ਗੰਦੀ ਹਵਾੜ ਨਾ ਛੱਡੋ!!!!!!
(ਸਮਾਜ ਵੀਕਲੀ)-ਕਿਸਾਨ ਮੋਰਚੇ ਨੇ ਇਤਹਾਸ ਸਿਰਜ ਦਿਤਾ ਹੈ… ਜਦੋਂ ਬਹੁਤਿਆਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਹੁਣ ਕੁਝ ਨਹੀਂ ਹੋਣਾ.. ਲੜਾਈ ਨਹੀਂ ਲੜੀ ਜਾ ਸਕਦੀ ..ਆਪੋ ਆਪਣੀ ਨਿੱਜੀ ਦੌੜ ਵਿਚ ਕੋਈ ਮਰ ਰਿਹਾ ਸੀ… ਬਾਹਰ ਵੱਲ ਭੱਜ ਰਿਹਾ ਸੀ.. ਤੇ ਕੋਈ ਸਿਰਫ਼ ਰਾਜਨੀਤੀ ਚਮਕਾਉਣ ਵੱਲ ਲੱਗਾ ਹੋਇਆ ਸੀ.. ਉਦੋਂ ਕੁਝ ਸਿਰਫਿਰੇ ਸਨ ਜੋ ਲੋਕਾਂ ਦੇ ਇਕੱਠਾਂ ਵਿੱਚ ਜਾ ਕੇ ਕਹੀ ਜਾ ਰਹੇ ਸਨ,” ਲੋਕ ਘੋਲ ਹੀ ਇੱਕੋ ਇੱਕ ਹੱਲ ਹੈ.. ਇਕੱਠੇ ਹੋਵੋ.. ਸੰਘਰਸ਼ ਕਰੋ..ਸੰਘਰਸ਼ ਹੀ ਇਕੋ ਇਕ ਰਾਹ ਹੈ.. ਸਰਮਾਏਦਾਰੀ ਤਾਕਤਾਂ ਦੀਆਂ ਚਾਲਾਂ ਨੂੰ ਸਮਝੋ.. ਇਕਮੁੱਠ ਹੋ ਕੇ ਲੜਨ ਲਈ ਤਿਆਰ ਰਹੋ..!” ਉਹ ਲੜਦੇ ਸਨ.. ਪੰਜਾਬ ਦੇ ਹਰ ਕੋਨੇ ਵਿੱਚ..ਉਹਨਾਂ ਦੇ ਬੈਨਰ ਅਲਗ ਅਲਗ ਹੁੰਦੇ…ਪਰ ਨਿਸ਼ਾਨਾ ਇਕੋ.. ਉਨ੍ਹਾਂ ਲੜਾਈ ਮਘਾ ਕੇ ਰੱਖੀ.. ਚਾਹੇ ਮਜ਼ਦੂਰਾਂ ਦਾ ਜ਼ਮੀਨ ਪ੍ਰਾਪਤੀ ਦਾ ਘੋਲ਼ ਹੋਵੇ.. ਚਾਹੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਕਬਜ਼ੇ ਦੀ ਗੱਲ ਹੋਵੇ..ਕਿਸੇ ਵੱਡੀ ਕੰਪਨੀ ਖ਼ਿਲਾਫ਼ ਲੜਾਈ ਹੋਵੇ… ਉਹ ਡਟੇ ਰਹੇ… ਖੜ੍ਹੇ ਰਹੇ… ਗੋਲੀਆਂ ਵੀ ਖਾਂਦੇ ਰਹੇ.. ਡਾਂਗਾਂ ਵੀ ਝੱਲਦੇ ਰਹੇ ਪਰ ਅੜੇ ਰਹੇ!
