। ਤਾਂ ਹੀ ਮੈਂ ਐਡੀ ਦੂਰ ਨੂੰ ਤੁਹਾਡੇ ਕੋਲ ਲਿਫਾਫਾ ਲੈ ਕੇ ਆਇਆ ਸੀ।”
ਇਹ ਕਹਿ ਕੇ ਉਹ ਛੇਤੀ ਨਾਲ ਮਾਸਟਰ ਪਿਆਰਾ ਸਿੰਘ ਦੇ ਘਰ ਦੇ ਗੇਟ ਤੋਂ ਬਾਹਰ ਨਿਕਲ ਗਿਆ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly