HOME ਇੰਗਲੈਂਡ ਕਬੱਡੀ ਜਗਤ ਨੂੰ ਵੱਡਾ ਘਾਟਾ, ਪਿਆਰਾ ਸਿੰਘ ਰੰਧਾਵਾ ਦਾ ਦਿਹਾਤ

ਇੰਗਲੈਂਡ ਕਬੱਡੀ ਜਗਤ ਨੂੰ ਵੱਡਾ ਘਾਟਾ, ਪਿਆਰਾ ਸਿੰਘ ਰੰਧਾਵਾ ਦਾ ਦਿਹਾਤ

3
ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਸਹਿਰ ਲੈਸਟਰ ਦੇ ਵਸਨੀਕ ਅਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸੀਨੀਅਰ ਆਗੂ, ਮਾਂ ਖੇਡ ਕਬੱਡੀ ਦੇ ਪ੍ਰਮੁੱਖ ਪ੍ਰਮੋਟਰ ਅਤੇ ਲੈਸਟਰ ਕਬੱਡੀ ਕਲੱਬ ਦੇ ਸਾਬਕਾ ਪ੍ਰਧਾਨ ਪਿਆਰਾ ਸਿੰਘ ਰੰਧਾਵਾ ਦੇ ਦੇਹਾਂਤ ਦੀ ਦੁਖਦਾਈ ਖ਼ਬਰ ਨਾਲ ਇੰਗਲੈਂਡ ਦੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਉਹ ਕੁਝ ਸਮੇ ਤੋ ਅਚਾਨਕ ਬਿਮਾਰ ਹੋਣ ਕਾਰਨ ਲੈਸਸਟਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਸਨ, ਪ੍ਰੰਤੂ ਬੀਤੀ ਦੇਰ ਰਾਤ 9:30 ਵਜੇ ਉਨ੍ਹਾਂ ਦਾ ਦੇਹਾਤਹੋ ਗਿਆ!ਬਹੁਤ ਹੀ ਮਿਲਾਪੜੇ ਸੁਭਾਅ ਦੇ ਮਾਲਕ ਪਿਆਰਾ ਸਿੰਘ ਰੰਧਾਵਾ ਦੇ ਇਸ ਦੁਨੀਆ ਤੋ ਚਲੇ ਜਾਣ ਨਾਲ ਨਾ ਸਿਰਫ਼ ਕਬੱਡੀ ਖੇਡ ਨਾਲ ਜੁੜੇ ਖਿਡਾਰੀਆਂ ਅਤੇ ਪ੍ਰੇਮੀਆਂ ਨੂੰ ਗਹਿਰਾ ਦੁੱਖ ਪੁੱਜਿਆ ਹੈ, ਸਗੋਂ ਖੇਡ ਪ੍ਰਬੰਧਨ ਨਾਲ ਜੁੜੇ ਵਰਗਾਂ ਵਿੱਚ ਵੀ ਇਕ ਵੱਡੀ ਥਾਂ ਖਾਲੀ ਹੋ ਗਈ ਹੈ। ਪਿਆਰਾ ਸਿੰਘ ਰੰਧਾਵਾ ਜਿੱਥੇ ਮਾਂ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਸਨ, ਉੱਥੇ ਆਪਣੇ ਸਮੇਂ ਦੇ ਪ੍ਰਸਿੱਧ ਕਬੱਡੀ ਖਿਡਾਰੀ ਵੀ ਰਹੇ ਹਨ। ਉਹ ਲੰਮੇ ਸਮੇਂ ਤੋਂ ਇੰਗਲੈਂਡ ਕਬੱਡੀ ਫੈਡਰੇਸ਼ਨ ਨਾਲ ਜੁੜੇ ਰਹੇ ਅਤੇ ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਖੇਡ ਦੀ ਤਰੱਕੀ ਲਈ ਅਹਿਮ ਭੂਮਿਕਾ ਨਿਭਾਉਂਦੇ ਰਹੇ। ਉਨ੍ਹਾਂ ਦੀ ਖੇਡ ਪ੍ਰਤੀ ਨਿਭਾਅ, ਤਜਰਬੇ ਅਤੇ ਸੰਗਠਨਕ ਯੋਗਦਾਨ ਨੂੰ ਕਬੱਡੀ ਜਗਤ ਵੱਲੋਂ ਹਮੇਸ਼ਾ ਸਨਮਾਨ ਮਿਲਦਾ ਰਿਹਾ। ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਵਜੋਂ ਵੀ ਪਿਆਰਾ ਸਿੰਘ ਰੰਧਾਵਾ ਨੇ ਅਹਿਮ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਕਲੱਬ ਨੂੰ ਮਜ਼ਬੂਤ ਬਣਾਉਣ, ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬੀ ਵਿਰਾਸਤੀ ਖੇਡ ਕਬੱਡੀ ਨੂੰ ਵਿਦੇਸ਼ੀ ਧਰਤੀ ‘ਤੇ ਜਿਉਂਦਾ ਰੱਖਣ ਲਈ ਮਹੱਤਵਪੂਰਨ ਯੋਗਦਾਨ ਪਾਇਆ। ਇਸ ਤੋਂ ਇਲਾਵਾ ਉਹ ਕੁਝ ਸਮੇਂ ਲਈ ਸ੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਦੇ ਪ੍ਰਧਾਨ ਵੀ ਰਹੇ, ਜਿੱਥੇ ਉਨ੍ਹਾਂ ਨੇ ਖੇਡ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਾਦਗਾਰ ਭੂਮਿਕਾ ਨਿਭਾਈ। ਜਾਣਕਾਰੀ ਅਨੁਸਾਰ ਪਿਆਰਾ ਸਿੰਘ ਰੰਧਾਵਾ ਪਿਛਲੇ ਕੁਝ ਮਹੀਨਿਆਂ ਤੋਂ ਅਚਾਨਕ ਬਿਮਾਰ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਸਨ। ਇਲਾਜ ਦੌਰਾਨ ਬੀਤੀ ਰਾਤ ਲਗਭਗ 9:30 ਵਜੇ ਉਨ੍ਹਾਂ ਨੇ ਹਸਪਤਾਲ ਵਿੱਚ ਆਖਰੀ ਸਾਹ ਲਏ। ਉਨ੍ਹਾਂ ਦੇ ਦੇਹਾਂਤ ਨਾਲ ਇੰਗਲੈਂਡ ਦੀ ਕਬੱਡੀ ਸੱਭਿਆਚਾਰ ਨੂੰ ਅਜਿਹਾ ਘਾਟਾ ਪਿਆ ਹੈ ਜੋ ਲੰਮੇ ਸਮੇਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਉਨ੍ਹਾਂ ਦੀ ਇਸ ਬੇਵਕਤ ਮੌਤ ‘ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਵੱਖ-ਵੱਖ ਆਗੂਆਂ ਅਤੇ ਕਬੱਡੀ ਪ੍ਰੇਮੀਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਸੰਘਾ, ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੀਰ ਸਿੰਘ ਖੱਖ, ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ, ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਇੰਡੀਅਨ ਓਵਰਸੀਜ ਕਾਗਰਸ ਦੇ ਆਗੂ ਦਲਜੀਤ ਸਿੰਘ ਸਹੋਤਾ,ਤੀਰ ਗਰੁੱਪ ਦੇ ਚੇਅਰਮੈਨ ਬਰਿੰਦਰ ਸਿੰਘ ਬਿੱਟੂ, ਮੰਗਤ ਸਿੰਘ ਪਲਾਹੀ, ਸੀਤਲ ਸਿੰਘ ਗਿੱਲ, ਜੱਸ ਘੁਮਾਣ, ਮਿੰਟੂ ਘੁਮਾਣ, ਅੰਮ੍ਰਿਤਪਾਲ ਸਿੰਘ ਘੁਮਾਣ ਸਮੇਤ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਖੇਡ ਪ੍ਰੇਮੀਆਂ ਨੇ ਉਨ੍ਹਾਂ ਦੇ ਦੇਹਾਂਤ ‘ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਿਆਰਾ ਸਿੰਘ ਰੰਧਾਵਾ ਪੰਜਾਬੀਆਂ ਦੀ ਮਾ ਖੇਡ ਕਬੱਡੀ ਦੇ ਸੱਚੇ ਸੇਵਕ ਸਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਹਮੇਸ਼ਾ ਯਾਦ ਰਹਿਣਗੀਆਂ। ਉਨ੍ਹਾਂ ਦੇ ਦੋਸਤਾਂ, ਸਾਥੀਆਂ ਅਤੇ ਖਿਡਾਰੀਆਂ ਨੇ ਕਿਹਾ ਕਿ ਪਿਆਰਾ ਸਿੰਘ ਰੰਧਾਵਾ ਨਿਮਰ ਸੁਭਾਅ, ਮਿਲਣਸਾਰ ਸ਼ਖ਼ਸੀਅਤ ਅਤੇ ਖੇਡ ਲਈ ਸਮਰਪਿਤ ਇਨਸਾਨ ਸਨ। ਉਨ੍ਹਾਂ ਨੇ ਹਮੇਸ਼ਾ ਮਾਂ ਖੇਡ ਕਬੱਡੀ ਦੀ ਉੱਚਾਈ ਅਤੇ ਮਾਣ-ਮਰਯਾਦਾ ਨੂੰ ਕਾਇਮ ਰੱਖਣ ਲਈ ਆਪਣਾ ਯੋਗਦਾਨ ਦਿੱਤਾ। ਉਨ੍ਹਾਂ ਦੇ ਚਲੇ ਜਾਣ ਨਾਲ ਇੰਗਲੈਂਡ ਦੇ ਕਬੱਡੀ ਪਰਿਵਾਰ ਨੂੰ ਅਪੂਰਣਯੋਗ ਘਾਟਾ ਪਿਆ ਹੈ ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 11/03/2026
Next article*ਭਗਵੰਤ ਮਾਨ ਸਰਕਾਰ ਵੱਲੋਂ ਆਖਰੀ ਬਜਟ ਵਿੱਚ ਵੀ ਨਜ਼ਰਅੰਦਾਜ਼ ਕੀਤੇ ਜਾਣ ‘ਤੇ ਪੱਤਰਕਾਰ ਭਾਈਚਾਰੇ ‘ਚ ਭਾਰੀ ਰੋਸ*