ਕਾਰਪੋਰੇਟ ਦਾ ਹੱਲਾ ਤੇਜ਼ ਹੋਇਆ… ਨਵੇਂ ਕਨੂੰਨ ਆਏ.. ਉਨ੍ਹਾਂ ਝੱਟ ਬੁੱਝਿਆ.. ਲੋਕਾਂ ਕੋਲ ਗਏ.. ਲੋਕਾਂ ਨੂੰ ਸਮਝਾਇਆ… ਲਾਮਬੰਦ ਕੀਤਾ.. ਲੋਕ ਉੱਠੇ… ਪੰਜਾਬ ਸੀਖ ਭਾਰ ਹੋ ਗਿਆ..ਸੜਕਾਂ ‘ਤੇ ਆ ਗਿਆ.. ਟੌਲ ਪਲਾਜ਼ਿਆਂ ਉਤੇ ਖੜ੍ਹ ਗਿਆ..ਰੇਲਵੇ ਲਾੲੀਨਾਂ ‘ਤੇ ਦਰੀਆਂ ਵਿਛਾ ਕੇ ਬਹਿ ਗਿਆ..ਵੱਡੇ ਵੱਡੇ ਮਾਲ ਬੰਦ ਕਰਾ ਦਿੱਤੇ.. ਪੈਟਰੋਲ ਪੰਪਾਂ ਨੂੰ ਤਾਲਾ ਮਰਵਾ ਦਿੱਤਾ.. ਪੰਜਾਬ ਭਖਣ ਲਗਾ..ਦਿੱਲੀ ਨੂੰ ਚਾਲੇ ਪਾਏ.. ਪਿੰਡਾਂ ਵਿਚ ਚਾਅ ਦੇਖਣ ਵਾਲਾ ਸੀ.. ਕਿਵੇਂ ਟਰਾਲੀਆਂ ਸਜਾਈਆਂ ਜਾ ਰਹੀਆਂ ਸਨ.. ਕਿਵੇਂ ਦਾਣਾ ਫੱਕਾ ਕੱਠਾ ਕੀਤਾ ਜਾ ਰਿਹਾ ਸੀ… ਲੰਬੀਆਂ ਤਿਆਰੀਆਂ ਵਿੱਢੀਆਂ ਜਾ ਰਹੀਆਂ ਸਨ..ਕੋਈ ਪਿੰਡ ਅਰਦਾਸ ਕਰਕੇ ਤੁਰਿਆ.. ਕੋਈ ਨਾਅਰੇ ਮਾਰਦਾ ਤੁਰਿਆ… ਜੋਸ਼ ਅਸਮਾਨ ਛੂੰਹਦਾ ਸੀ..ਰਾਹ ‘ਚ ਔਕੜਾਂ ਆਈਆਂ.. ਸਭ ਪਾਰ ਕੀਤੀਆਂ.. ਦਿੱਲੀ ਜਾ ਡੇਰੇ ਲਾਏ..ਹਾਕਮ ਲਲਚਾਉਣ ਲੱਗਾ… ਭਰਮਾਉਣ ਲੱਗਾ.. ਕੁੱਝ ਚੇਤੰਨ ਸਨ..ਕੁੱਝ ਚੇਤੰਨ ਹੋ ਰਹੇ ਸਨ…ਡਿਗਦੇ ਢਹਿੰਦੇ..ਵਿਚਾਰਾਂ ਦੇ ਟਕਰਾਉ ਨੂੰ ਸਹਿੰਦਿਆਂ ਉਹ ਇਕਮੁੱਠ ਹੋ ਗਏ.. ਸੰਘਰਸ਼ ਦਾ ਰਾਹ ਪੱਧਰ ਕਰ ਲਿਆ..ਤਰੀਕਾ ਲੱਭ ਲਿਆ ਗਿਆ.. ਹਾਕਮ ਥਕਾਉਣਾ ਚਾਹੇਗਾ, ਡਰਾਉਣਾ ਚਾਹੇਗਾ, ਧਮਕਾਉਣਾ ਚਾਹੇਗਾ.. ਅਸੀਂ ਉਸ ਨੂੰ ਥਕਾਉਣਾ ਹੈ.. ਉਸਦੇ ਮਨ ਵਿੱਚ ਲੋਕ ਏਕਤਾ ਦਾ ਡਰ ਪੈਦਾ ਕਰਨਾ ਹੈ..ਉਸ ਦੀ ਹਰ ਚਾਲ ਨੂੰ ਸਮਝਣਾ ਹੈ ਤੇ ਉਸ ਦੀ ਕਾਟ ਤਿਆਰ ਕਰਨੀ ਹੈ…ਪੰਜਾਬ ਨਾਲ ਹਰਿਆਣਾ ਜੁਡ਼ਿਆ.. ਉਤਰਾਂਚਲ ਆ ਗਿਆ.. ਯੂਪੀ ਬਿਹਾਰ ਦੇ ਲੋਕ ਆ ਗਏ.. ਮਹਾਰਾਸ਼ਟਰ , ਕੇਰਲਾ, ਤਾਮਿਲਨਾਡੂ ਤੋਂ ਆਏ.. ਥਾਂ ਥਾਂ ਤੋਂ ਆਏ.. ਇਕੱਠ ਫੈਲਦਾ ਗਿਆ!
ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ.. ਕਿਸਾਨ ਆਗੂ ਪਰਤ ਦਰ ਪਰਤ ਸਾਜ਼ਿਸ਼ਾਂ ਬੇਪਰਦ ਕਰਦੇ ਗਏ..ਤਿੰਨ ਕਾਨੂੰਨਾਂ ਦੀ ਇਕ ਇਕ ਸਤਰ.. ਇਕ ਇਕ ਅੱਖਰ ਨੂੰ ਉਨ੍ਹਾਂ ਨੰਗਿਆਂ ਕੀਤਾ.. ਹਾਕਮ ਸਮਝ ਗਿਆ ਸੀ ਕਿ ਇਹ ਸਭ ਜਾਣਦੇ ਹਨ..ਇਹ ਉਹ ਨਹੀਂ ਹਨ ਜੋ ਹਾਕਮ ਨੇ ਸਮਝਿਆ ਸੀ ਕਿ ਸਿਰਫ਼ ਖੇਤਾਂ ਵਿੱਚ ਮਿੱਟੀ ਨਾਲ ਮਿੱਟੀ ਹੋ ਸਕਦੇ ਹਨ… ਪਰ ਪਾਖੰਡ ਕਰਦਾ ਰਿਹਾ..ਆਮ ਲੋਕਾਂ ਵਿੱਚ ਇਹ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ ਕਿ ਕਿਸਾਨ ਆਗੂਆਂ ਨੂੰ ਖੇਤੀ ਕਾਨੂੰਨਾਂ ਬਾਰੇ ਸਮਝ ਨਹੀਂ ..ਪਰ ਆਗੂ ਦ੍ਰਿੜ੍ਹ ਸਨ.. ਜਾਣਦੇ ਸਨ ਕਿ ਉਹ ਸੱਚ ਦਾ ਪੱਲਾ ਫੜੀ ਬੈਠੇ ਹਨ.. ਉਨ੍ਹਾਂ ਨੂੰ ਪਤਾ ਸੀ ਕਿ ਲੋਕ ਸਾਡੇ ਪਿੱਛੇ ਖੜ੍ਹੇ ਹਨ.. ਠਾਠਾਂ ਮਾਰਦਾ ਇਕੱਠ ਨਾਲ ਹੈ..ਮੋਰਚਾ ਕਾਇਮ ਹੋ ਗਿਆ.. ਹਾਕਮ ਦੀਆਂ ਅੱਖਾਂ ‘ਚ ਰੜਕਣ ਲੱਗ ਪਿਆ.. ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ‘ਤੇ ਇਸ ਦੀ ਖ਼ਬਰ ਪਹੁੰਚ ਗਈ.. ਦੁਨੀਆਂ ਦੇ ਕੋਨੇ ਕੋਨੇ ‘ਤੇ ਇਸ ਦਾ ਨੋਟਿਸ ਲਿਆ ਜਾਣ ਲੱਗ ਪਿਆ ..
ਫਿਰ ਸਾਜ਼ਿਸ਼ਾਂ ਦਾ ਦੌਰ ਆਰੰਭ ਹੋਇਆ.. ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ… ਆਪਸ ਵਿਚ ਟਕਰਾਉਣ ਦੀ ਕੋਸ਼ਿਸ਼ ਕੀਤੀ ਗਈ.. ਤੇ ਟਕਰਾਅ ਪੈਦਾ ਕਰਨ ਵਾਲੇ ਬਕਾਇਦਾ ਸ਼ਿੰਗਾਰੇ ਗਏ..ਕੁਝ ਹਾਕਮਾਂ ਵੱਲੋਂ… ਤੇ ਕੁਝ ਉਨ੍ਹਾਂ ਵੱਲੋਂ ਜੋ ਇਸ ਮੋਰਚੇ ਦੇ ਬਹਾਨੇ ਆਪਣੀ ਪਹਿਚਾਣ ਕਾਇਮ ਕਰਨਾ ਚਾਹੁੰਦੇ ਸਨ..ਲੋਕ ਜਜ਼ਬਾਤੀ ਹੁੰਦੇ ਹਨ.. ਕਈ ਵਾਰ ਹਾਲਾਤ ਦਾ ਅੰਦਰਲਾ ਸੱਚ ਨਹੀਂ ਜਾਣਦੇ ਹੁੰਦੇ.. ਕੁਝ ਲੋਕ ਭਟਕੇ.. ਭਾਵੁਕ ਹੋਏ..ਲੜਾਈ ਦਾ ਵਹਿਣ ਕਿਸੇ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕੀਤੀ ਗਈ.. ਪਰ ਉਹ ਸਿਆਣੇ ਸਨ.. ਉਨ੍ਹਾਂ ਸਹਿਜੇ ਸਹਿਜੇ ਮੋਰਚੇ ਦੇ ਵਹਿਣ ਨੂੰ ਵਾਪਸ ਸਹੀ ਦਿਸ਼ਾ ਵੱਲ ਮੋੜ ਲਿਆ.. ਫਿਰ ਅਨੇਕਾਂ ਪੜਾਅ ਆਏ..ਜੋ ਲੰਮੇ ਸੰਘਰਸ਼ ਦੀ ਤਾਸੀਰ ਤੇ ਮਕਸਦ ਸਮਝਦੇ ਸਨ, ਉਹ ਵਿਸ਼ਵਾਸ ਨਾਲ ਭਰੇ ਹੋਏ ਸਨ..ਜੋ ਪਲਾਂ ਵਿੱਚ ਆਰ ਪਾਰ ਕਰ ਦੇਣਾ ਚਾਹੁੰਦੇ ਸਨ.. ਉਹ ਤੜਫ਼ ਉੱਠੇ..ਤਮੀਜ਼ ਵੀ ਭੁੱਲ ਗਏ.. ਗਾਲ੍ਹਾਂ ‘ਤੇ ਉਤਰ ਆਏ.. ਬਜ਼ੁਰਗਾਂ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਗਈਆਂ.. ਉਨ੍ਹਾਂ ਦੀਆਂ ਲੱਤਾਂ ਦਾ ਜ਼ੋਰ ਪਰਖਿਆ ਗਿਆ.. ਕਿਹਾ ਗਿਆ ਕਿ, “ਮੋਰਚਾ ਵਿਕ ਚੁੱਕਾ ਹੈ..ਹੁਣ ਇਸ ਮੋਰਚੇ ਵਿੱਚੋਂ ਕੁਝ ਨ੍ਹੀਂ ਲੱਭਣਾ.. ਇਹ ਹਾਰ ਕੇ ਵਾਪਸ ਮੁੜਨਗੇ.. ਇਨ੍ਹਾਂ ਨੂੰ ਛਿੱਤਰ ਪੈਣਗੇ..!” ਬਹੁਤ ਕੁਝ ਬੋਲਿਆ ਗਿਆ ..ਪਰ ਜੋ ਸਿਰੜੀ ਸਨ.. ਸਿਦਕ ਦੇ ਪੱਕੇ ਸਨ.. ਉਨ੍ਹਾਂ ਨੇ ਆਪਣੀ ਸਾਰੀ ਤਾਕਤ ਹਾਕਮ ਦੇ ਖ਼ਿਲਾਫ਼ ਲੜਨ ਲਈ ਬਚਾਈ ਹੋਈ ਸੀ.. ਉਹ ‘ਆਪਣਿਆਂ’ਨਾਲ ਸਿਰਫ਼ ਕਦੀ ਕਦੀ ਖਹਿਬੜਦੇ.. ਵਰਨਾ ਚੁੱਪ ਰਹਿੰਦੇ..
ਅੱਜ ਸੱਚ ਸਭ ਦੇ ਸਾਹਮਣੇ ਹੈ.. ਸਿਦਕ ਸਿਰੜ ਤੇ ਸਬਰ ਨਾਲ ਲੜਿਆ ਮੋਰਚਾ ਜਿੱਤ ਪ੍ਰਾਪਤ ਕਰ ਰਿਹਾ ਹੈ..ਅਜੇ ਇਸ ਨੇ ਹੋਰ ਜਿੱਤਾਂ ਪ੍ਰਾਪਤ ਕਰਨੀਆਂ ਹਨ.. ਇਹ ਮੋਰਚਾ ਇੱਕ ਸ਼ੁਰੂਆਤ ਹੈ.. ਇਹ ਸਮਝਣ ਲਈ ਕਿ ਲੜਿਆ ਕਿਵੇਂ ਜਾਣਾ ਹੈ.. ਤੇ ਇਹ ਵਿਸ਼ਵਾਸ ਪੈਦਾ ਕਰਨ ਲਈ ਕਿ ਮਿਹਨਤਕਸ਼ ਖੜ੍ਹੇ ਹੋ ਜਾਣ ਤਾਂ ਉਨ੍ਹਾਂ ਕੋਲ ਜਿੱਤਣ ਲਈ ਪੂਰਾ ਸੰਸਾਰ ਹੈ..ਇਹ ਮੋਰਚਾ ਲੜਾਈ ਦਾ ਅੰਤ ਨਹੀਂ ਹੈ.. ਲੜਾਈ ਦੀ ਜਾਚ ਸਿਖਾਉਣ ਵਾਸਤੇ ਇਕ ਪ੍ਰਤੀਕ ਤੇ ਉਦਾਹਰਣ ਬਣ ਕੇ ਖੜ੍ਹਾ ਹੈ..ਜਿਸ ਦਿਨ ਕਿਰਤ ਦਾ ਹੋਕਾ ਦੇਣ ਵਾਲੇ ਬਾਬਾ ਨਾਨਕ ਦੇ ਗੁਰਪੁਰਬ ‘ਤੇ ਪਹਿਲਾ ਐਲਾਨ ਹੋਇਆ ਤਾਂ ਦੁਨੀਆਂ ਭਰ ਵਿੱਚ ਬੈਠੇ ਇਸ ਮੋਰਚੇ ਦੇ ਕਦਰਦਾਨਾਂ ਨੇ ਖ਼ੁਸ਼ੀ ਮਨਾਈ..ਹਰ ਇੱਕ ਦੇ ਬੁੱਲ੍ਹਾਂ ‘ਤੇ ਦੁਆ ਸੀ ਕਿ ਕਿਤੇ ਹੁਣੇ ਉਠ ਕੇ ਵਾਪਸ ਨਾ ਮੁੜ ਜਾਣ, ਸਭ ਕੁਝ ਹਾਸਿਲ ਕਰਕੇ ਹੀ ਉੱਠਣ! ਉਨ੍ਹਾਂ ਦੀ ਦੁਆ ਸੱਚੀ ਸੀ.. ਪਰ ਜਿਨ੍ਹਾਂ ਦੇ ਸੁਭਾਅ ਵਿੱਚ ਜਿੱਤ ਦੀ ਖੁਸ਼ਬੋ ਮਾਨਣ ਦਾ ਚੱਜ ਨਹੀਂ ਸੀ, ਉਹ ਫੇਰ ਮੱਚ ਉੱਠੇ.. ਗਾਲ੍ਹਾਂ ਦੀ ਬਰਸਾਤ ਇੱਕ ਵਾਰ ਫਿਰ ਸ਼ੁਰੂ ਕਰ ਦਿੱਤੀ,” ਹੁਣ ਉੱਥੇ ਕਿਉਂ ਬੈਠੇ ਹਨ.. ਖ਼ਰਾਬ ਕਰਨਗੇ ਸਾਰਾ ਕੁਸ਼
.. ਵਾਪਸ ਆ ਜਾਣਾ ਚਾਹੀਦਾ ਹੈ.. ਮੋਦੀ ਨੇ ਗੁਰਪੁਰਬ ‘ਤੇ ਤੁਹਫ਼ਾ ਦਿਤਾ ਹੈ..ਕਬੂਲ ਕਰਨ ਤੇ ਆ ਜਾਣ!”.. ਉਨ੍ਹਾਂ ਦੀ ਸੋਚ ‘ਤੇ ਤਰਸ ਹੀ ਕੀਤਾ ਜਾ ਸਕਦਾ.. ਉਹ ਭੁੱਲ ਹੀ ਗਏ ਕਿ ਹਜ਼ਾਰਾਂ ਦੀ ਤਦਾਦ ਵਿਚ ਮੁਕੱਦਮੇ ਚੱਲ ਰਹੇ ਹਨ..ਕੁਝ ਮੰਗਾਂ ਮਨਵਾਉਣੀਆਂ ਅਜੇ ਬਾਕੀ ਹਨ.. ਇਕ ਸਾਲ ਦੇ ਅਭਿਆਸ ਦਾ ਨਤੀਜਾ ਆਉਣ ਵਾਲਾ ਹੈ.. ਜੇ ਅਖੀਰਲੇ ਪਲਾਂ ਵਿੱਚ ਥਿੜਕ ਗਏ ਤਾਂ ਮੁੜ ਮੋਰਚਾ ਕਿਵੇਂ ਭਖਾਉਣਾ ਹੈ…ਪਰ ਸੱਚ ਕੁਝ ਹੋਰ ਹੈ.. ਉਹ ਅਜੇ ਵੀ ਮਨ ਵਿਚ ਇਹ ਦੁਆ ਪਾਲੀ ਬੈਠੇ ਸਨ ਕਿ ਕਿਵੇਂ ਨਾ ਕਿਵੇਂ ਇਹ ਮੋਰਚਾ ਫੇਲ੍ਹ ਹੋ ਜਾਏ ਤੇ ਅਸੀਂ ਭੰਗੜੇ ਪਾਈਏ..ਪੰਜਾਬੀਆਂ ਦੀ ਇਹ ਬਦਕਿਸਮਤੀ ਹੀ ਸਮਝੋ ਕਿ ਅਸੀਂ ਆਪਣਿਆਂ ਖ਼ਿਲਾਫ਼ ਲੜ ਕੇ ਵੱਧ ਸੁਆਦ ਪ੍ਰਾਪਤ ਕਰਦੇ ਹਾਂ!
ਕਿਰਤੀ ਵਰਗ ਹੁਣ ਚੇਤੰਨ ਹੋ ਰਿਹਾ ਹੈ.. ਕਿਰਤੀ ਵਰਗ ਜਾਣਦਾ ਹੈ ਕਿ ਆਪਣੀਆਂ ਲੜਾਈਆਂ ਕਿਵੇਂ ਲੜਨੀਆਂ ਹਨ.. ਉਹ ਹਰ ਤਰ੍ਹਾਂ ਦੇ ਅਨਸਰ ਨੂੰ ਪਹਿਚਾਨਣ ਦੇ ਦੌਰ ਵਿੱਚ ਪ੍ਰਵੇਸ਼ ਕਰ ਚੁੱਕੇ ਹਨ.. ਪੂਰੀ ਤਰ੍ਹਾਂ ਨਹੀਂ ਸਮਝੇ ਪਰ ਹੌਲੀ ਹੌਲੀ ਸਮਝ ਜਾਣਗੇ ..ਜਿਨ੍ਹਾਂ ਦਾ ਮਕਸਦ ਸਿਰਫ਼ ਚੋਣਾਂ ਲੜਨਾ ਸੀ, ਉਹ ਨੰਗੇ ਹੋਣੇ ਸ਼ੁਰੂ ਹੋ ਗਏ ਹਨ.. ਅਜੇ ਹੋਰ ਬਹੁਤ ਸਾਰੇ ਨੰਗੇ ਹੋਣਗੇ..ਇਹ ਮੋਰਚਾ ਕੋਈ ਛੋਟਾ ਮੋਟਾ ਮੋਰਚਾ ਨਾ ਸੀ, ਨਾ ਹੈ! ਇਹ ਵਿਸ਼ਾਲ ਮੋਰਚਾ ਹੈ.. ਇਤਿਹਾਸਕ ਮੋਰਚਾ.. ਇਸਦੇ ਜਿਤ ਵੱਲ ਵਧਦੇ ਕਦਮਾਂ ਦੀ ਖ਼ੁਸ਼ਬੋ ਜੇ ਮਾਣ ਸਕਦੇ ਹੋ ਤਾਂ ਜ਼ਰੂਰ ਮਾਣੋ.. ਨਹੀਂ ਤਾਂ ਗੰਦੀ ਹਵਾੜ ਛੱਡਣੀ ਬੰਦ ਕਰ ਦਿਓ..ਸਮਾਂ ਸਭ ਦੇਖ ਰਿਹਾ ਹੈ.. ਸਭ ਪਰਖ ਰਿਹਾ ਹੈ ! ਉਨ੍ਹਾਂ ਮਾਤਾਵਾਂ ਬਜ਼ੁਰਗਾਂ ਦੇ ਨਾਮ ਇਤਿਹਾਸ ਵਿਚ ਲਿਖੇ ਜਾ ਚੁੱਕੇ ਹਨ ਜਿਨ੍ਹਾਂ ਨੇ ਠੰਢ ਗਰਮੀ ਬਰਸਾਤ ਨੂੰ ਝੱਲਦਿਆਂ ਹੋਇਆਂ ਇਸ ਮੋਰਚੇ ਵਿੱਚ ਹਾਜ਼ਰੀ ਲਵਾਈ..ਉਨ੍ਹਾਂ ਗੱਭਰੂਆਂ ਤੇ ਮੁਟਿਆਰਾਂ ਦਾ ਜੋਸ਼ ਸਾਡੇ ਚੇਤਿਆਂ ਵਿੱਚ ਰਹੇਗਾ ਜਿਨ੍ਹਾਂ ਨੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨਿਭਾਈ.. ਉਹ ਧੀਆਂ ਭੈਣਾਂ ਸਾਡਾ ਮਾਣ ਹਨ ਜਿਨ੍ਹਾਂ ਨੇ ਨਾਰੀ ਸ਼ਕਤੀ ਦਾ ਨਵਾਂ ਸਫਾ ਖੋਲ੍ਹਿਆ ਹੈ..ਇਸ ਮੋਰਚੇ ਦਾ ਇਕ ਇਕ ਪਲ ਮਾਣਨ ਵਾਲਾ ਹੈ.. ਮਾਣ ਰਹੇ ਹਾਂ.. ਤੇ ਮਾਣਦੇ ਰਹਾਂਗੇ.. ਇਕ ਇਕ ਸਬਕ ਸਿੱਖਣ ਵਾਲਾ ਹੈ.. ਸਿੱਖ ਰਹੇ ਹਾਂ.. ਸਿੱਖਦੇ ਰਹਾਂਗੇ!.. ਇਸ ਮੋਰਚੇ ਨੇ ਮਿਲ ਕੇ ਲੜਨ ਦੇ ਰਾਹ ਤੋਰਿਆ ਹੈ.. ਲੜ ਰਹੇ ਹਾਂ.. ਲੜਦੇ ਰਹਾਂਗੇ! ਇਸ ਮੋਰਚੇ ਨੇ ਜ਼ਿੰਦਗੀ ਜਿਊਣ ਦਾ ਚੱਜ ਸਿਖਾਇਆ ਹੈ.. ਜੀ ਰਹੇ ਹਾਂ.. ਜਿਉਂਦੇ ਰਹਾਂਗੇ!
ਜ਼ਿੰਦਗੀ ਦਾ ਆਸ਼ਿਕ,ਖੁਸ਼ਬੋਆਂ ਦਾ ਪਹਿਰੇਦਾਰ
ਰੰਗਕਰਮੀ ਸਾਹਿਬ ਸਿੰਘ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly